ਮਾਮਲਾ ਜ਼ਮੀਨੀ ਵਿਵਾਦ ਕਾਰਣ ਚੱਲੀਆਂ ਗੋਲੀਆਂ ਦਾ,ਜੋਗਿੰਦਰ ਸਿੰਘ ਨੇ ਵੀ ਤੋੜਿਆ ਦਮ

01/01/2020 11:19:54 AM

ਮੋਗਾ (ਆਜ਼ਾਦ): ਪਿੰਡ ਰਾਜੇਆਣਾ 'ਚ ਬੀਤੀ 27 ਦਸੰਬਰ ਦੀ ਸ਼ਾਮ ਨੂੰ ਜ਼ਮੀਨੀ ਵਿਵਾਦ ਕਾਰਣ ਚੱਲੀਆਂ ਅੰਨ੍ਹੇਵਾਹ ਗੋਲੀਆਂ 'ਚ ਜ਼ਖਮੀ ਹੋਏ ਐਡਵੋਕੇਟ ਜੋਗਿੰਦਰ ਸਿੰਘ (51) ਨੇ ਵੀ ਡੀ. ਐੱਮ. ਸੀ. ਲੁਧਿਆਣਾ 'ਚ ਦਮ ਤੋੜ ਦਿੱਤਾ, ਜਦਕਿ ਗੋਲੀਆਂ ਲੱਗਣ ਨਾਲ ਜ਼ਖਮੀ ਹੋਏ ਜੋਗਿੰਦਰ ਸਿੰਘ ਦੇ ਭਰਾ ਬਲਵਿੰਦਰ ਸਿੰਘ ਦੀ ਸਿਵਲ ਹਸਪਤਾਲ ਜਗਰਾਓਂ 'ਚ ਮੌਤ ਹੋ ਗਈ ਸੀ। ਜ਼ਮੀਨੀ ਵਿਵਾਦ ਕਾਰਣ ਚੱਲੀਆਂ ਅੰਨ੍ਹੇਵਾਹ ਗੋਲੀਆਂ 'ਚ ਬਲਵਿੰਦਰ ਸਿੰਘ, ਉਸ ਦਾ ਭਰਾ ਐਡਵੋਕੇਟ ਜੋਗਿੰਦਰ ਸਿੰਘ, ਬਲਵਿੰਦਰ ਸਿੰਘ ਦਾ ਬੇਟਾ ਵਿਕਰਮ ਸਿੰਘ ਅਤੇ ਗੁਰਵਿੰਦਰ ਸਿੰਘ ਜ਼ਖਮੀ ਹੋ ਗਏ ਸਨ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ ਸੀ ਪਰ ਡਾਕਟਰਾਂ ਨੇ ਉਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਡੀ. ਐੱਮ. ਸੀ. ਲੁਧਿਆਣਾ ਰੈਫਰ ਕੀਤਾ ਸੀ। ਉਕਤ ਚੱਲੀਆਂ ਗੋਲੀਆਂ 'ਚ ਬਲਵਿੰਦਰ ਸਿੰਘ ਅਤੇ ਐਡਵੋਕੇਟ ਜੋਗਿੰਦਰ ਸਿੰਘ ਦੀ ਮੌਤ ਹੋ ਚੁੱਕੀ ਹੈ।

ਕੀ ਹੋਈ ਸੀ ਪੁਲਸ ਕਾਰਵਾਈ
ਬਾਘਾਪੁਰਾਣਾ ਪੁਲਸ ਵੱਲੋਂ ਐਡਵੋਕੇਟ ਜੋਗਿੰਦਰ ਸਿੰਘ ਪੁੱਤਰ ਦਲੀਪ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਗੁਰਭੇਜ ਸਿੰਘ, ਉੁਸ ਦੀ ਪਤਨੀ ਦਲਜੀਤ ਕੌਰ, ਦੋਨੋਂ ਬੇਟਿਆਂ ਅਮਨਦੀਪ ਸਿੰਘ ਅਤੇ ਪਵਨਦੀਪ ਸਿੰਘ ਦੇ ਇਲਾਵਾ 15-20 ਅਣਪਛਾਤੇ ਹਥਿਆਰਬੰਦ ਵਿਅਕਤੀਆਂ ਖਿਲਾਫ 28 ਦਸੰਬਰ ਨੂੰ ਥਾਣਾ ਬਾਘਾਪੁਰਾਣਾ 'ਚ ਮਾਮਲਾ ਦਰਜ ਕੀਤਾ ਗਿਆ ਸੀ। ਥਾਣਾ ਬਾਘਾਪੁਰਾਣਾ ਦੇ ਮੁੱਖ ਅਫਸਰ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਗੋਲੀਆਂ ਲੱਗਣ ਨਾਲ ਬਲਵਿੰਦਰ ਸਿੰਘ ਦੀ 27 ਦਸੰਬਰ ਨੂੰ ਮੌਤ ਹੋ ਗਈ ਸੀ, ਜਦਕਿ ਡੀ. ਐੱਮ. ਸੀ. ਲੁਧਿਆਣਾ 'ਚ ਦਾਖਲ ਐਡਵੋਕੇਟ ਜੋਗਿੰਦਰ ਸਿੰਘ ਨੇ ਵੀ ਦਮ ਤੋੜ ਦਿੱਤਾ। ਉਨ੍ਹਾਂ ਕਿਹਾ ਕਿ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਰੱਖਿਆ ਗਿਆ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਵਾਰਿਸਾਂ ਦੇ ਹਵਾਲੇ ਕੀਤਾ ਜਾਵੇਗਾ। ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।


Shyna

Content Editor

Related News