ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਜੋਨਲ ਆਗੂ ਨੇ ਪੁਲਸ ਅਤੇ ਪ੍ਰਸਾਸ਼ਨ ਦੀ ਕਾਰਵਾਈ ਦੀ ਕੀਤੀ ਨਿਖੇਧੀ

07/30/2020 3:01:12 PM

ਭਵਾਨੀਗੜ੍ਹ (ਕਾਂਸਲ) - ਬੀਤੇ ਦਿਨ ਪਿੰਡ ਘਰਾਚੋਂ ਵਿਖੇ ਪਿੰਡ ਦੇ ਦਲਿਤ ਭਾਈਚਾਰੇ ਲਈ ਰਾਖਵੀਂ ਜ਼ਮੀਨ ਦੀ ਬੋਲੀ ਦੇ ਵਿਵਾਦ ਨੂੰ ਲੈ ਕੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਦਾ ਘਿਰਾਓ ਕਰਨ ਲਈ ਅਨਾਜ਼ ਮੰਡੀ ਵਿਖੇ ਦਲਿਤ ਭਾਈਚਾਰੇ ਦੇ ਇਕੱਠੇ ਹੋਏ ਲੋਕਾਂ 'ਤੇ ਪਰਚਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ।  ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਇਕੱਠੇ ਹੋਏ ਦਲਿਤ ਭਾਈਚਾਰੇ ਦੇ ਇਹਨਾਂ ਲੋਕਾਂ ਨੂੰ ਹਿਰਾਸਤ ’ਚ ਲੈ ਲਿਆ ਗਿਆ। ਹਿਰਾਸਤ 'ਚ ਲਏ ਗਏ ਲੋਕਾਂ 'ਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੋਦ, ਪਿੰਡ ਇਕਾਈ ਦੇ ਪ੍ਰਧਾਨ ਗੁਰਚਰਨ ਸਿੰਘ ਅਤੇ ਵਿੱਤ ਸਕੱਤਰ ਬਿੱਕਰ ਸਿੰਘ ਸਮੇਤ ਨਾ ਮਾਲੂਮ ਵਿਅਕਤੀ ਅਤੇ ਜਨਾਨੀਆਂ ਵਿਰੁੱਧ ਸਥਾਨਕ ਪੁਲਸ ਵੱਲੋਂ ਇਕੱਠ ਨੂੰ ਗ਼ੈਰਕਾਨੂੰਨੀ ਕਰਾਰ ਦਿੰਦਿਆਂ ਮਾਨਯੋਗ ਵਧੀਕ ਜ਼ਿਲ੍ਹਾ ਮੈਜਿਸਟਰੇਟ ਸੰਗਰੂਰ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ।   

ਪੁਲਸ ਨੇ ਦੱਸਿਆ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੋਦ ਦੀ ਸ਼ਹਿ 'ਤੇ ਪਿੰਡ ਇਕਾਈ ਦੇ ਪ੍ਰਧਾਨ ਗੁਰਚਰਨ ਸਿੰਘ ਅਤੇ ਬਿੱਕਰ ਸਿੰਘ ਵੱਲੋਂ ਅਨਾਜ ਮੰਡੀ ’ਚ ਕੀਤੇ ਇਕੱਠ ’ਚ ਆਪਸੀ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ ਸੀ ਅਤੇ ਕੋਵਿਡ-19 ਦੀ ਲਾਗ ਤੋਂ ਬਚਾਅ ਲਈ ਨਾ ਹੀ ਕੋਈ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ। ਜੋ ਅਮਨ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਦੀ ਤਾਕ ’ਚ ਸਨ। ਜਿਸ ਦੇ ਮੱਦੇਨਜ਼ਰ ਇਹ ਮਾਮਲਾ ਦਰਜ ਕੀਤਾ ਗਿਆ ਹੈ।  

ਦੂਜੇ ਪਾਸੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਜੋਨਲ ਆਗੂ ਪਰਮਜੀਤ ਕੌਰ ਅਤੇ ਜਗਤਾਰ ਤੋਲੇਵਾਲ ਨੇ ਪੈ੍ਰਸ ਬਿਆਨ ਜਾਰੀ ਕਰਕੇ ਪੁਲਸ ਅਤੇ ਪ੍ਰਸਾਸ਼ਨ ਦੀ ਇਸ ਕਾਰਵਾਈ ਦੀ ਸਖ਼ਤ ਸਬਦਾਂ ’ਚ ਨਿਖੇਧੀ ਕੀਤੀ । ਇਸ ਦੇ ਨਾਲ ਹੀ ਕੈਬਨਿਟ ਮੰਤਰੀ ਵਿਜੇਂਇੰਦਰ ਸਿੰਗਲਾ ਨੂੰ ਕਥਿਤ ਤੌਰ ’ਤੇ ਦਲਿਤ ਵਿਰੋਧੀ ਕਰਾਰ ਦਿੰਦਿਆਂ ਦੋਸ਼ ਲਗਾਇਆ ਕਿ ਕੈਬਨਿਟ ਮੰਤਰੀ ਦੇ ਇਸ਼ਾਰੇ ਉੱਤੇ ਇਹ ਕੰਮ ਕੀਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ ਹੱਕ ਮੰਗਦੇ ਦਲਿਤਾਂ ਨਾਲ ਪੁਲਸ ਵੱਲੋਂ ਧੱਕਾਮੁੱਕੀ ਤੋਂ ਬਾਅਦ ਲਗਭਗ 125 ਮਰਦ-ਔਰਤਾਂ ਨੂੰ ਕੀਤਾ ਗਿ੍ਰਫ਼ਾਤਰ ਕੀਤਾ ਗਿਆ ਅਤੇ ਪੁਲਸ ਦਲਿਤਾਂ ਦੇ ਪਸ਼ੂ ਵੀ ਨਾਲ ਲੈ ਗਈ।

ਉਨ੍ਹਾਂ ਕਿਹਾ ਕਿ ਪਿੰਡ ਦੇ ਜ਼ਮੀਨੀ ਵਿਵਾਦ ਨੂੰ ਉਲਝਾਇਆ ਜਾ ਰਿਹਾ ਹੈ। ਕੈਬਨਿਟ ਮੰਤਰੀ ਅਤੇ ਪ੍ਰਸਾਸ਼ਨ ਦੇ ਵਾਅਦੇ ਤੋਂ ਮੁਕਰਨ ਤੋਂ ਬਾਅਦ ਹਰੇ ਚਾਰੇ ਤੋਂ ਭੁੱਖੇ ਪਸ਼ੂਆਂ ਲਈ ਬਿਨਾਂ ਰੌਲੇ ਵਾਲੀ 18 ਏਕੜ ਜ਼ਮੀਨ ਵਾਹੁਣ ਤੋਂ ਰੋਕਿਆ ਜਾ ਰਿਹਾ ਸੀ। ਜਿਸ ਦੇ ਵਿਰੋਧ ਨੂੰ ਲੈ ਕੇ ਦਲਿਤਾਂ ਨੇ ਪਸ਼ੂਆਂ ਨੂੰ ਲੈ ਕੇ ਵਿਜੈਇੰਦਰ ਸਿੰਗਲਾ ਦੀ ਕੋਠੀ ਮੂਹਰੇ ਆਪਣਾ ਰੋਸ ਮਾਰਚ ਸ਼ੁਰੂ ਕਰਨਾ ਸੀ। ਪਰ ਪੁਲਸ ਨੇ ਕਥਿਤ ਧੱਕਾਮੁਕੀ ਕੀਤੀ ਅਤੇ ਜੋਨਲ ਕਮੇਟੀ ਆਗੂ ਬਿੱਕਰ ਸਿੰਘ ਹਥੋਆ, ਦਰਸ਼ਨ ਮੈਹਤੋਂ ਗੁਰਚਰਨ ਫੌਜੀ ਅਤੇ ਔਰਤਾ ਸਮੇਤ ਲਗਭਗ 125  ਦਲਿਤਾਂ ਨੂੰ  ਗਿ੍ਰਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਐਲਾਨ ਕਰਦੀ ਹੈ ਕਿ ਦਲਿਤਾਂ ਦੀ ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਕਿਸੇ ਹਾਲ ਵਿਚ ਵੀ ਚੌਧਰੀਆਂ ਨੂੰ ਨਹੀਂ ਦਿੱਤਾ ਜਾਵੇਗਾ। ਇਸ ਸਬੰਧੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਐਮਰਜੈਂਸੀ ਮੀਟਿੰਗ ਸੱਦੀ ਗਈ ਹੈ ਅਤੇ ਇਸ ਸਬੰਧੀ ਜਲਦੀ ਹੀ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਦਰਜ ਕੀਤੇ ਮੁਕੱਦਮੇ ਤੁਰੰਤ ਰੱਦ ਕਰਕੇ ਗ੍ਰਿਫਤਾਰ ਕੀਤੇ ਸਾਰੇ ਦਲਿਤਾਂ ਨੂੰ ਰਿਹਾਅ ਕੀਤਾ ਜਾਵੇ ਅਤੇ ਪਿੰਡ ਦੀ ਜ਼ਮੀਨ ਦੀ ਕਥਿਤ ਡੰਮੀ ਬੋਲੀ ਰੱਦ ਕਰਕੇ ਦੁਬਾਰਾ ਬੋਲੀ ਕਰਵਾਈ ਜਾਵੇ।


Harinder Kaur

Content Editor

Related News