ਮੱਲਣ ਸ਼ਾਹ ਰੋਡ ''ਤੇ ਇਕ ਹੋਰ ਜ਼ਮੀਨ ਦੇ ਕਬਜ਼ੇ ਦਾ ਪਰਦਾਫਾਸ਼

12/13/2019 12:48:54 PM

ਮੋਗਾ (ਸੰਜੀਵ): ਰੈਵੀਨਿਊ ਵਿਭਾਗ ਨੇ ਮੱਲਣ ਸ਼ਾਹ ਰੋਡ 'ਤੇ ਜ਼ਮੀਨ 'ਤੇ ਕਬਜ਼ੇ ਦਾ ਇਕ ਹੋਰ ਵੱਡੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ। ਨਗਰ ਨਿਗਮ ਵੱਲੋਂ ਭੇਜੇ ਗਏ ਪੱਤਰ ਦੇ ਆਧਾਰ 'ਤੇ ਰੈਵੀਨਿਊ ਵਿਭਾਗ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਨਿਗਮ ਦੇ ਖਸਰਾ ਨੰਬਰ 218-4 'ਚ 13 ਕਨਾਲ 6 ਮਰਲੇ ਜ਼ਮੀਨ 'ਤੇ ਕਬਜ਼ਾ ਕਰ ਕੇ ਉਥੇ ਕਾਲੋਨੀ ਵਸਾ ਲਈ ਗਈ ਹੈ। ਦੱਸਣਯੋਗ ਹੈ ਕਿ ਇਸ ਕਾਲੋਨੀ ਕੋਲ ਇਕ ਹੋਰ ਕਾਲੋਨਾਈਜ਼ਰ ਵੱਲੋਂ ਕੱਟੀ ਕਾਲੋਨੀ 'ਚ ਤਿੰਨ ਏਕੜ ਜ਼ਮੀਨ 'ਤੇ ਕਬਜ਼ਾ ਕਰ ਕੇ ਉਥੇ ਪਲਾਟ ਕੱਟ ਦਿੱਤੇ ਹਨ ਪਰ ਰੈਵੀਨਿਊ ਵਿਭਾਗ ਨੇ ਬਰਾਬਰ 'ਚ ਹੋਏ ਕਬਜ਼ੇ ਦਾ ਜ਼ਿਕਰ ਪੱਤਰ 'ਚ ਨਹੀਂ ਕੀਤਾ। ਨਾਇਬ ਤਹਿਸੀਲਦਾਰ ਵੱਲੋਂ ਕੀਤੀ ਗਈ ਜਾਂਚ-ਪੜਤਾਲ 'ਚ ਪਤਾ ਲੱਗਾ ਕਿ ਨਗਰ ਨਿਗਮ ਦੀ ਜ਼ਮੀਨ ਖਸਰਾ ਨੰਬਰ 218/4 13 ਕਨਾਲ 6 ਮਰਲੇ ਮੱਲਣ ਸ਼ਾਹ ਰੋਡ, ਰਾਧਾ ਸਵਾਮੀ ਸਤਿਸੰਗ ਘਰ ਦੀ ਪਿਛਲੀ ਸਾਈਡ ਕੋਟਕਪੂਰਾ ਬਾਈਪਾਸ ਕੋਲ ਹੈ। ਨਗਰ ਨਿਗਮ ਨੇ ਉਥੇ ਪਾਰਕ ਬਣਾਉਣ ਦਾ ਮਤਾ ਤਿਆਰ ਕੀਤਾ ਸੀ। ਇਸ ਸਥਾਨ 'ਤੇ ਇਕ ਕਾਲੋਨਾਈਜ਼ਰ ਨੇ ਕਾਲੋਨੀ ਕੱਟ ਦਿੱਤੀ ਹੈ। ਪਾਰਕ ਦੀ ਜਗ੍ਹਾ ਕੋਠੀਆਂ ਖੜ੍ਹੀਆਂ ਹੋ ਗਈਆਂ ਹਨ। ਵਿਭਾਗ ਵੱਲੋਂ ਇਸ ਮਾਮਲੇ ਦਾ ਪਰਦਾਫਾਸ਼ ਹੋਣ ਤੋਂ ਬਾਅਦ ਨਗਰ ਨਿਗਮ ਦੇ ਅਧਿਕਾਰੀਆਂ ਦੇ ਕੰਮ-ਕਾਜ 'ਤੇ ਸਵਾਲ ਖੜ੍ਹਾ ਹੋ ਗਿਆ ਹੈ ਕਿਉਂਕਿ 266 ਮਰਲੇ ਜ਼ਮੀਨ ਦੇ ਰਕਬੇ 'ਤੇ ਕਬਜ਼ਾ ਹੋ ਗਿਆ ਹੈ। ਕੀ ਨਿਗਮ ਦੇ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਨਹੀਂ? ਇਹ ਗੱਲ ਕਿਸੇ ਦੇ ਗਲੇ ਨਹੀਂ ਉਤਰ ਰਹੀ। ਸੂਤਰਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਵਿਜੀਲੈਂਸ ਨੇ ਜਾਂਚ ਸ਼ੁਰੂ ਕੀਤੀ ਤਾਂ ਭ੍ਰਿਸ਼ਟਾਚਾਰ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਇਸ ਜ਼ਮੀਨ ਦਾ ਅਨੁਮਾਨਿਤ ਮੁੱਲ ਲਗਭਗ ਪੰਜ ਕਰੋੜ ਰੁਪਏ ਦੱਸਿਆ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਪੂਰੀ ਜ਼ਮੀਨ 'ਤੇ ਕਬਜ਼ਾ ਹੋਣ ਤੋਂ ਬਾਅਦ ਨਗਰ ਨਿਗਮ ਵੱਲੋਂ ਰੈਵੀਨਿਊ ਵਿਭਾਗ ਦੇ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਮਾਲ ਵਿਭਾਗ ਦੇ ਅਧਿਕਾਰੀਆਂ ਤੋਂ ਪੁੱਛਿਆ ਗਿਆ ਸੀ ਕਿ ਜ਼ਮੀਨ ਦੀ ਨਿਸ਼ਾਨਦੇਹੀ ਕਰ ਕੇ ਦੱਸਿਆ ਜਾਵੇ ਕਿ ਉਪਰੋਕਤ ਜ਼ਮੀਨ ਦਾ ਕਿੰਨਾ ਹਿੱਸਾ ਨਗਰ ਨਿਗਮ ਦਾ ਹੈ। ਨਿਗਮ ਦੇ ਇਸ ਪੱਤਰ ਦੇ ਆਧਾਰ 'ਤੇ ਰੈਵੀਨਿਊ ਵਿਭਾਗ ਨੇ ਨਿਸ਼ਾਨਦੇਹੀ ਸ਼ੁਰੂ ਕੀਤੀ ਤਾਂ ਪੂਰੇ ਮਾਮਲੇ ਦਾ ਪਰਦਾਫਾਸ਼ ਹੋ ਗਿਆ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਨਾਇਬ ਤਹਿਸੀਲਦਾਰ ਮੋਗਾ ਨੇ ਆਪਣੀ ਸੂਝ-ਬੂਝ ਨਾਲ ਭੂ-ਮਾਫੀਆ ਵੱਲੋਂ ਸਰਕਾਰੀ ਜ਼ਮੀਨ 'ਤੇ ਕਬਜ਼ਾ ਕਰਨ ਦੇ ਯਤਨ ਨੂੰ ਨਾਕਾਮ ਕਰ ਦਿੱਤਾ ਸੀ। ਇਸ ਸਬੰਧ ਵਿਚ ਨਗਰ ਨਿਗਮ ਕਮਿਸ਼ਨਰ ਅਨੀਤਾ ਦਰਸ਼ੀ ਨਾਲ ਵਾਰ-ਵਾਰ ਫੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ। ਰੈਵੀਨਿਊ ਮਹਿਕਮੇ ਦੇ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸਿਰਫ ਮੋਗਾ ਸ਼ਹਿਰ 'ਚ ਹੀ ਲੈਂਡ ਮਾਫੀਆ ਅਤੇ ਸਬੰਧਤ ਲੋਕਾਂ ਨੇ ਨਗਰ ਨਿਗਮ ਦੀ 234 ਏਕੜ ਜ਼ਮੀਨ ਉੱਪਰ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ।

ਕੀ ਕਹਿਣੈ ਨਿਗਮ ਦੇ ਟਾਊਨ ਪਲਾਨਰ ਦਾ
ਇਸ ਸਬੰਧ 'ਚ ਨਗਰ ਨਿਗਮ ਦੇ ਮਿਊਂਸੀਪਲ ਟਾਊਨ ਪਲਾਨਰ ਗੌਤਮ ਕੁਮਾਰ ਦਾ ਕਹਿਣਾ ਹੈ ਕਿ ਨਿਗਮ ਨੇ ਆਪਣਾ ਪਟਵਾਰੀ ਕੰਟਰੈਕਟ ਦੇ ਆਧਾਰ 'ਤੇ ਰੱਖ ਲਿਆ ਹੈ। ਨਿਗਮ ਦੀਆਂ ਜਿੰਨੀਆਂ ਜ਼ਮੀਨਾਂ 'ਤੇ ਵੀ ਕਬਜ਼ੇ ਹੋਏ ਹਨ, ਇਕ ਤੋਂ ਬਾਅਦ ਇਕ ਉਨ੍ਹਾਂ ਨੂੰ ਛੁਡਵਾ ਕੇ ਆਪਣੇ ਕਬਜ਼ੇ 'ਚ ਲਿਆ ਜਾਵੇਗਾ ਤਾਂ ਕਿ ਉਨ੍ਹਾਂ ਜ਼ਮੀਨਾਂ ਨੂੰ ਬਾਅਦ 'ਚ ਜਨਤਾ ਦੇ ਕੰਮ ਲਈ ਵਰਤਿਆ ਜਾਵੇ।

Shyna

This news is Content Editor Shyna