ਕੇਂਦਰ ਦੀ ਭਾਜਪਾ ਸਰਕਾਰ MSP ਖਤਮ ਕਰਕੇ ਪੰਜਾਬ ਨੂੰ ਤਬਾਹ ਕਰਨਾ ਚਾਹੁੰਦੀ ਹੈ : ਲਾਲ ਸਿੰਘ

06/13/2020 7:59:34 PM

ਪਟਿਆਲਾ,(ਰਾਜੇਸ਼)- ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ (ਕੈਬਨਿਟ ਮੰਤਰੀ ਰੈਂਕ) ਨੇ ਕੇਂਦਰ ਦੀ ਭਾਜਪਾ ਸਰਕਾਰ ਮਿਨੀਮਮ ਸਪੋਟ ਪਰਾਈਜ਼ (ਐਮ. ਐਸ. ਪੀ.) ਖਤਮ ਕਰਕੇ ਪੰਜਾਬ ਨੂੰ ਤਬਾਹ ਕਰਨਾ ਚਾਹੁੰਦੀ ਹੈ। ਬੀਤੇ ਦਿਨੀਂ ਕੇਂਦਰ ਦੇ ਸੀਨੀਅਰ ਮੰਤਰੀ ਨਿਤਿਨ ਗਡਕਰੀ ਵਲੋਂ ਦਿੱਤਾ ਬਿਆਨ ਪੰਜਾਬ ਅਤੇ ਕਿਸਾਨ ਵਿਰੋਧੀ ਹੈ ਅਤੇ ਇਸ ਨਾਲ ਭਾਜਪਾ ਦਾ ਐਮ.ਐਸ.ਪੀ. ਹਟਾਉਣ ਵਾਲੇ ਮਨਸੂਬੇ ਦਾ ਪਰਦਾਫਾਸ਼ ਹੋ ਗਿਆ ਹੈ । ਲਾਲ ਸਿੰਘ ਨੇ ਕਿਹਾ ਕਿ ਐਮ.ਐਸ.ਪੀ.ਹਟਾਉਣ ਨਾਲ ਪੰਜਾਬ ਦਾ ਕਿਸਾਨ ਪੂਰੀ ਤਰ੍ਹਾਂ ਬਰਬਾਦ ਹੋ ਜਾਵੇਗਾ ਅਤੇ ਇਸ ਨਾਲ ਪੰਜਾਬ ਦੀ ਆਰਥਿਕਤਾ ਫੇਲ੍ਹ ਹੋ ਜਾਵੇਗੀ ।

ਪਿਛਲੇ ਸਾਲ ਦੇ ਆਂਕੜੇ ਦਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਐਮ.ਐਸ.ਪੀ. ਨਾਲ ਪੰਜਾਬ ਸਰਕਾਰ ਨੂੰ 3,626 ਕਰੋੜ ਰੁਪਏ ਰੈਵੇਨਿਊ ਆਇਆ ਅਤੇ ਮੰਡੀ ਬੋਰਡ ਨੂੰ 1,813 ਕਰੋੜ ਰੁਪਏ ਮਾਰਕਿਟ ਫੀਸ ਤੇ 1,813 ਕਰੋੜ ਰੁਪਏ ਆਰ.ਡੀ.ਐਫ. ਆਇਆ ਜੋ ਕਿ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ ਅਤੇ ਇਸਦਾ ਅਸਰ ਪੰਜਾਬ ’ਤੇ ਸਭ ਤੋਂ ਵੱਧ ਪਵੇਗਾ ਕਿਉਂਕਿ ਪੰਜਾਬ ਕੋਲ ਖੇਤੀ ਤੋਂ ਇਲਾਵਾ ਆਮਦਨੀ ਦਾ ਕੋਈ ਹੋਰ ਵੱਡਾ ਜ਼ਰੀਆ ਨਹੀਂ ਹੈ । ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪੰਜਾਬ ਵਿੱਚ 36,000 ਆੜ੍ਹਤੀਏ ਹਨ, ਜੋ ਪੂਰੀ ਤਰ੍ਹਾਂ ਇਸ ਅਰਥ ਵਿਵਸਥਾ ’ਤੇ ਨਿਰਭਰ ਹਨ ਤੇ ਪਿਛਲੇ ਸਾਲ ਉਨ੍ਹਾਂ ਨੂੰ 1,611 ਕਰੋੜ ਰੁਪਏ ਅਤੇ ਮਜ਼ਦੂਰਾਂ ਨੂੰ 1,100 ਕਰੋੜ ਰੁਪਏ ਦੀ ਆਮਦਨ ਹੋਈ ਸੀ, ਜੋ ਕਿ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ । ਉਨ੍ਹਾਂ ਨੇ ਇਹ ਵੀ ਦੱਸਿਆ ਕਿ ਭਾਜਪਾ ਦੇ ‘ਵਨ ਨੇਸ਼ਨ, ਵਨ ਮਾਰਕਿਟ’ ਦੇ ਮਨਸੂਬੇ ਨਾਲ ਪਿਛਲੇ ਕਈ ਸਾਲਾਂ ਦੌਰਾਨ ਪੰਜਾਬ ਸਰਕਾਰ ਵੱਲੋਂ 163 ਪ੍ਰਮੁੱਖ ਯਾਰਡਾਂ, 284 ਸਬ ਯਾਰਡਾਂ ਅਤੇ 1443 ਖਰੀਦ ਕੇਂਦਰਾਂ ਵਿੱਚ ਕਰੋੜਾਂ ਰੁਪਏ ਦਾ ਜੋ ਨਿਵੇਸ਼ ਕੀਤਾ ਗਿਆ, ਉਹ ਬਿਲਕੁਲ ਬੇਕਾਰ ਹੋ ਜਾਵੇਗਾ ਅਤੇ ਪੰਜਾਬ ਦਾ ਇਹ ਸਾਰਾ ਪੈਸਾ ਪ੍ਰਾਈਵੇਟ ਕੰਪਨੀਆਂ ਕੋਲ ਚਲਾ ਜਾਵੇਗਾ ਜੋ ਹਮੇਸ਼ਾ ਤੋਂ ਭਾਜਪਾ ਦੀ ਮਨਸ਼ਾ ਰਹੀ ਹੈ ।
ਲਾਲ ਸਿੰਘ ਨੇ ਪੰਜਾਬ ਦੀ ਸਾਰੀਆਂ ਕਿਸਾਨੀ ਜਥੇਬੰਦੀਆ ਅਤੇ ਰਾਜਨੀਤਿਕ ਪਾਰਟੀਆਂ ਨੂੰ ਇਹ ਬੇਨਤੀ ਕੀਤੀ ਕਿ ਪੰਜਾਬ ਦੇ ਆਉਣ ਵਾਲੇ ਭਵਿੱਖ ਨੂੰ ਬਚਾਉਣ ਲਈ ਕੇਂਦਰ ਸਰਕਾਰ ਖਿਲਾਫ਼ ਆਵਾਜ਼ ਉਠਾਉਣ ਦੀ ਲੋੜ ਹੈ । ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਚਾਹੀਦਾ ਹੈ ਕਿ ਉਹ ਹੁਣ ਪੰਜਾਬ ਦੇ ਹਿਤਾਂ ਲਈ ਲੜਨ ਅਤੇ ਸਿਰਫ ਇੱਕ ਵਜ਼ੀਰੀ ਦੇ ਲਾਲਚ ਕਰਕੇ ਆਪਣਾ ਫ਼ਰਜ਼ ਨਾ ਭੁੱਲਣ ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁੰਦਿਆਂ ਪੰਜਾਬ ਦੇ ਕਿਸਾਨਾਂ ਨੂੰ ਫਿਕਰ ਕਰਨ ਦੀ ਲੋੜ ਨਹੀਂ । 2002 ਦੀ ਕਾਂਗਰਸ ਸਰਕਾਰ ਬਣਨ ਦੇ ਬਾਅਦ ਹੀ ਅਪ੍ਰੈਲ ਦੇ ਮਹੀਨੇ ਵਿੱਚ ਉਦੋਂ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਵੀ ਐਮ.ਐਸ.ਪੀ. ਫ੍ਰੀਜ਼ ਕਰ ਦਿੱਤੀ ਸੀ, ਜਿਸ ਦੇ ਵਿਰੋਧ ਵਿੱਚ ਸਮੂਚੀ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ 2 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਦੇ ਘਰ ਦੇ ਬਾਹਰ ਧਰਨਾ ਲਗਾ ਦਿੱਤਾ ਅਤੇ ਸਮੁੱਚੀ ਪੰਜਾਬ ਕਾਂਗਰਸ ਦੀ ਕੈਬਨਿਟ ਅਤੇ ਵਿਧਾਇਕਾਂ ਨੂੰ ਜੇਲ ਵੀ ਭੇਜਿਆ ਗਿਆ ਸੀ । ਉਸ ਵਕਤ ਪ੍ਰਧਾਨ ਮੰਤਰੀ ਵਾਜਪਾਈ ਜੀ ਨੇ ਹਾਲਾਤ ਨੂੰ ਸਮਝਦੇ ਹੋਏ ਐਮ.ਐਸ.ਪੀ. ਵਿੱਚ ਸਿਰਫ 10 ਰੁਪਏ ਦਾ ਵਾਧਾ ਕੀਤਾ ਸੀ ਅਤੇ ਹੁਣ 18 ਸਾਲ ਬਾਅਦ ਭਾਜਪਾ ਸਰਕਾਰ ਫਿਰ ਤੋਂ ਆਪਣੇ ਕਿਸਾਨ ਵਿਰੋਧੀ ਮਨਸੂਬਿਆਂ ਨੂੰ ਦਵਾਰਾ ਹਕੀਕਤ ਵਿੱਚ ਤਬਦੀਲ ਕਰਨਾ ਚਾਹੁੰਦੀ ਹੈ ਪਰ ਕੈਪਟਨ ਅਮਰਿੰਦਰ ਸਿੰਘ ਜੀ ਦੇ ਹੁੰਦਿਆ ਇਹ ਹੋ ਨਹੀ ਸਕਦਾ ।
ਲਾਲ ਸਿੰਘ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਦੀ ਪਿਛਲੀ ਸਰਕਾਰ ਵਿੱਚ ਵੀ ਅਤੇ ਇਸ ਵਾਰ ਕੋਰੋਨਾ ਮਹਾਂਮਾਰੀ ਦੇ ਹੁੰਦਿਆ ਵੀ ਪੰਜਾਬ ਦੀਆਂ ਮੰਡੀਆਂ ਵਿੱਚ ਕਿਸਾਨਾਂ ਦਾ ਇੱਕ ਇੱਕ ਦਾਣਾ ਚੁੱਕਿਆ ਗਿਆ ਅਤੇ ਸਮੇਂ ਸਿਰ ਉਨ੍ਹਾਂ ਦੀ ਅਦਾਇਗੀ ਵੀ ਕੀਤੀ ਗਈ । ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਵਿੱਚ ਕਣਕ ਦੀ ਖਰੀਦ ਦੌਰਾਨ ਕੋਰੋਨਾ ਦਾ ਇੱਕ ਵੀ ਕੇਸ ਸਾਹਮਣੇ ਨਹੀਂ ਆਇਆ, ਜਿਸ ਲਈ ਉਹ ਮੰਡੀ ਬੋਰਡ ਦੇ ਕਰਮਚਾਰੀਆਂ ਦਾ ਧੰਨਵਾਦ ਕਰਦੇ ਹਨ । ਇਸ ਤੋਂ ਇਲਾਵਾ ਵੀ ਚਾਹੇ ਕਿਸਾਨਾਂ ਦੇ ਕਰਜ਼ਿਆਂ ਦੀ ਗੱਲ ਹੋਵੇ ਜਾਂ ਪੰਜਾਬ ਦੇ ਪਾਣੀ ਦੇ ਮਸਲਿਆਂ ਦੀ ਗੱਲ ਹੋਵੇ ਕੈਪਟਨ ਅਮਰਿੰਦਰ ਸਿੰਘ ਨੇ ਹਮੇਸ਼ਾ ਕਿਸਾਨਾਂ ਦੇ ਹਿੱਤਾਂ ਲਈ ਲੜਾਈ ਲੜੀ ਹੈ । ਨਿਤਿਨ ਗਡਕਰੀ ਜੀ ਦੇ ਬਿਆਨ ਉੱਤੇ ਵਾਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਹਮਲਾ ਪੰਜਾਬ ਦੀ ਕਿਸਾਨੀ ’ਤੇ ਹੀ ਨਹੀਂ ਬਲਕਿ ਪੂਰੇ ਦੇਸ਼ ’ਤੇ ਹੈ ਕਿਉਂਕਿ ਪੰਜਾਬ ਦਾ ਕਿਸਾਨ ਯੂ.ਪੀ. ਅਤੇ ਬਿਹਾਰ ਦੇ ਕਈ ਲੋਕਾਂ ਨੂੰ ਰੁਜ਼ਗਾਰ ਦੇਣ ਦੇ ਨਾਲ-ਨਾਲ ਪੂਰੇ ਦੇਸ਼ ਨੂੰ ਰੋਟੀ ਵੀ ਖਵਾਉਂਦਾ ਹੈ।


Deepak Kumar

Content Editor

Related News