ਢੀਂਡਸਾ ਨੇ ''ਸਰਬੱਤ ਦਾ ਭਲਾ'' ਟਰੇਨ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

12/27/2019 2:18:50 PM

ਲਹਿਰਾਗਾਗਾ (ਗਰਗ) : ਕੇਂਦਰ ਸਰਕਾਰ ਵੱਲੋਂ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਨਵੀਂ ਦਿੱਲੀ ਤੋਂ ਸੁਲਤਾਨਪੁਰ ਲੋਧੀ ਲਈ 4 ਅਕਤੂਬਰ ਤੋਂ ਚਲਾਈ ਗਈ ਇੰਟਰਸਿਟੀ ਐਕਸਪ੍ਰੈੱਸ “ਸਰਬੱਤ ਦਾ ਭਲਾ“ ਗੱਡੀ ਦਾ ਠਹਿਰਾਓ ਲਹਿਰਾਗਾਗਾ ਦੇ ਰੇਲਵੇ ਸਟੇਸ਼ਨ ਵਿਖੇ ਕਰਵਾਉਣ ਤੋਂ ਬਾਅਦ ਅੱਜ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਲਹਿਰਾਗਾਗਾ ਸਟੇਸ਼ਨ ਤੋਂ ਉਕਤ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ।

PunjabKesari

ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਰੇਲਵੇ ਮੰਤਰੀ ਨੇ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਉਕਤ ਟ੍ਰੇਨ ਦਾ ਠਹਿਰਾਓ ਲਹਿਰਾਗਾਗਾ ਵਿਖੇ ਕੀਤਾ ਹੈ। ਉਨ੍ਹਾਂ ਦੱਸਿਆ ਕਿ  ਫਿਲਹਾਲ ਉਕਤ ਟ੍ਰੇਨ ਨੂੰ 6 ਮਹੀਨਿਆਂ ਲਈ ਚਲਾਇਆ ਗਿਆ ਹੈ, ਜੇਕਰ ਸਵਾਰੀਆਂ ਰੇਲਵੇ ਵਿਭਾਗ ਦੀ ਹਦਾਇਤਾਂ ਅਨੁਸਾਰ ਪੂਰੀਆਂ ਰਹੀਆਂ ਤਾਂ ਇਸ ਨੂੰ ਰੈਗੂਲਰ ਤੌਰ 'ਤੇ ਚਲਾ ਦਿੱਤਾ ਜਾਵੇਗਾ। ਉਨ੍ਹਾਂ ਨੰਦੇੜ ਸਾਹਿਬ ਟਰੇਨ ਨੂੰ ਵੀ ਲਹਿਰਾਗਾਗਾ ਜਾਂ ਸੁਨਾਮ ਦੇ ਸਟੇਸ਼ਨ 'ਤੇ ਰੁਕਵਾਉਣ ਲਈ ਕੋਸ਼ਿਸ਼ ਕਰਨ ਦੀ ਗੱਲ ਕਹੀ।

PunjabKesari

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਤਜਿੰਦਰ ਗੁਲਾਟੀ ਅਤੇ ਹੋਰ ਵਿਅਕਤੀਆਂ ਦੇ ਇਕ ਵਫ਼ਦ ਨੇ ਰਾਜ ਸਭਾ ਮੈਂਬਰ ਸਰਦਾਰ ਸੁਖਦੇਵ ਸਿੰਘ ਢੀਂਡਸਾ ਨਾਲ ਮੁਲਾਕਾਤ ਕਰਕੇ ਉਕਤ ਟ੍ਰੇਨ ਦਾ ਠਹਿਰਾਓ ਲਹਿਰਾਗਾਗਾ ਵਿਖੇ ਕਰਨ ਦੀ ਮੰਗ ਕੀਤੀ ਸੀ। ਸੁਖਦੇਵ ਸਿੰਘ ਢੀਂਡਸਾ ਨੇ ਉਕਤ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈਂਦਿਆਂ ਸਰਬੱਤ ਦਾ ਭਲਾ ਇੰਟਰਸਿਟੀ ਐਕਸਪ੍ਰੈੱਸ ਟ੍ਰੇਨ ਦਾ ਠਹਿਰਾਓ 27 ਦਸੰਬਰ ਤੋਂ ਲਹਿਰਾਗਾਗਾ ਦੇ ਰੇਲਵੇ ਸਟੇਸ਼ਨ 'ਤੇ ਕਰਵਾਉਣ ਵਿਚ ਸਫਲਤਾ ਹਾਸਲ ਕਰ ਲਈ।

ਇਸ ਮੌਕੇ ਰੇਲਵੇ ਵਿਭਾਗ ਵਲੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਸੁਖਦੇਵ ਸਿੰਘ ਡਵੀਜ਼ਨਲ ਇੰਜੀਨੀਅਰ ਬਠਿੰਡਾ, ਰਾਜੇਸ਼ ਚੱਡਾ ਟ੍ਰੈਫਿਕ ਇੰਸਪੈਕਟਰ ਧੂਰੀ ਆਦਿ ਨੇ ਦੱਸਿਆ ਕਿ ਉਕਤ ਟਰੇਨ ਹਫਤੇ ਵਿਚ ਸੋਮਵਾਰ ਅਤੇ ਸ਼ਨੀਵਾਰ ਨੂੰ ਛੱਡ ਕੇ 5 ਦਿਨ ਉਕਤ ਰੂਟ 'ਤੇ ਚੱਲੇਗੀ। ਵਿਭਾਗ ਵੱਲੋਂ ਉਕਤ ਟਰੇਨ ਨੂੰ ਫਿਲਹਾਲ 26 ਮਈ 2020 ਤੱਕ ਚਲਾਇਆ ਗਿਆ ਹੈ। ਉਕਤ ਟਰੇਨ ਹਰ ਰੋਜ ਸ਼ਾਮ 7.50 ਮਿੰਟ 'ਤੇ ਲਹਿਰਾਗਾਗਾ ਤੋਂ ਚੱਲ ਕੇ 11 ਵਜੇ ਦੇ ਕਰੀਬ ਨਵੀਂ ਦਿੱਲੀ ਪਹੁੰਚਿਆ ਕਰੇਗੀ। ਉਥੇ ਹੀ ਨਵੀਂ ਦਿੱਲੀ ਤੋਂ ਸਵੇਰੇ 7 ਵਜੇ ਚੱਲ ਕੇ 10.30 ਵਜੇ ਦੇ ਕਰੀਬ ਲਹਿਰਾਗਾਗਾ ਵਿਖੇ ਰੁਕਿਆ ਕਰੇਗੀ।


cherry

Content Editor

Related News