ਭੇਦਭਰੇ ਹਾਲਾਤਾਂ ''ਚ ਔਰਤ ਨੇ ਲਿਆ ਫਾਹਾ, ਮੌਤ

01/21/2020 8:32:43 PM

ਸਮਾਣਾ, (ਦਰਦ)— ਸਦਰ ਥਾਣਾ ਅਧੀਨ ਪੈਂਦੇ ਪਿੰਡ ਬੇਲੂਮਾਜਰਾ 'ਚ 17 ਸਾਲ ਪਹਿਲਾਂ ਵਿਆਹੀ ਦੋ ਬੱਚਿਆਂ ਦੀ ਮਾਂ ਦੀ ਭੇਦਭਰੀ ਹਾਲਤ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਪੇਕਾ ਪਰਿਵਾਰ ਵੱਲੋਂ ਹੱਤਿਆ ਦਾ ਮਾਮਲਾ ਦੱਸਦੇ ਹੋਏ ਸਦਰ ਪੁਲਸ ਦੀ ਮਦਦ ਨਾਲ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ।
ਸਿਵਲ ਹਸਪਤਾਲ 'ਚ ਮ੍ਰਿਤਕ ਸਰਬਜੀਤ ਕੌਰ(35) ਪਤਨੀ ਅਮਰੀਕ ਸਿੰਘ ਵਾਸੀ ਪਿੰਡ ਬੇਲੂਮਾਜਰਾ ਦੇ ਭਰਾ ਮਨਦੀਪ ਸਿੰਘ ਵਾਸੀ ਪਿੰਡ ਫਤਿਹਪੁਰ ਰਾਜਪੂਤਾ (ਸਨੌਰ) ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਦੀ ਭੈਣ ਦੀ ਆਪਣੇ ਪਤੀ ਨਾਲ ਅਣਬਣ ਹੋਣ ਕਰ ਕੇ ਉਹ ਪਿੰਡ ਫਤਿਹਪੁਰ ਰਾਜਪੂਤਾ ਉਨ੍ਹਾਂ ਕੋਲ ਚਲੀ ਗਈ ਸੀ ਪਰ ਰਿਸ਼ਤੇਦਾਰਾਂ ਵੱਲੋਂ ਸਮਝਾਉਣ ਤੇ ਉਹ ਐਤਵਾਰ ਨੂੰ ਪਿੰਡ ਬੇਲੂਮਾਜਰਾ 'ਚ ਵਾਪਸ ਆ ਗਈ ਸੀ। ਮਨਦੀਪ ਸਿੰਘ ਅਨੁਸਾਰ ਮੰਗਲਵਾਰ ਨੂੰ ਦੁਪਹਿਰ ਸਮੇਂ ਸਰਬਜੀਤ ਕੌਰ ਨੇ ਫਾਹਾ ਲੈ ਕੇ ਆਤਮ-ਹੱਤਿਆ ਕਰ ਲਏ ਜਾਣ ਦੀ ਸੂਚਨਾ ਮਿਲੀ, ਜਿਸ 'ਤੇ ਉਹ ਪਰਿਵਾਰ ਸਣੇ ਜਦੋਂ ਪਿੰਡ ਬੇਲੂਮਾਜਰਾ ਪਹੁੰਚੇ ਤਾਂ ਉਨ੍ਹਾਂ ਨੂੰ ਆਪਣੀ ਭੈਣ ਵੱਲੋਂ ਆਤਮ ਹੱਤਿਆ ਕਰਨ ਦੀ ਕੋਈ ਸਥਿਤੀ ਸਾਹਮਣੇ ਨਹੀਂ ਆਈ। ਉਨ੍ਹਾਂ ਦੋਸ਼ ਲਾਇਆ ਕਿ ਕਿਸੇ ਹੋਰ ਔਰਤ ਨਾਲ ਨਾਜਾਇਜ਼ ਸਬੰਧ ਹੋਣ ਕਾਰਨ ਉਸ ਦਾ ਜੀਜਾ ਅਮਰੀਕ ਸਿੰਘ ਉਸ ਦੀ ਭੈਣ ਨੂੰ ਅਕਸਰ ਕੁੱਟ-ਮਾਰ ਕਰ ਕੇ ਉਸ ਤੋਂ ਪਿਛਾ ਛੁਡਾਉਣਾ ਚਾਹੁੰਦਾ ਸੀ, ਜਿਸ ਕਰ ਕੇ ਉਸ ਦੇ ਸਹੁਰਾ ਪਰਿਵਾਰ ਨੇ ਉਸ ਦੀ ਭੈਣ ਦੀ ਹੱਤਿਆ ਕਰ ਦਿੱਤੀ।
ਮਾਮਲੇ ਸਬੰਧੀ ਸਦਰ ਥਾਣਾ ਮੁਖੀ ਰਣਬੀਰ ਸਿੰਘ ਨੇ ਦੱਸਿਆ ਕਿ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਮ੍ਰਿਤਕਾ ਦੇ ਭਰਾ ਮਨਦੀਪ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਪਤੀ ਅਮਰੀਕ ਸਿੰਘ, ਸੱਸ ਕੁਲਦੀਪ ਕੌਰ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।


KamalJeet Singh

Content Editor

Related News