ਪੰਜਾਬ ''ਚੋਂ ਮਜ਼ਦੂਰਾਂ ਦੇ ਵੱਡੀ ਗਿਣਤੀ ''ਚ ਪਲਾਇਨ ਕਰਨ ਨਾਲ ਉਦਯੋਗ ''ਤੇ ਆ ਸਕਦੈ ਭਾਰੀ ਸੰਕਟ: ਚੀਮਾ

05/08/2020 1:42:12 AM

ਦਿੜਬਾ ਮੰਡੀ,(ਅਜੈ) : ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਕਾਰਨ ਪੰਜਾਬ 'ਚੋਂ ਵੱਡੀ ਗਿਣਤੀ ਪ੍ਰਵਾਸੀ ਮਜ਼ਦੂਰ ਹਿਜ਼ਰਤ ਕਰ ਰਹੇ ਹਨ। ਇਨ੍ਹਾਂ ਮਜ਼ਦੂਰਾਂ ਦੇ ਪੰਜਾਬ 'ਚੋਂ ਜਾਣ ਨਾਲ ਜੋ ਸੰਕਟ ਪੈਦਾ ਹੋਵੇਗਾ, ਉਸ ਬਾਰੇ ਸੂਬਾ ਸਰਕਾਰ ਬੇਖਬਰ ਨਜ਼ਰ ਆ ਰਹੀ ਹੈ। ਚੀਮਾ ਨੇ ਕਿਹਾ ਕਿ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੇ ਪਿੰਡਾਂ 'ਚੋਂ 10 ਲੱਖ ਦੇ ਕਰੀਬ ਮਜ਼ਦੂਰ ਹਿਜ਼ਰਤ ਕਰਕੇ ਆਪਣੇ ਘਰ ਦੂਸਰੇ ਰਾਜਾਂ 'ਚ ਜਾ ਰਹੇ ਹਨ। ਇਹ ਲੋਕ ਇੱਕਲੇ ਮਜ਼ਦੂਰ ਹੀ ਨਹੀਂ ਹਨ ਕਈ ਇਨ੍ਹਾਂ 'ਚੋਂ ਇੰਜੀਨੀਅਰ ਵੀ ਹਨ, ਜੋ ਕਿ ਪੰਜਾਬ ਦੇ ਉਦਯੋਗ ਨੂੰ ਚਲਾਉਣ ਵਿੱਚ ਅਹਿਮ ਕੜੀ ਦੇ ਤੌਰ 'ਤੇ ਕੰਮ ਕਰਦੇ ਹਨ ਪਰ ਪੰਜਾਬ ਸਰਕਾਰ ਇਨ੍ਹਾਂ ਮਜਦੂਰਾਂ ਨੂੰ ਇਸ ਸੰਕਟ ਦੀ ਘੜੀ 'ਚ ਸੰਭਾਲਣ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋ ਰਹੀ ਹੈ, ਜਿਸ ਕਰਕੇ ਉਹ ਆਪਣੇ ਘਰ ਜਾ ਰਹੇ ਹਨ।

ਇਨ੍ਹਾਂ ਮਜਦੂਰਾਂ ਦੇ ਜਾਣ ਨਾਲ ਪੰਜਾਬ ਦੇ ਉਦਯੋਗ ਅਤੇ ਖੇਤੀ 'ਤੇ ਬਹੁਤ ਹੀ ਮਾੜਾ ਪ੍ਰਭਾਵ ਪਵੇਗਾ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਮੇਂ- ਸਮੇਂ 'ਤੇ ਅਕਾਲੀ ਭਾਜਪਾ ਅਤੇ ਕਾਂਗਰਸ ਪਾਰਟੀਆਂ ਦੀਆਂ ਸਰਕਾਰਾਂ ਦੇ ਕਾਰਨ ਬਹੁਤ ਵੱਡੇ ਵਿੱਤੀ ਸੰਕਟ ਵਿੱਚ ਘਿਰ ਚੁੱਕਾ ਹੈ। ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਸਹੁੰ ਖਾ ਕੇ ਸਰਕਾਰ ਬਣਾਉਣ ਵਾਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਸਮੇਂ ਘਰ-ਘਰ ਸ਼ਰਾਬ ਪਹੁੰਚਾਉਣ ਦੀ ਯੋਜਨਾ ਲਾਗੂ ਕਰ ਰਿਹਾ ਜਦੋਂ ਕਿ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਪਿਆ ਪਾੜਾ ਦੂਰ ਕਰਨ ਲਈ ਕੋਈ ਠੋਸ ਪ੍ਰੋਗਰਾਮ ਨਹੀਂ ਹੈ। ਦਿਨ ਵਿੱਚ ਦੋ ਜਾਂ ਤਿੰਨ ਵਾਰ ਆਪਣੇ ਸਟੈਂਡ ਤੋਂ ਯੂ-ਟਰਨ ਕਰਨ ਵਾਲਾ ਮੁੱਖ ਮੰਤਰੀ ਇਸ ਸਮੇਂ ਕੋਈ ਵੀ ਮਜਬੂਤ ਫੈਸਲਾ ਲੈਣ ਲਈ ਦੁਚਿੱਤੀ ਵਿੱਚ ਹੀ ਰਹਿੰਦਾ ਹੈ। ਪੰਜਾਬ ਨੂੰ ਸੰਕਟ ਵਿੱਚੋਂ ਕੱਢਣ ਲਈ ਮੁੱਖ ਮੰਤਰੀ ਨੂੰ ਫਿਰ ਤੋਂ ਸਰਬ ਪਾਰਟੀ ਮੀਟਿੰਗ ਬੁਲਾਉਣੀ ਚਾਹੀਦੀ ਹੈ। ਇਸ ਮੌਕੇ ਯੂਥ ਆਗੂ ਲਖਵਿੰਦਰ ਸਿੰਘ ਕੈਂਪਰ ਅਤੇ ਗੁਰਜੀਤ ਸਿੰਘ ਸਾਮਲ ਸਨ।

 


Deepak Kumar

Content Editor

Related News