ਜਿਸ ਸਕੂਲ 'ਚ ਮਾਂ ਸਫ਼ਾਈ ਕਰਮਚਾਰੀ ਅਤੇ ਖ਼ੁਦ ਕੀਤੀ ਪੜ੍ਹਾਈ, ਉਥੇ ‘ਚੀਫ ਗੈਸਟ’ ਬਣ ਪਹੁੰਚੇ ਵਿਧਾਇਕ ਉਗੋਕੇ

04/06/2022 3:21:15 PM

ਭਦੌੜ : ਵਿਧਾਨ ਸਭਾ ਹਲਕਾ ਭਦੌੜ ਤੋਂ ‘ਆਪ’ ਵਲੋਂ ਚੁਣੇ ਗਏ ਵਿਧਾਇਕ ਲਾਭ ਸਿੰਘ ਓਗੋਕੇ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਰਾ ਕੇ ਜਿੱਤ ਹਾਸਲ ਕੀਤੀ। ਲਾਭ ਸਿੰਘ ਓਗੋਕੇ ਨੇ ਬਹੁਤ ਹੀ ਛੋਟੀ ਉਮਰ (35) ’ਚ ਵੱਡੀ ਸਫ਼ਲਤਾ ਹਾਸਲ ਕੀਤੀ । ਉਨ੍ਹਾਂ ਨੇ ਉਗੋਕੇ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਪੜ੍ਹਾਈ ਛੱਡਣ ਤੋਂ 17 ਸਾਲਾਂ ਬਾਅਦ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਖਪੁਰਾ ’ਚ ਮੁੱਖ ਮਹਿਮਾਨ ਵਜੋਂ ਪਹੁੰਚੇ। ਲਾਭ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ 10ਵੀਂ ਅਤੇ 12ਵੀਂ ਦੀ ਪੜ੍ਹਾਈ ਇਸ ਸਕੂਲ ਤੋਂ ਹੀ ਹਾਸਲ ਕੀਤੀ ਹੈ ਅਤੇ ਕਈ ਸਾਲ ਉੱਥੇ ਸਫਾਈ ਦਾ ਕੰਮ ਵੀ ਕੀਤਾ। ਦੱਸ ਦੇਈਏ ਕਿ ਲਾਭ ਸਿੰਘ ਓਗੋਕੇ ਦੀ ਮਾਤਾ ਜੀ ਵੀ ਉਹੀ ਸਰਕਾਰੀ ਹਾਈ ਸਕੂਲ ’ਚ ਠੇਕੇ ’ਤੇ ਸਫਾਈ ਦਾ ਕੰਮ ਕਰਦੇ ਹਨ। 

ਇਹ ਵੀ ਪੜ੍ਹੋ : ਸ਼ਰਮਨਾਕ! ਪਹਿਲਾਂ ਭਾਬੀ ਨੇ ਨਨਾਣ ਨਾਲ ਕਰਵਾਇਆ ਜਬਰ ਜ਼ਿਨਾਹ, ਫਿਰ ਬੇਹੋਸ਼ੀ ਦੀ ਹਾਲਤ ’ਚ ਵੇਚਿਆ

ਲਾਭ ਸਿੰਘ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਰਿਬਨ ਕੱਟ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਸਕੂਲ ਦੀ ਪ੍ਰਿੰਸੀਪਲ ਰਾਜਵੰਤ ਕੌਰ ਸਿੱਧੂ ਨੇ ਇਸ ਪ੍ਰੋਗਰਾਮ ਲਈ ਵਿਧਾਇਕ ਦੀ ਮਾਤਾ ਬਲਦੇਵ ਕੌਰ ਨੂੰ ਵੀ ਸੁਖਪੁਰਾ ਆਉਣ ਦਾ ਸੱਦਾ ਦਿੱਤਾ ਸੀ ਪਰ ਉਨ੍ਹਾਂ ਦੇ ਆਉਣ ਤੱਕ ਪ੍ਰੋਗਰਾਮ ਖ਼ਤਮ ਹੋ ਚੁੱਕਾ ਸੀ। ਬਾਅਦ ’ਚ ਵਿਧਾਇਕ ਲਾਭ ਸਿੰਘ ਓਗੋਕੇ ਆਪਣੀ ਮਾਤਾ ਕੋਲ ਗਏ ਅਤੇ ਫੋਟੋ ਕਰਵਾਈ। ਵਿਧਾਇਕ ਨੇ ਸਕੂਲ ਪ੍ਰਿੰਸੀਪਲ ਰਾਜਵੰਤ ਕੌਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਇਸ ਸਕੂਲ ’ਚ ਅਧਿਆਪਕ ਗੁਰਮੀਤ ਸਿੰਘ, ਸਤਵਿੰਦਰ ਕੌਰ, ਜਸਵਿੰਦਰ ਸਿੰਘ ਤੋਂ ਸਿੱਖਿਆ ਹਾਸਲ ਕਰ ਚੁੱਕੇ ਹਨ। ਸਕੂਲ ਸਟਾਫ ਦਾ ਉਨ੍ਹਂ ਦੀ ਜ਼ਿੰਦਗੀ ’ਚ ਅੱਗੇ ਵੱਧਣ ’ਚ ਅਹਿਮ ਯੋਗਦਾਨ ਹੈ। 

ਇਹ ਵੀ ਪੜ੍ਹੋ : ਦਾਜ ਦੀ ਭੇਟ ਚੜੀ ਇਕ ਹੋਰ ਵਿਆਹੁਤਾ, ਸਹੁਰਿਆਂ ਤੋਂ ਦੁਖੀ 20 ਸਾਲਾ ਮੁਟਿਆਰ ਨੇ ਦੁਨੀਆ ਨੂੰ ਕਿਹਾ ਅਲਵਿਦਾ

ਜ਼ਿਕਰਯੋਗ ਹੈ ਕਿ ਲਾਭ ਸਿੰਘ ਨੇ ਆਪਣੀ ਮੁੱਢਲੀ ਸਿੱਖਿਆ ਆਪਣੇ ਪਿੰਡ ਤੋਂ ਹੀ ਪ੍ਰਾਪਤ ਕੀਤੀ। ਅੱਠਵੀਂ ਤੱਕ ਦੀ ਸਿੱਖਿਆ ਮਗਰੋਂ ਸੁਖਪੁਰੇ ਤੋਂ 12 ਵੀਂ ਕੀਤੀ। ਉਪਰੰਤ ਬਰਨਾਲਾ ਜ਼ਿਲ੍ਹੇ ਤੋਂ ਪਲੰਬਰ ਦਾ ਸ਼ਾਰਟ ਟਰਮ ਕੋਰਸ ਵੀ ਕੀਤਾ। ਮੌਜੂਦਾ ਸਮੇਂ ਲਾਭ ਸਿੰਘ ਮੋਬਾਇਲ ਰਿਪੇਅਰਿੰਗ ਦੀ ਦੁਕਾਨ ਚਲਾਉਂਦੇ ਹਨ। ਲਾਭ ਸਿੰਘ 2013 ’ਚ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਸਨ। ਪਾਰਟੀ 'ਚ ਸ਼ਾਮਲ ਹੋਣ ਮਗਰੋਂ ਉਨ੍ਹਾਂ ਨੂੰ ਐੱਸੀ.ਸੀ. ਵਿੰਗ ਦਾ ਸਰਕਲ ਇੰਚਾਰਜ ਬਣਾਇਆ ਗਿਆ ਸੀ ਅਤੇ ਫਿਰ ਉਨ੍ਹਾਂ ਦੀ ਮਿਹਨਤ ਨੂੰ ਵੇਖਦਿਆਂ ਪਾਰਟੀ ਨੇ ਜ਼ਿਲ੍ਹਾ ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ। ਲਾਭ ਸਿੰਘ ਦੀ ਮਿਹਨਤ ਨੂੰ ਵੇਖਦਿਆਂ ਪਾਰਟੀ ਨੇ ਉਨ੍ਹਾਂ ਨੂੰ ਚੋਣ ਮੈਦਾਨ ਵਿੱਚ ਉਤਾਰਨ ਦਾ ਫ਼ੈਸਲਾ ਕੀਤਾ ਜਿਸ 'ਤੇ ਲਾਭ ਸਿੰਘ ਖ਼ਰੇ ਉਤਰੇ। 

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Anuradha

This news is Content Editor Anuradha