ਬਿਕਰਮ ਮਜੀਠੀਆ  'ਤੇ FIR ਮਗਰੋਂ ਬੋਲੇ ਕੁਲਬੀਰ ਜ਼ੀਰਾ, ਥੋੜ੍ਹੇ ਸਮੇਂ 'ਚ ਹੋਈ ਵੱਡੀ ਕਾਰਵਾਈ

12/21/2021 4:37:00 PM

ਫਿਰੋਜ਼ਪੁਰ – ਬਿਕਰਮ ਮਜੀਠੀਆ ਖ਼ਿਲਾਫ਼ ਐੱਫ. ਆਈ. ਆਰ. ਦਰਜ ਹੋਣ ਮਗਰੋਂ ਕਾਂਗਰਸ ਦੇ ਵਿਧਾਇਕ ਕੁਲਬੀਰ ਜ਼ੀਰਾ ਨੇ ਹਾਈਕੋਰਟ ਦਾ ਧੰਨਵਾਦ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਵੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ 80 ਦਿਨਾਂ ਦੇ ਕਾਰਜਕਾਲ ’ਚ ਉਨ੍ਹਾਂ ਨੇ ਵੱਡੀ ਕਾਰਵਾਈ ਕਰ ਕੇ ਪੰਜਾਬ ਦੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਇਸ ਤੋਂ ਇਲਾਵਾ ਜ਼ੀਰਾ ਨੇ ਪੰਜਾਬ ਦੇ ਨਵੇਂ ਬਣੇ ਡੀ. ਜੀ. ਪੀ. ਸਿਧਾਰਥ ਚਟੋਪਾਧਿਆਏ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਪੈਂਡਿੰਗ ਪਈ ਫ਼ਾਇਲ ਨੂੰ ਉਨ੍ਹਾਂ ਥੋੜ੍ਹੇ ਦਿਨਾਂ ’ਚ ਹੀ ਫਾਈਨਲ ਤੱਕ ਪਹੁੰਚਾ ਦਿੱਤਾ ਹੈ। ਚਟੋਪਾਧਿਆਏ ਦੀ ਤਾਰੀਫ਼ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਮਜੀਠੀਆ ’ਤੇ ਕੋਈ ਨਵੀਂ ਫ਼ਾਇਲ ਜਾਂ ਕੇਸ ਦਰਜ ਨਹੀਂ ਕੀਤਾ ਸਗੋਂ ਪੁਰਾਣੇ ਕਈ ਸਾਲਾਂ ਤੋਂ ਅਟਕ ਰਹੇ ਕੇਸ ਨੂੰ ਸੇਧ ਦਿੱਤੀ ਹੈ।

ਕੁਲਬੀਰ ਜ਼ੀਰਾ ਨੇ ਬਿਕਰਮ ਸਿੰਘ ਮਜੀਠੀਆ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਮਜੀਠੀਆ ਲਗਾਤਾਰ ਕਹਿੰਦੇ ਰਹੇ ਹਨ ਕਿ ਮੈਂ 6 ਫੁੱਟ ਦਾ ਹਾਂ ਅਤੇ ਕੁਲਬੀਰ ਜ਼ੀਰਾ 2 ਫੁੱਟ ਦਾ ਹੈ ਉਹ ਮੇਰਾ ਕੀ ਵਿਗਾੜ ਲਵੇਗਾ। ਹੁਣ ਮਜੀਠੀਆ ਖ਼ਿਲਾਫ਼ ਹੋਈ ਕਾਰਵਾਈ ਨੂੰ ਵੇਖਦੇ ਹੋਏ ਕੁਲਬੀਰ ਜ਼ੀਰਾ ਨੇ ਕਿਹਾ ਕਿ ਅੱਜ ਉਹ 6 ਫੁੱਟ ਦਾ ਮਜੀਠੀਆ ਕਿੱਥੇ ਲੁੱਕਿਆ ਬੈਠਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਬਿਕਰਮ ਸਿੰਘ ਮਜੀਠੀਆ ਆਖਦੇ ਹਨ ਕਿ ਕਾਂਗਰਸ ਸਿਆਸਤ ਦੀ ਦੁਰਵਰਤੋਂ ਕਰਕੇ ਉਨ੍ਹਾਂ ਖ਼ਿਲਾਫ਼ ਨਸ਼ਿਆਂ ਦੇ ਝੂਠੇ ਕੇਸ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਨਸ਼ਾ ਮਾਫ਼ੀਆ ਨੂੰ ਜੇਲ੍ਹ ’ਚ ਭੇਜਾਂਗੇ ਚਾਹੇ ਉਸ ’ਚ ਕੋਈ ਵੀ ਵਿਅਕਤੀ ਜਾਂ ਨੇਤਾ ਸ਼ਾਮਲ ਕਿਉਂ ਨਾ ਹੋਵੇ।

ਇਹ ਵੀ ਪੜ੍ਹੋ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਾਪਸ ਜਾਣ ਮੌਕੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਹੋਏ ਭਾਵੁਕ

ਅੱਜ ਸਾਡੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਹ ਵਾਅਦਾ ਪੂਰਾ ਕੀਤਾ। ਉਨ੍ਹਾਂ ਕਿਹਾ ਕਿ ਚਾਹੇ ਚੰਨੀ ਸਾਬ੍ਹ ਕੋਲ ਸਿਆਸਤ ’ਚ ਥੋੜ੍ਹੇ ਦਿਨ ਹਨ ਪਰ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਤਾਂ ਚਾਚਾ-ਭਤੀਜਾ ਵਾਲਾ ਹੀ ਰਿਸ਼ਤਾ ਨਿਭਾਇਆ ਗਿਆ ਸੀ, ਫਰਜ਼ ਤਾਂ ਹੁਣ ਚੰਨੀ ਸਾਬ੍ਹ ਨਿਭਾ ਰਹੇ ਹਨ। ਜ਼ੀਰਾ ਨੇ ਅੱਗੇ ਬੋਲਦਿਆਂ ਕਿਹਾ ਕਿ ਜਦੋਂ ਪੰਜਾਬ ’ਚ ਕੋਈ ਨੌਜਵਾਨ ਨਸ਼ੇ ਕਾਰਨ ਮਰਦਾ ਸੀ ਤਾਂ ਮੈਂ ਅਤੇ ਸੁਖਵਿੰਦਰ ਸਿੰਘ ਰੰਧਾਵਾ ਜਾਂਦੇ ਸੀ। ਸਾਨੂੰ ਪਤਾ ਹੈ ਕਿ ਨਸ਼ੇ ਕਾਰਨ ਕਿਵੇਂ ਲੋਕਾਂ ਦੇ ਘਰ ਉਜੜੇ ਹਨ। ਅੱਜ ਮਜੀਠੀਆ ਖ਼ਿਲਾਫ਼ ਕਾਰਵਾਈ ’ਤੇ  ਲੱਖਾਂ ਮਾਂਵਾਂ ’ਤੇ ਦਿਲਾਂ ਨੂੰ ਸਕੂਨ ਮਿਲਿਆ ਹੋਵੇਗਾ ਕਿ ਹੁਣ ਗੁਨਾਹਗਾਰ ਜਲਦੀ ਜੇਲ੍ਹ ’ਚ ਜਾਣ ਵਾਲਾ ਹੈ।


Anuradha

Content Editor

Related News