ਕੁਲਬੀਰ ਜੀਰਾ ਤਾਂ ਖੁਦ ਹੈ ਨਸ਼ਾ ਸਮੱਗਲਰ : ਸੁਖਬੀਰ

Saturday, Jan 12, 2019 - 11:53 PM (IST)

ਬਠਿੰਡਾ— ਨਸ਼ਾ ਸਮੱਗਲਿੰਗ ਦੇ ਲੱਗ ਰਹੇ ਦੋਸ਼ਾਂ ਦੇ ਬਾਰੇ 'ਚ ਬੋਲਦੇ ਹੋਏ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਖੁਦ ਵੱਡਾ ਨਸ਼ਾ ਸਮੱਗਲਰ ਹੈ। ਸੁਖਬੀਰ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਵਿਧਾਇਕ ਜ਼ੀਰਾ ਨੇ ਦੋਸ਼ ਲਾਇਆ ਸੀ ਕਿ ਸੁਖਬੀਰ ਬਾਦਲ ਨਸ਼ਾ ਸਮੱਗਲਰਾਂ ਨੂੰ ਸ਼ਹਿ ਦਿੰਦੇ ਰਹੇ ਹਨ, ਮਰਜ਼ੀ ਨਾਲ ਨਸ਼ਾ ਸਮੱਗਲਰਾਂ 'ਤੇ ਪਰਚੇ ਹੁੰਦੇ ਸੀ ਅਤੇ ਮਰਜ਼ੀ ਨਾਲ ਹੀ ਰੱਦ ਕੀਤੇ ਜਾਂਦੇ ਸੀ। ਕਈ ਵਾਰ ਤਾਂ ਨਸ਼ਾ ਸਮੱਗਲਰਾਂ ਦੇ ਕਹਿਣ 'ਤੇ ਨਿਰਦੋਸ਼ ਲੋਕਾਂ ਖਿਲਾਫ ਵੀ ਪਰਚੇ ਹੋ ਜਾਂਦੇ ਸਨ। ਇਸ ਬਿਆਨ 'ਤੇ ਸਖ਼ਤ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਸੁਖਬੀਰ ਨੇ ਕਿਹਾ ਕਿ ਜ਼ੀਰਾ ਖੁਦ ਇਕ ਵੱਡੇ ਨਸ਼ਾ ਸਮੱਗਲਰ ਹਨ, ਜਿਨ੍ਹਾਂ ਦੀ ਸਰਪ੍ਰਸਤੀ 'ਚ ਕਈ ਲੋਕ ਸਮੱਗਲਿੰਗ ਦਾ ਧੰਦਾ ਬੇਖੌਫ ਕਰ ਰਹੇ ਹਨ। ਫਿਰੋਜ਼ਪੁਰ 'ਚ ਜਾ ਕੇ ਦੇਖੋ ਕੁਲਬੀਰ ਜ਼ੀਰਾ ਤਾਂ ਰੇਤ ਬੱਜਰੀ ਵੀ ਖਾ ਰਹੇ ਹਨ। ਸੁਖਬੀਰ ਨੇ ਟਕੋਰ ਲਾਉਂਦਿਆਂ ਕਿਹਾ ਕਿ ਹੋ ਸਕਦਾ ਹੈ ਜ਼ੀਰਾ ਦੇ ਕਿਸੇ ਚਹੇਤੇ ਖਿਲਾਫ ਪਰਚਾ ਹੋ ਗਿਆ ਹੋਵੇ, ਜਿਸਦੇ ਰੋਸ 'ਚ ਉਹ ਇਹ ਸਭ ਬੋਲ ਰਿਹਾ ਹੈ। ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਮੰਤਰੀ ਸੌਂ ਰਹੇ ਹਨ, ਜਿਸ ਕਾਰਨ ਪੰਜਾਬ 'ਚ ਕੋਈ ਵੀ ਵਿਕਾਸ ਕੰਮ ਨਹੀਂ ਹੋ ਰਿਹਾ। ਪੰਜਾਬ ਇਸ ਸਮੇਂ ਡਰਾਈਵਰ ਲੈੱਸ ਕਾਰ 'ਚ ਸਵਾਰ ਹੈ, ਜੋ ਕਦੇ ਵੀ ਠੁਕ ਸਕਦੀ ਹੈ।


Related News