ਕੋਟਕਪੂਰਾ ''ਚ ਇਕ ਘਰ ਦੀ ਛੱਤ ''ਤੇ ਡਿੱਗੀ ਆਸਮਾਨੀ ਬਿਜਲੀ

02/29/2020 1:51:13 PM

ਕੋਟਕਪੂਰਾ (ਨਰਿੰਦਰ ਬੈੜ): ਅੱਜ ਸਵੇਰੇ ਸਥਾਨਕ ਮੁਹੱਲਾ ਪਟਵਾਰੀਆਂ ਵਾਲਾ ਵਿਖੇ ਇੱਕ ਘਰ ਦੀ ਛੱਤ 'ਤੇ ਆਸਮਾਨੀ ਬਿਜਲੀ ਡਿੱਗਣ ਦਾ ਪਤਾ ਲੱਗਿਆ ਹੈ। ਜ਼ੋਰਦਾਰ ਧਮਾਕੇ ਨਾਲ ਆਸਮਾਨੀ ਬਿਜਲੀ ਡਿੱਗਣ ਕਾਰਨ ਭਾਵੇਂ ਕਿਸੇ ਕਿਸਮ ਦੇ ਜਾਨੀ ਨੁਕਸਾਨ ਤੋਂ ਤਾਂ ਪੂਰੀ ਤਰਾਂ ਬਚਾਅ ਹੋ ਗਿਆ ਪਰ ਘਰ ਅੰਦਰ ਪਏ ਬਿਜਲੀ ਦੇ ਸਾਮਾਨ ਅਤੇ ਬਿਜਲੀ ਦੇ ਟਰਾਂਸਫਾਰਮਰ ਸੜਨ ਤੋਂ ਇਲਾਵਾ ਨੇੜੇ ਦੇ ਘਰਾਂ ਅੰਦਰ ਪਏ ਸਾਮਾਨ ਨੂੰ ਵੀ ਕਾਫੀ ਨੁਕਸਾਨ ਪੁੱਜਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁਹੱਲਾ ਪਟਵਾਰੀਆਂ ਦੀ ਗਲੀ ਨੰਬਰ-3 ਦੇ ਵਸਨੀਕ ਜੰਗੀਰ ਸਿੰਘ ਘੋਲੀਆ ਦੇ ਲੜਕੇ ਸ਼ੈਰੀ ਅਤੇ ਮਨੀ ਤੋਂ ਇਲਾਵਾ ਕੌਂਸਲਰ ਰਣਜੀਤ ਸਿੰਘ ਸਿੱਧੂ ਤੇ ਸਮਾਜਸੇਵੀ ਰਮੇਸ਼ ਗਾਭਾ ਨੇ ਦੱਸਿਆ ਕਿ ਸਵੇਰੇ 7:35 ਦੇ ਕਰੀਬ ਘਰ ਦੀ ਛੱਤ 'ਤੇ ਬਿਜਲੀ ਡਿੱਗਣ ਕਾਰਨ ਬਹੁਤ ਜ਼ਬਰਦਸਤ ਧਮਾਕਾ ਹੋਇਆ, ਛੱਤ 'ਤੇ ਲੈਂਟਰ 'ਚ ਖੱਡਾ ਬਣ ਗਿਆ ਅਤੇ ਨੇੜੇ ਪਈਆਂ ਇੱਟਾਂ ਟੁੱਟ ਕੇ ਨਾਲ ਦੇ ਘਰ ਜਾ ਡਿੱਗੀਆਂ। ਉਨ੍ਹਾਂ ਦੱਸਿਆ ਕਿ ਆਸਮਾਨੀ ਬਿਜਲੀ ਕਾਰਨ ਘਰ ਦਾ ਮੀਟਰ ਅਤੇ ਹੋਰ ਸਾਮਾਨ ਸੜਨ ਦੇ ਨਾਲ-ਨਾਲ ਨੇੜੇ ਲੱਗਿਆ ਬਿਜਲੀ ਦਾ ਸਰਕਾਰੀ ਟਰਾਂਸਫਾਰਮਰ ਵੀ ਸੜ ਗਿਆ। ਬਿਜਲੀ ਡਿੱਗਣ ਕਾਰਨ ਬੰਦ ਹੋਈ ਇਲਾਕੇ ਦੀ ਬਿਜਲੀ ਖਬਰ ਲਿਖੇ ਜਾਣ ਤੱਕ ਅਜੇ ਚਾਲੂ ਨਹੀਂ ਹੋ ਸਕੀ ਸੀ।

PunjabKesari

ਇਸ ਸਬੰਧੀ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਡ ਦੇ ਐਸ.ਡੀ.ਓ. ਬਲਵਿੰਦਰ ਸਿੰਘ ਨੇ ਟਰਾਂਸਫਾਰਮ ਦੇ ਸੜਨ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਬਿਜਲੀ ਕਰਮਚਾਰੀਆਂ ਵੱਲੋਂ ਟਰਾਂਸਫਾਰਮਰ ਨੂੰ ਠੀਕ ਕੀਤਾ ਜਾ ਰਿਹਾ ਹੈ। ਜ਼ਬਰਦਸਤ ਧਮਾਕੇ ਨਾਲ ਬਿਜਲੀ ਡਿੱਗਣ ਦੀ ਘਟਨਾ ਤੋਂ 4-5 ਘੰਟਿਆਂ ਬਾਅਦ ਤੱਕ ਵੀ ਲੋਕਾਂ 'ਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਸੀ।


Shyna

Content Editor

Related News