ਸਕੂਲ ਖੁੱਲ੍ਹਵਾਉਣ ਦੀ ਮੰਗ ਨੂੰ ਲੈ ਕੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਸਕੂਲ ਅੱਗੇ ਦਿੱਤਾ ਧਰਨਾ

02/02/2022 8:28:17 PM

ਸੰਗਰੂਰ (ਵਿਜੈ ਕੁਮਾਰ ਸਿੰਗਲਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਅੱਜ ਪਿੰਡ ਬਾਲੀਆਂ ਵਿਖੇ ਸਰਕਾਰੀ ਸਕੂਲ ਖੁੱਲ੍ਹਵਾਉਣ ਦੀ ਮੰਗ ਨੂੰ ਲੈ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਾਲੀਆਂ ਦੇ ਮੇਨ ਗੇਟ ਅੱਗੇ ਧਰਨਾ ਦਿੱਤਾ ਗਿਆ ਅਤੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਮੰਗ ਕੀਤੀ ਕਿ ਸਰਕਾਰੀ ਸਕੂਲਾਂ ਨੂੰ ਤੁਰੰਤ ਖੋਲ੍ਹਿਆ ਜਾਵੇ ਤਾਂ ਜੋ ਬੱਚਿਆਂ ਦੀ ਪੜ੍ਹਾਈ ਦੇ ਹੋ ਰਹੇ ਨੁਕਸਾਨ ਨੂੰ ਰੋਕਿਆ ਜਾਵੇ। ਇਸ ਮੌਕੇ ਵੱਡੀ ਗਿਣਤੀ 'ਚ ਪਿੰਡ ਦੀਆਂ ਔਰਤਾਂ, ਸਰਕਾਰੀ ਪ੍ਰਾਇਮਰੀ ਅਤੇ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਨੇ ਵੀ ਧਰਨੇ ਵਿਚ ਸ਼ਮੂਲੀਅਤ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਲਖਵੀਰ ਸਿੰਘ ਲੱਖਾ ਦੁੱਲਟ ਤੇ ਖਜ਼ਾਨਚੀ ਸ਼ੇਰ ਸਿੰਘ ਮੱਲ੍ਹੀ ਨੇ ਕਿਹਾ ਕਿ ਪੰਜਾਬ ਅੰਦਰ ਵਿਆਹ-ਸ਼ਾਦੀਆਂ, ਸਿਆਸੀ ਆਗੂਆਂ ਦੀਆਂ ਰੈਲੀਆਂ, ਧਾਰਮਿਕ ਸਮਾਗਮਾਂ ਅਤੇ ਹੋਰ ਜਨਤਕ ਇਕੱਠਾਂ 'ਚ ਕੋਰੋਨਾ ਨਹੀਂ ਆਉਂਦਾ ਜਦਕਿ 200 ਤੋਂ 250 ਦੀ ਗਿਣਤੀ ਵਿਚ ਚੱਲ ਰਹੇ ਸਰਕਾਰੀ ਸਕੂਲਾਂ ਅੰਦਰ ਕੋਰੋਨਾ ਆ ਸਕਦਾ। ਆਗੂਆਂ ਨੇ ਕਿਹਾ ਕਿ ਇਹ ਸਰਕਾਰਾਂ ਦੀਆਂ ਨੀਤੀਆਂ ਹਨ ਕਿ ਪੰਜਾਬ ਦੇ ਬੱਚਿਆਂ ਨੂੰ ਖਾਸਕਰ ਪਿੰਡਾਂ ਵਿਚ ਰਹਿੰਦੇ ਬੱਚਿਆਂ ਨੂੰ ਪੜ੍ਹਾਈ ਤੋਂ ਦੂਰ ਕੀਤਾ ਜਾਵੇ ਤਾਂ ਜੋ ਇਹ ਬੱਚੇ ਪੜ੍ਹ ਲਿਖ ਕੇ ਸਰਕਾਰਾਂ ਤੋਂ ਰੁਜ਼ਗਾਰ ਦੀ ਮੰਗ ਨਾ ਕਰਨ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਲੋਕ ਜ਼ਿਆਦਾਤਰ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰਾਂ ਦਾ ਘਰ ਚਲਾਉਂਦੇ ਹਨ, ਜਿਨ੍ਹਾਂ ਦੇ ਬੱਚੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਹਨ। ਉਨ੍ਹਾਂ ਲਈ ਮਹਿੰਗੇ ਭਾਅ ਦੇ ਮੋਬਾਇਲ ਦੇ ਕੇ ਆਨਲਾਈਨ ਕਲਾਸਾਂ ਲਗਾਉਣ ਵੱਡੀ ਸਮੱਸਿਆ ਬਣਿਆ ਹੋਇਆ ਹੈ ਕਿਉਂਕਿ ਇੰਟਰਨੈੱਟ ਦੇ ਖ਼ਰਚੇ ਇਹ ਪਰਿਵਾਰ ਹਰ ਮਹੀਨੇ ਨਹੀਂ ਭਰ ਸਕਦੇ।

ਇਹ ਖ਼ਬਰ ਪੜ੍ਹੋ- ਇੰਗਲੈਂਡ 24 ਸਾਲ ਬਾਅਦ ਅੰਡਰ-19 ਵਿਸ਼ਵ ਕੱਪ ਦੇ ਫਾਈਨਲ 'ਚ
ਅੱਜ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਵੱਲੋਂ ਬੱਚਿਆਂ ਨੂੰ ਲੈ ਕੇ ਸਕੂਲ ਦੀਆਂ ਕਲਾਸਾਂ ਵਿਚ ਬਿਠਾਇਆ ਗਿਆ ਅਤੇ ਅਧਿਆਪਕਾਂ ਨੂੰ ਬੱਚੇ ਪੜ੍ਹਾਉਣ ਲਈ ਕਿਹਾ ਗਿਆ ਅਤੇ ਇਹ ਧਰਨਾ ਸ਼ਾਮ ਤਕ ਜਾਰੀ ਰਿਹਾ। ਪ੍ਰਧਾਨ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਜੇਕਰ ਕੱਲ ਤੱਕ ਕੋਈ ਠੋਸ ਫੈਸਲਾ ਨਾ ਕੀਤਾ ਗਿਆ ਤਾਂ ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ ਅਤੇ ਮੁੜ ਸਕੂਲ ਅੱਗੇ ਧਰਨਾ ਲਗਾਇਆ ਜਾਵੇਗਾ। ਜਿਸ ਦੀ ਜ਼ਿੰਮੇਵਾਰੀ ਸਿੱਖਿਆ ਵਿਭਾਗ ਅਤੇ ਸਰਕਾਰ ਦੇ ਜ਼ਿੰਮੇਵਾਰ ਅਧਿਕਾਰੀਆਂ ਦੀ ਹੋਵੇਗੀ। ਇਸ ਮੌਕੇ ਨਛੱਤਰ ਸਿੰਘ, ਅਮਰਜੀਤ ਸਿੰਘ, ਬੂਟਾ ਸਿੰਘ ਮੀਤ ਪ੍ਰਧਾਨ, ਕੁਲਦੀਪ ਸਿੰਘ ਜੱਸੀ ਦੁੱਗਾ, ਪ੍ਰਧਾਨ ਜਗਜੀਵਨ ਸਿੰਘ ਕਿਲਾ ਹਕੀਮਾਂ, ਰਾਜ ਕੁਮਾਰ ਬਲਾਕ ਖਜ਼ਾਨਚੀ, ਭਰਪੂਰ ਸਿੰਘ ਭੱਠਲ, ਸੁਦਾਗਰ ਸਿੰਘ ਮੀਤ ਪ੍ਰਧਾਨ ਅਤੇ ਬਲਬੀਰ ਸਿੰਘ ਸਿੱਧੂ ਕਿਲਾ ਹਕੀਮਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਯੂਨੀਅਨ ਦੇ ਆਗੂ ਅਤੇ ਪਿੰਡ ਵਾਸੀ ਹਾਜ਼ਰ ਸਨ। ਇਸ ਮੌਕੇ ਸਬ ਡਵੀਜ਼ਨ ਧੂਰੀ ਦੇ ਐੱਸ. ਡੀ. ਐੱਮ. ਵੱਲੋਂ ਨਾਇਬ ਤਹਿਸੀਲਦਾਰ ਸ਼ੇਰਪੁਰ ਨੂੰ ਮੌਕੇ ਤੇ ਭੇਜਿਆ ਗਿਆ ਅਤੇ ਜਿਨ੍ਹਾਂ ਨੇ ਧਰਨਾਕਾਰੀਆਂ ਨਾਲ ਗੱਲਬਾਤ ਵੀ ਕੀਤੀ ਅਤੇ ਉਨ੍ਹਾਂ ਕਿਹਾ ਕਿ ਉਹ ਆਪਣੀ ਮੰਗ ਲਿਖਤੀ ਤੌਰ ਤੇ ਦੇ ਦੇਣ ਅਤੇ ਉਸ ਨੂੰ ਉੱਚ ਅਧਿਕਾਰੀਆਂ ਅਤੇ ਸਰਕਾਰ ਤੱਕ ਪੁੱਜਦਾ ਕਰ ਦਿੱਤਾ ਜਾਵੇਗਾ ਅਤੇ ਜੋ ਵੀ ਫ਼ੈਸਲਾ ਹੋਵੇਗਾ ਉਹ ਸਰਕਾਰ ਪੱਧਰ ਤੇ ਹੀ ਲਿਆ ਜਾ ਸਕਦਾ ਹੈ।

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh