ਭਾਰਤੀ ਕਿਸਾਨ ਯੂਨੀਅਨ ਵੱਲੋਂ ਟੋਲ ਪਲਾਜ਼ਾ ਅਤੇ ਪੈਟਰੋਲ ਪੰਪ ਨੇੜੇ ਪੱਕੇ ਮੋਰਚੇ ਲਗਾਉਣ ਦਾ ਐਲਾਨ

09/30/2020 4:46:24 PM

ਭਵਾਨੀਗੜ੍ਹ(ਕਾਂਸਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕੇਂਦਰ ਵੱਲੋਂ ਪਾਸ ਕੀਤੇ 3 ਕਿਸਾਨ ਵਿਰੋਧੀ ਅਰਡੀਨੈਂਸਾਂ ਦੇ ਵਿਰੋਧ 'ਚ 31 ਕਿਸਾਨ ਹਤੈਸ਼ੀ ਜਥੇਬੰਦੀਆਂ ਦੇ ਤਾਲਮੇਲ ਪ੍ਰੋਗਰਾਮ ਤਹਿਤ ਸੂਬਾ ਕਮੇਟੀ ਦੇ ਸੱਦੇ ਤਹਿਤ 1 ਅਕਤੂਬਰ ਤੋਂ ਭਵਾਨੀਗੜ੍ਹ ਇਲਾਕੇ 'ਚ ਪਿੰਡ ਕਾਲਾਝਾੜ ਟੋਲ ਪਲਾਜ਼ਾ ਅਤੇ ਪਿੰਡ ਬਾਲਦ ਕਲ੍ਹਾਂ ਰਿਲਾਇੰਸ ਕੰਪਨੀ ਦੇ ਪੈਟਰੋਲ ਪੰਪ ਨੇੜੇ ਪੱਕੇ ਮੋਰਚੇ ਲਗਾ ਕੇ ਕੇਂਦਰ ਸਰਕਾਰ ਨੂੰ ਇਹ ਆਰਡੀਨੈਂਸ ਰੱਦ ਕਰਨ ਲਈ ਮਜਬੂਰ ਕੀਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਭਵਾਨੀਗੜ੍ਹ ਇਕਾਈ ਦੀ ਮੀਟਿੰਗ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਪਿੰਡ ਫੱਗੂਵਾਲਾ ਵਿਖੇ ਬਲਾਕ ਪ੍ਰਧਾਨ ਅਜੈਬ ਸਿੰਘ ਲਖੇਆਲ ਅਤੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਜੀ ਘਰਾਚੋ ਦੀ ਅਗਵਾਈ 'ਚ ਹੋਈ ਮੀਟਿੰਗ ਤੋਂ ਬਾਅਦ ਇਸ ਦੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਆਗੂ ਹਰਜਿੰਦਰ ਸਿੰਘ ਘਰਾਚੋਂ ਨੇ ਕੀਤਾ। 
ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ 1 ਅਕਤੂਬਰ ਤੋਂ 7 ਅਕਤੂਬਰ ਤੱਕ 8 ਦਿਨਾਂ ਲਈ ਪਿੰਡ ਕਾਲਾਝਾੜ ਵਿਖੇ ਸਥਿਤ ਨੈਸ਼ਨਲ ਹਾਈਵੇ ਨੰਬਰ 7 ਦੇ ਟੋਲ ਪਲਾਜ਼ਾ ਉਪਰ ਪੱਕਾ ਮੋਰਚਾ ਲਗਾ ਕੇ ਇਥੋਂ ਲੰਘਣ ਵਾਲੇ ਕਿਸੇ ਵੀ ਵਾਹਨ ਦੀ ਟੋਲ ਦੀ ਕੋਈ ਵੀ ਪਰਚੀ ਨਹੀਂ ਕੱਟਣ ਦਿੱਤੀ ਜਾਵੇਗੀ ਹਰ ਵਾਹਨ ਨੂੰ ਫ੍ਰੀ 'ਚ ਲੰਘਾਇਆ ਜਾਵੇਗਾ ਅਤੇ ਇਸੇ ਤਰ੍ਹਾਂ ਪਿੰਡ ਬਾਲਦ ਕਲਾਂ ਵਿਖੇ ਸਥਿਤ ਰਿਲਾਇੰਸ ਕੰਪਨੀ ਦੇ ਪੈਟਰੋਲ ਪੰਪ ਉਪਰ ਪੱਕਾ ਮੋਰਚਾ ਲਗਾ ਕੇ ਇਥੋਂ ਕਿਸੇ ਵੀ ਵਾਹਨ ਨੂੰ ਪੈਟਰੋਲ ਡੀਜ਼ਲ ਨਹੀਂ ਪਵਾਉਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਇਨ੍ਹਾਂ ਕਿਸਾਨ ਵਿਰੋਧੀ ਅਰਡੀਨੈਂਸਾਂ ਨੂੰ ਰੱਦ ਨਹੀਂ ਕਰਦੀ ਕਿਸਾਨ ਆਪਣੀ ਇਸ ਲੜਾਈ ਨੂੰ ਇਸੇ ਤਰ੍ਹਾਂ ਹੀ ਜਾਰੀ ਰੱਖਣਗੇ ਅਤੇ ਇਨ੍ਹਾਂ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਲਈ ਆਖਰੀ ਦਮ ਤੱਕ ਕਿਸਾਨਾਂ ਵੱਲੋਂ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਕਿਸੇ ਵੀ ਤਰ੍ਹਾਂ ਦੀ ਕੁਰਬਾਨੀ ਦੇਣ ਤੋਂ ਵੀ 
ਗੁਰੇਜ ਨਹੀਂ ਕਰਨਗੇ ਅਤੇ ਇਸ ਸੰਘਰਸ਼ ਨੂੰ ਸੂਬੇ ਦੇ ਸਮੂਚੇ ਕਿਸਾਨ ਅਤੇ ਹੋਰ ਵਰਗਾਂ ਵੱਲੋਂ ਪੂਰੇ ਤਕੜੇ ਹੋ ਕੇ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਸੁਖਵਿੰਦਰ ਸਿੰਘ ਬਲਿਆਲ, ਕਰਮ ਚੰਦ ਪੰਨਵਾ, ਹਰਜੀਤ ਸਿੰਘ ਮਹਿਲਾ, ਰਘਵੀਰ ਸਿੰਘ ਘਰਾਚੋ, ਗਮਦੂਰ ਦਿਆਲਪੁਰਾ, ਗੁਰਦੇਵ ਸਿੰਘ ਆਲੋਅਰਖ, ਚਮਕੌਰ ਸਿੰਘ ਲੱਡੀ, ਕੁਲਵਿੰਦਰ ਸਿੰਘ ਲੱਡੀ ਅਤੇ ਹੋਰ ਕਾਫੀ ਕਿਸਾਨ ਹਾਜਰ ਸਨ।  


Aarti dhillon

Content Editor

Related News