ਪਹਿਲਾਂ ਵੱਜਣਗੇ ਢੋਲ ਅਤੇ ਫਿਰ ਚੱਲਣਗੇ ਟਰੈਕਟਰ: ਜੋਰ ਸ਼ੋਰ ਨਾਲ ਹੋਵੇਗਾ ਪ੍ਰਦਰਸ਼ਨ

07/10/2020 4:18:39 PM

ਫ਼ਰੀਦਕੋਟ (ਹਾਲੀ): ਕਿਰਤੀ ਕਿਸਾਨ ਯੂਨੀਅਨ ਵਲੋਂ ਮੋਦੀ ਸਰਕਾਰ ਦੇ ਕਿਸਾਨ ਵਿਰੋਧੀ ਆਰਡੀਨੈਸਾਂ ਖਿਲਾਫ ਪੂਰੇ ਪੰਜਾਬ 'ਚ ਕੱਲ੍ਹ ਤੋਂ ਪਿੰਡਾਂ 'ਚ ਢੋਲ ਮਾਰਚ ਅਤੇ 27 ਜੁਲਾਈ ਨੂੰ ਆਰਡੀਨੈੱਸ ਦੇ ਹਮਾਇਤੀ ਅਕਾਲੀ-ਭਾਜਪਾ ਦੇ ਆਗੂਆਂ ਦੇ ਘਰਾਂ ਵੱਲ ਟਰੈਕਟਰ ਮਾਰਚ ਕਰਨ ਦੇ ਸੱਦੇ ਨੂੰ ਪੂਰੇ ਜੋਰ ਸ਼ੋਰ ਨਾਲ ਲਾਗੂ ਕਰਨ ਦਾ ਫੈਸਲਾ ਕੀਤਾ।ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਅਤੇ ਜ਼ਿਲਾ ਪ੍ਰਧਾਨ ਸਰਬਜੀਤ ਅਜਿੱਤਗਿੱਲ ਨੇ ਕਿਹਾ ਕਿ ਅਨਾਜ ਦੀ ਸਰਕਾਰੀ ਖਰੀਦ ਦਾ ਭੋਗ ਪਾਉਣ ਅਤੇ ਕੰਪਨੀਆਂ ਦੁਆਰਾ ਠੇਕਾ ਖੇਤੀ ਕਰਵਾਉਣ ਲਈ ਲਿਆਂਦੇ ਆਰਡੀਨੈਸ ਕਿਸਾਨੀ ਦੀ ਮੌਤ ਦੇ ਵਾਰੰਟ ਹਨ। ਉਨਾਂ ਕਿਹਾ ਕਿ ਪ੍ਰਾਈਵੇਟ ਮੰਡੀਆਂ ਉਪਰ ਸੂਬਾ ਸਰਕਾਰਾਂ ਦੇ ਕਾਨੂੰਨ ਅਤੇ ਮਾਰਕੀਟ ਕਮੇਟੀ ਦੀ ਕੋਈ ਫੀਸ ਨਹੀਂ ਲਾਗੂ ਹੋਵੇਗੀ, ਜੋ ਇਸ ਸਾਲ ਦੇ ਰੇਟ ਮੁਤਾਬਿਕ ਝੋਨੇ 'ਤੇ 155 ਅਤੇ ਕਣਕ 'ਤੇ 164 ਰੁਪਏ ਪ੍ਰਤੀ ਕੁਇੰਟਲ ਬਣਦਾ ਹੈ ਜੋ ਕੇ ਪ੍ਰਾਈਵੇਟ ਮੰਡੀਆਂ 'ਚ ਲਾਗੂ ਨਾ ਹੋਣ ਕਰਕੇ ਇਹ ਪੈਸੇ ਵਪਾਰੀਆਂ ਨੂੰ ਬਚਣਗੇ, ਜੇਕਰ ਇਸ ਵਿੱਚੋਂ ਵਪਾਰੀ ਕਿਸਾਨਾਂ ਨੂੰ 50 ਰੁਪਏ ਵੀ ਵੱਧ ਦੇਣ ਤਾਂ ਕਿਸਾਨੀ ਦਾ ਝੁਕਾਅ ਪ੍ਰਾਈਵੇਟ ਮੰਡੀਆਂ ਵੱਲ ਹੋਵੇਗਾ ਅਤੇ ਸਰਕਾਰੀ ਮੰਡੀਆਂ 'ਚ ਅਨਾਜ ਦੀ ਪਹੁੰਚ ਘਟਣ ਦਾ ਬਹਾਨਾ ਬਣਾ ਕੇ ਸਰਕਾਰ ਸਰਕਾਰੀ ਖਰੀਦ ਬੰਦ ਕਰ ਦੇਵੇਗੀ ਅਤੇ ਘੱਟੋਂ ਘੱਟ ਸਮਰਥਨ ਮੁੱਲ 'ਤੇ ਖਰੀਦ ਦੀ ਗਾਰੰਟੀ ਵੀ ਬੰਦ ਹੋ ਜਾਵੇਗੀ। ਇਸ ਤੋਂ ਬਾਅਦ ਪ੍ਰਾਈਵੇਟ ਕੰਪਨੀਆਂ ਅਤੇ ਵਪਾਰੀ ਮਰਜੀ ਦਾ ਰੇਟ ਲਾ ਕੇ ਲੁੱਟਣਗੇ।

ਇਹ ਵੀ ਪੜ੍ਹੋ: ਅਕਾਲੀ ਆਗੂ ਗੁਰਸੇਵਕ ਮੁਨਸ਼ੀ ਦੀ ਖ਼ੁਦਕੁਸ਼ੀ ਦੇ ਮਾਮਲੇ 'ਚ ਆਇਆ ਨਵਾਂ ਮੋੜ, ਆਡੀਓ ਆਈ ਸਾਹਮਣੇ

ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਜਨਰਲ ਸਕੱਤਰ ਸਰਦੂਲ ਸਿੰਘ ਕਾਸਮਭੱਟੀ ਅਤੇ ਬਲਾਕ ਪ੍ਰਧਾਨ ਗੁਰਜੋਤ ਡੋਡ ਨੇ ਕਿਹਾ ਕਿ “ਇੱਕ ਦੇਸ਼ ਇੱਕ ਮੰਡੀ” ਬਣਾਉਣ ਦੀ ਯੋਜਨਾ ਕਿਸਾਨਾਂ ਦੇ ਨਹੀਂ ਵਪਾਰੀਆਂ ਦੇ ਪੱਖ ਵਿੱਚ ਹੈ। ਉਨਾਂ ਕਿਹਾ ਕਿ ਮੋਦੀ ਹਕੂਮਤ ਕਹਿ ਰਹੀ ਕਿ ਇਸ ਨਾਲ ਵਪਾਰੀਆਂ 'ਚ ਮੁਕਾਬਲੇਬਾਜੀ ਵਧੇਗੀ ਅਤੇ ਕਿਸਾਨਾਂ ਨੂੰ ਵੱਧ ਦਾਮ ਮਿਲਣਗੇ ਅਤੇ ਕਿਸਾਨ ਜਿਸ ਮੰਡੀ 'ਚ ਵੱਧ ਰੇਟ ਮਿਲਣਗੇ, ਉਥੇ ਫਸਲ ਵੇਚ ਸਕੇਗਾ। ਜੇਕਰ ਮੰਨ ਲਿਆ ਜਾਵੇ ਕੋਈ ਫਸਲ ਹਰਿਆਣਾ 'ਚ ਮਹਿੰਗੀ ਵਿਕ ਰਹੀ ਹੈ ਕੀ 86 ਫੀਸਦੀ ਕਿਸਾਨੀ ਜੋ 5 ਏਕੜ ਤੱਕ ਦੀ ਮਾਲਕੀ ਰੱਖਦੀ ਹੈ ਦੂਜੇ ਸੂਬਿਆ 'ਚ ਫਸਲ 'ਚ ਲਿਜਾ ਸਕੇਗੀ। ਦੂਸਰਾ ਜਦੋਂ ਉਸ ਮੰਡੀ 'ਚ ਵੀ ਫਸਲ ਵੱਧ ਪਹੁੰਚ ਗਈ, ਉਥੇ ਵੀ ਫਸਲ ਦਾ ਰੇਟ ਘੱਟ ਜਾਵੇਗਾ। ਕਿਸਾਨ ਆਗੂਆਂ ਕਿਹਾ ਕਿ ਇਸੇ ਤਰਾਂ ਠੇਕਾ ਖੇਤੀ ਜੋ ਕੰਪਨੀਆਂ ਦੁਆਰਾ ਕਰਵਾਈ ਜਾਣ ਦੀ ਯੋਜਨਾ ਆਰਡੀਨੈਸ ਰਾਹੀਂ ਲਿਆਂਦੀ ਹੈ। ਇਹ ਵੀ ਕਾਰਪੋਰੇਟ ਖੇਤੀ ਵੱਲ ਵਧਿਆ ਕਦਮ ਹੈ, ਜਿਸ ਤਹਿਤ ਛੋਟੀ ਕਿਸਾਨੀ ਨੂੰ ਖੇਤੀ 'ਚੋਂ ਬਾਹਰ ਕਰਨ ਦੀ ਯੋਜਨਾ ਹੈ, ਜਿਸ ਨਾਲ ਵੱਡੀ ਸਮਾਜਿਕ ਉਥਲ ਪੁਥਲ ਹੋਵੇਗੀ। ਕਿਰਤੀ ਕਿਸਾਨ ਯੂਨੀਅਨ ਨੇ ਇਨਾਂ ਕਿਸਾਨ ਵਿਰੋਧੀ ਆਰਡੀਨੈਸਾਂ ਦੀ ਹਮਾਇਤ ਕਰਨ ਵਾਲੇ ਅਕਾਲੀ-ਭਾਜਪਾ ਲੀਡਰਾਂ ਦੇ ਘਰਾਂ ਵੱਲ 27 ਜੁਲਾਈ ਨੂੰ ਟਰੈਕਟਰ ਮਾਰਚ ਕਰਨ ਲਈ ਤਿਆਰੀਆਂ ਸ਼ੁਰੂ ਕਰ ਲਈਆਂ ਹਨ। ਉਨਾਂ ਕਿਹਾ ਕਿ ਕੈਪਟਨ ਦਾ ਅਖੌਤੀ ਕਿਸਾਨੀ ਹੇਜ ਵੀ ਸਭ ਨੂੰ ਪਤਾ ਹੈ, ਜਿਸ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕਿਸਾਨੀ ਦਾ ਕਰਜਾ ਮੁਆਫ ਕਰਨ ਦਾ ਐਲਾਨ ਕੀਤਾ ਸੀ ਜੋ ਕਿ ਐਲਾਨ ਹੀ ਰਹਿ ਗਿਆ। ਕਿਸਾਨੀ ਨੂੰ ਆਪਣੀ ਲੜਾਈ ਖੁਦ ਹੀ ਲੜਨੀ ਪੈਣੀ ਹੈ।

ਇਹ ਵੀ ਪੜ੍ਹੋ: 4 ਭੈਣਾਂ ਦੇ ਇਕਲੌਤੇ ਭਰਾ ਨਾਲ ਵਾਪਰਿਆ ਦਰਦਨਾਕ ਹਾਦਸਾ, ਬਾਂਹ ਦੇ ਹੋਏ ਟੋਟੇ-ਟੋਟੇ


Shyna

Content Editor

Related News