ਬੁਢਲਾਡਾ : ਸਾਉਂਣੀ ਦੀ ਫਸਲ ਲਈ ਮਾਰਕਿਟ ਕਮੇਟੀ ਨੇ ਕੀਤਾ ਖਰੀਦ ਪ੍ਰਬੰਧਾਂ ਦਾ ਮੁਲਾਂਕਣ

09/14/2020 7:38:23 PM

ਬੁਢਲਾਡਾ,(ਬਾਂਸਲ) : ਮਾਰਕਿਟ ਕਮੇਟੀ ਵਲੋਂ ਸਾਉਣੀ ਦੀ ਫਸਲ ਨੂੰ ਧਿਆਨ 'ਚ ਰੱਖਦਿਆਂ ਖਰੀਦ ਪ੍ਰਬੰਧਾਂ ਤੇ ਮੁਲਾਂਕਣ ਕਰਨ ਲਈ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਖੇਮ ਸਿੰਘ ਜਟਾਣਾ ਨੇ ਦੱਸਿਆ ਕਿ ਪਿਛਲੇ ਸਾਲ 10 ਲੱਖ 47 ਹਜ਼ਾਰ 52 ਕੁਇੰਟਲ ਜੀਰੀ ਅਤੇ 4 ਲੱਖ 62 ਹਜ਼ਾਰ 75 ਕੁਇੰਟਲ ਨਰਮੇ ਦੀ ਆਮਦ ਨੂੰ ਮੱਦੇਨਜ਼ਰ ਰੱਖਦਿਆਂ ਮੁੱਖ ਯਾਰਡ ਸਮੇਤ 19 ਅਨਾਜ ਮੰਡੀਆਂ ਤੋਂ ਇਲਾਵਾ ਕੋਰੋਨਾ ਮਹਾਮਾਰੀ ਦੇ ਅਹਿਤਿਆਤ ਨੂੰ ਮੱਦੇਨਜ਼ਰ ਰੱਖਦਿਆਂ 8 ਪੇਂਡੂ ਖੇਤਰਾਂ 'ਚ ਨਵੀਆਂ ਮੰਡੀਆਂ ਸਥਾਪਿਤ ਕਰਨ ਦੀ ਪ੍ਰਵਾਨਗੀ ਭੇਜੀ ਗਈ ਹੈ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਖਰੀਦ ਕੇਂਦਰਾ ਨੂੰ ਸੈਨੀਟਾਇਜ਼, ਸਪਰੇਅ, ਬਿਜਲੀ, ਪਾਣੀ, ਛਾਂ ਦੇ ਪ੍ਰਬੰਧ ਲਈ ਸਬ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ।
ਇਸ ਸਮੁੱਚੇ ਪ੍ਰਬੰਧਾਂ ਦੀ ਦੇਖ-ਰੇਖ ਮਾਰਕਿਟ ਕਮੇਟੀ ਦੇ ਸਕੱਤਰ ਮਨਮੋਹਨ ਸਿੰਘ ਕਰਨਗੇ।

ਉਨ੍ਹਾਂ ਦੱਸਿਆ ਕਿ ਇਸ ਵਾਰ ਝੋਨੇ ਅਤੇ ਨਰਮੇ ਦੀ ਖਰੀਦ ਸ਼ਹਿਰ ਦੀ ਮੁੱਖ ਅਨਾਜ ਮੰਡੀ ਵਿੱਚ ਕੀਤੀ ਜਾਵੇਗੀ ਪਰ ਕੋਰੋਨਾ ਮਹਾਮਾਰੀ ਨੂੰ ਧਿਆਨ ਵਿੱਚ ਰੱਖਦਿਆਂ ਅਹਿਤਿਆਤ ਦੀ ਪਾਲਣਾ ਲਈ ਕਿਸਾਨ, ਆੜਤੀਏ ਅਤੇ ਮਜ਼ਦੂਰ ਸਹਿਯੋਗ ਕਰਨਗੇ। ਉਨ੍ਹਾਂ ਦੱਸਿਆ ਕਿ ਨਰਮੇ ਦੀ ਖਰੀਦ ਸੰਬੰਧੀ ਕਿਸਾਨਾਂ ਨੂੰ ਸਹੀ ਭਾਅ ਦਿਵਾਉਣ ਲਈ ਪੰਜਾਬ ਮੰਡੀਕਰਨ ਬੋਰਡ ਦੀਆਂ ਹਦਾਇਤਾਂ ਅਨੁਸਾਰ ਕਾਟਨ ਕਾਰਪੋਰੇਸ਼ਨ ਆਫ ਇੰਡਿਆ (ਸੀ. ਸੀ. ਆਈ.) ਵੱਲੋਂ ਵੀ ਇਕ ਅਕਤੂਬਰ ਤੋਂ ਨਰਮੇ ਦੀ ਖਰੀਦ ਸ਼ੁਰੂ ਕੀਤੀ ਜਾ ਰਹੀ ਹੈ। ਇਸ ਸੰਬੰਧੀ ਸੀ. ਸੀ. ਆਈ. ਦੇ ਅਧਿਕਾਰੀਆਂ ਨੇ ਐਸ. ਡੀ. ਐਮ. ਬੁਢਲਾਡਾ ਨਾਲ ਵੀ ਖਰੀਦ ਪ੍ਰਬੰਧਾਂ ਸੰਬੰਧੀ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਾਰ ਜੀਰੀ ਦੀ ਫਸਲ ਨੂੰ ਮੰਡੀਆਂ 'ਚ ਸੁੱਕੀ ਲੈ ਕੇ ਆਉਣ ਤਾਂ ਜੋ ਮੰਡੀਆਂ 'ਚ ਕਿਸਾਨਾਂ ਨੂੰ ਕੋਈ ਮੁਸ਼ਕਲ ਨਾ ਆ ਸਕੇ। ਇਸ ਮੌਕੇ ਮਾਰਕਿਟ ਕਮੇਟੀ ਦੇ ਸਕੱਤਰ ਮਨਮੋਹਨ ਸਿੰਘ ਨੇ ਦੱਸਿਆ ਕਿ ਪੇਂਡੂ ਖੇਤਰ ਵਿੱਚ ਖਰੀਦ ਕੇਂਦਰਾਂ ਤੋਂ ਇਲਾਵਾ ਪਿੰਡ ਫਫੜੇ ਭਾਈਕੇ ਵਿਖੇ ਦੋ, ਕੁਲਾਣਾਂ, ਦਾਤੇਵਾਸ, ਹੀਰੋ ਖੁਰਦ, ਭਾਦੜਾ ਅਤੇ ਰਾਮਗੜ੍ਹ ਦਰਿਆਪੁਰ ਵਿਖੇ ਵੱਖਰੇ ਤੌਰ 'ਤੇ ਖਰੀਦ ਕੇਂਦਰ ਸਥਾਪਿਤ ਕਰਨ ਲਈ ਮੰਡੀਕਰਨ ਨੂੰ ਸੂਚੀ ਭੇਜੀ ਗਈ ਹੈ। ਇਸ ਮੌਕੇ ਕਾਟਨ ਐਸ਼ੋਸ਼ੀਏਸ਼ਨ ਦੇ ਮਹਿੰਦਰਪਾਲ, ਆੜਤੀਆਂ ਦੇ ਅਮਰਨਾਥ ਨੰਦਗੜੀਆਂ, ਸੁਰਿੰਦਰ ਕੁਮਾਰ ਸਿੰਗਲਾ ਆਦਿ ਹਾਜ਼ਰ ਸਨ।  


Deepak Kumar

Content Editor

Related News