ਕਰਤਾਰਪੁਰ ਸਾਹਿਬ ਕੋਰੀਡੋਰ ਤੋਂ ਵਾਪਸ ਆਏ ਸ਼ਰਧਾਲੂਆਂ ਤੋਂ ਪੁੱਛਗਿਛ ਦੇ ਮੁੱਦੇ ''ਤੇ ਸਦਨ ''ਚ ਹੰਗਾਮਾ

02/27/2020 11:39:49 PM

ਚੰਡੀਗੜ੍ਹ,(ਰਮਨਜੀਤ)- ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਰਾਹੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਕੇ ਪਰਤੇ ਕੁਝ ਸ਼ਰਧਾਲੂਆਂ ਤੋਂ ਪੰਜਾਬ ਪੁਲਸ ਵੱਲੋਂ ਥਾਣੇ ਲਿਜਾ ਕੇ ਕੀਤੀ ਗਈ ਪੁੱਛਗਿਛ ਦੇ ਮੁੱਦੇ 'ਤੇ ਸਦਨ 'ਚ ਜ਼ਬਰਦਸਤ ਹੰਗਾਮਾ ਹੋਇਆ। ਵਿਰੋਧੀ ਧਿਰਾਂ ਆਮ ਆਦਮੀ ਪਾਰਟੀ, ਅਕਾਲੀ ਦਲ ਅਤੇ ਲੋਕ ਇਨਸਾਫ ਪਾਰਟੀ ਦੇ ਵਿਧਾਇਕਾਂ ਨੇ ਇਸ ਮਾਮਲੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਦਨ 'ਚ ਦਿੱਤੇ ਗਏ ਬਿਆਨ, ਪੰਜਾਬ ਪੁਲਸ ਅਤੇ ਸਰਕਾਰ ਦੇ ਇਰਾਦੇ 'ਤੇ ਸਵਾਲ ਖੜ੍ਹੇ ਕੀਤੇ। ਹਾਲਾਂਕਿ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਰਕਾਰ ਦਾ ਪੱਖ ਰੱਖਦਿਆਂ ਸਥਿਤੀ ਸਪੱਸ਼ਟ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਸਿਫ਼ਰ ਕਾਲ ਦੇ ਖਤਮ ਹੁੰਦੇ-ਹੁੰਦੇ ਮਾਮਲਾ ਇੰਨਾ ਵੱਧ ਗਿਆ ਕਿ ਅਕਾਲੀ ਦਲ ਦੇ ਵਿਧਾਇਕਾਂ ਨੇ ਵਾਕਆਊਟ ਕਰ ਦਿੱਤਾ।

ਸਿਫ਼ਰ ਕਾਲ ਦੀ ਸ਼ੁਰੂਆਤ ਕਰਦਿਆਂ ਨੇਤਾ ਵਿਰੋਧੀ ਧਿਰ ਹਰਪਾਲ ਸਿੰਘ ਚੀਮਾ ਨੇ ਰਾਜ ਦੇ ਆਂਗਣਵਾੜੀ ਕੇਂਦਰਾਂ ਲਈ ਭਾਰ ਤੋਲਣ ਵਾਲੀਆਂ ਮਸ਼ੀਨਾਂ ਦੀ ਖਰੀਦ 'ਚ ਘਪਲੇ ਦਾ ਮਾਮਲਾ ਚੁੱਕਿਆ। ਉਨ੍ਹਾਂ ਕਿਹਾ ਕਿ ਜਿਸ ਨੈਸ਼ਨਲ ਫੈੱਡਰੇਸ਼ਨ ਆਫ ਫਾਰਮਰ ਪ੍ਰਕਿਊਰਮੈਂਟ ਆਫ ਇੰਡੀਆ ਨਾਂ ਦੀ ਕੰਪਨੀ ਤੋਂ ਪ੍ਰਤੀ ਸੈੱਟ 7,882 ਰੁਪਏ 'ਚ ਸਰਕਾਰ ਵੱਲੋਂ ਇਹ ਮਸ਼ੀਨਾਂ ਖਰੀਦੀਆਂ ਜਾ ਰਹੀਆਂ ਹਨ, ਉਸੇ ਸਪੈਸੀਫਿਕੇਸ਼ਨ ਵਾਲੀਆਂ ਮਸ਼ੀਨਾਂ 4000 ਰੁਪਏ ਪ੍ਰਤੀ ਸੈੱਟ ਬਾਜ਼ਾਰ 'ਚ ਆਮ ਉਪਲਬਧ ਹਨ। ਚੀਮਾ ਨੇ ਦੋਸ਼ ਲਾਇਆ ਕਿ ਇਸ ਖਰੀਦ 'ਚ 50 ਫ਼ੀਸਦੀ ਦਾ ਸਿੱਧਾ ਘਪਲਾ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਜਾਂਚ ਕਰਵਾ ਕੇ ਭ੍ਰਿਸ਼ਟ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇ। ਅਕਾਲੀ ਦਲ ਵਿਧਾਇਕ ਦਲ ਦੇ ਨੇਤਾ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਸਦਨ 'ਚ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਨਾਲ ਸਬੰਧਤ ਬਿਆਨ ਦਿੱਤਾ ਸੀ ਅਤੇ ਅਸੀਂ ਉਸ 'ਤੇ ਸੰਤੁਸ਼ਟ ਸੀ ਪਰ ਹੁਣ ਨਵਾਂ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਪੰਜਾਬ ਪੁਲਸ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਤੋਂ ਪਰਤੇ ਕੁਝ ਸ਼ਰਧਾਲੂਆਂ ਨੂੰ ਥਾਣੇ 'ਚ ਲਿਜਾ ਕੇ ਕਈ ਘੰਟਿਆਂ ਤੱਕ ਪੁੱਛਗਿਛ ਕੀਤੀ ਗਈ ਹੈ। ਇਸ ਤੋਂ ਲੱਗਦਾ ਹੈ ਕਿ ਮੁੱਖ ਮੰਤਰੀ ਸਦਨ 'ਚ ਬਿਆਨ ਕੁਝ ਹੋਰ ਦੇ ਰਹੇ ਹਨ, ਜਦੋਂਕਿ ਪੰਜਾਬ ਪੁਲਸ ਕਰ ਕੁਝ ਹੋਰ ਰਹੀ ਹੈ।

ਇਸ 'ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਨੇ ਵੀ ਇਸ ਬਾਰੇ ਪਤਾ ਲੱਗਦੇ ਹੀ ਤੱਤਕਾਲ ਸਬੰਧਤ ਐੱਸ. ਐੱਚ. ਓ. ਅਤੇ ਐੱਸ. ਐੱਸ. ਪੀ. ਨਾਲ ਫੋਨ 'ਤੇ ਗੱਲ ਕੀਤੀ ਸੀ, ਜਿਥੋਂ ਪਤਾ ਲੱਗਾ ਕਿ ਇੰਟੈਲੀਜੈਂਸ ਬਿਊਰੋ ਦੇ ਐਡੀਸ਼ਨਲ ਇੰਸਪੈਕਟਰ ਜਨਰਲ ਵੱਲੋਂ ਇਕ ਪੱਤਰ ਭੇਜਿਆ ਗਿਆ ਸੀ, ਜਿਸ ਦੇ ਆਧਾਰ 'ਤੇ ਉਕਤ 4-5 ਆਦਮੀਆਂ ਤੋਂ ਪੁੱਛਗਿਛ ਕੀਤੀ ਗਈ ਸੀ। ਇਸ ਤੋਂ ਬਾਅਦ ਇਕ ਵਾਰ ਫਿਰ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਖੜ੍ਹੇ ਹੋਏ ਅਤੇ ਆਈ. ਬੀ. ਵੱਲੋਂ ਭੇਜੇ ਗਏ ਪੱਤਰ ਦਾ ਮਜ਼ਮੂਨ ਪੜ੍ਹਨ ਲੱਗੇ ਪਰ ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਕ ਪਾਸੇ ਤਾਂ ਪੰਜਾਬ ਸਰਕਾਰ ਸੀ. ਏ. ਏ. ਵਰਗੇ ਕੇਂਦਰ ਦੇ ਕਾਨੂੰਨ ਨੂੰ ਲਾਗੂ ਕਰਨ ਤੋਂ ਸਾਫ਼ ਮਨ੍ਹਾ ਕਰ ਰਹੀ ਹੈ ਅਤੇ ਦੂਜੇ ਪਾਸੇ ਸ਼ਰਧਾਲੂਆਂ ਤੋਂ ਪੁੱਛਗਿਛ ਕਰਨ ਲਈ ਆਈ. ਬੀ. ਦੀਆਂ ਚਿੱਠੀਆਂ ਦਾ ਹਵਾਲਾ ਦੇ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਸਬੰਧਤ ਐੱਸ. ਐੱਚ. ਓ. ਅਤੇ ਐੱਸ. ਐੱਸ. ਪੀ. ਨੂੰ ਸਸਪੈਂਡ ਕੀਤਾ ਜਾਵੇ। ਆਪਣੀ ਇਸ ਮੰਗ ਨਾਲ ਅਕਾਲੀ ਵਿਧਾਇਕ ਕੁਝ ਦੇਰ ਨਾਅਰੇਬਾਜ਼ੀ ਕਰਨ ਤੋਂ ਬਾਅਦ ਵਾਕਆਊਟ ਕਰ ਗਏ।

ਓਧਰ, ਆਈ. ਬੀ. ਦਾ ਪੱਤਰ ਪੜ੍ਹਨ ਤੋਂ ਬਾਅਦ ਜਿਉਂ ਹੀ ਰੰਧਾਵਾ ਬੈਠੇ, ਉਨ੍ਹਾਂ ਅਤੇ ਨੇਤਾ ਵਿਰੋਧੀ ਧਿਰ ਹਰਪਾਲ ਸਿੰਘ ਚੀਮਾ ਵਿਚਕਾਰ ਤਿੱਖੀ ਬਹਿਸ ਹੋ ਗਈ ਕਿਉਂਕਿ ਚੀਮਾ ਮੰਗ ਕਰ ਰਹੇ ਸਨ ਕਿ ਇਸ ਮਾਮਲੇ 'ਚ ਕਿਉਂਕਿ ਪਹਿਲਾਂ ਮੁੱਖ ਮੰਤਰੀ ਨੇ ਬਿਆਨ ਦਿੱਤਾ ਹੈ ਤਾਂ ਹੁਣ ਸਥਿਤੀ ਵੀ ਉਹੀ ਸਪੱਸ਼ਟ ਕਰਨ, ਜਦੋਂਕਿ ਮੁੱਖ ਮੰਤਰੀ ਅੱਜ ਸਦਨ 'ਚ ਮੌਜੂਦ ਨਹੀਂ ਸਨ। ਕੁਝ ਦੇਰ ਦੇ ਹੰਗਾਮੇ ਤੋਂ ਬਾਅਦ ਕੰਵਰ ਸੰਧੂ ਅਤੇ ਸਿਮਰਜੀਤ ਸਿੰਘ ਬੈਂਸ ਵੱਲੋਂ ਵੀ ਇਸ ਮਾਮਲੇ 'ਤੇ ਸਰਕਾਰ ਦੇ ਇਰਾਦੇ 'ਤੇ ਸਵਾਲ ਖੜ੍ਹੇ ਕੀਤੇ ਗਏ। ਬੈਂਸ ਨੇ ਕਿਹਾ ਕਿ ਦੇਸ਼ 'ਚ ਘੱਟ ਗਿਣਤੀਆਂ ਦਾ ਭਵਿੱਖ ਅਸੁਰੱਖਿਅਤ ਹੈ। ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੇ ਜਗਰਾਓਂ ਸ਼ਹਿਰ 'ਚ ਰਾਣੀ ਝਾਂਸੀ ਚੌਕ 'ਤੇ ਨਗਰ ਕੌਂਸਲ ਦੀਆਂ ਦੁਕਾਨਾਂ ਵੇਚਣ ਦਾ ਮੁੱਦਾ ਚੁੱਕਿਆ। ਅਕਾਲੀ ਵਿਧਾਇਕ ਪਵਨ ਟੀਨੂੰ ਨੇ ਕਿਹਾ ਕਿ 4500 ਐੱਸ. ਸੀ. ਵਿਦਿਆਰਥੀਆਂ ਨੂੰ ਰੋਲ ਨੰਬਰ ਇਸ ਲਈ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਉਨ੍ਹਾਂ ਨੇ ਫੀਸ ਨਹੀਂ ਜਮ੍ਹਾ ਕਰਵਾਈ। ਐੱਸ. ਸੀ. ਸਕਾਲਰਸ਼ਿਪ ਨਾ ਆਉਣ ਕਾਰਣ ਇਨ੍ਹਾਂ ਵਿਦਿਆਰਥੀਆਂ ਦਾ ਭਵਿੱਖ ਹਨੇਰੇ 'ਚ ਹੈ।