ਬਿਜਲੀ ਦੀ ਸਪਾਰਕਿੰਗ ਨਾਲ ਕਾਹਨੇਕੇ ਤੇ ਧੂਰਕੋਟ ਦੇ ਕਿਸਾਨਾਂ ਦੀ ਕਣਕ ਸਡ਼ੀ

04/24/2019 12:42:55 AM

ਰੂਡ਼ੇਕੇ ਕਲਾਂ, (ਮੁਖਤਿਆਰ)- ਧੂਰਕੋਟ ਦੇ ਖੇਤਾਂ ’ਚ ਬਿਜਲੀ ਦੀ ਸਵਿੱਚ ਤੋਂ ਨਿਕਲੀਆਂ ਚੰਗਿਆਡ਼ੀਆਂ ਨਾਲ ਕਣਕ ਨੂੰ ਅੱਗ ਲੱਗਣ ਨਾਲ ਦਰਜਨ ਦੇ ਕਰੀਬ ਕਿਸਾਨਾਂ ਦੇ ਸੁਪਨੇ ਰਾਖ ਹੋ ਗਏ। ਹਵਾ ਤੇਜ਼ ਹੋਣ ਕਾਰਨ ਅੱਗ ਬੇਕਾਬੂ ਹੋ ਕੇ ਪਿੰਡ ਕਾਹਨੇ ਕੇ ਦੇ ਖੇਤਾਂ ਤੱਕ ਚਲੀ ਗਈ, ਜਿਸ ਕਾਰਨ 30 ਏਕਡ਼ ਤੋਂ ਜ਼ਿਆਦਾ ਕਣਕ ਤੇ ਨਾਡ਼ ਮਿੰਟਾਂ ’ਚ ਸੁਆਹ ਹੋ ਗਿਆ। ਅੱਗ ਦੀ ਘਟਨਾ ਦਾ ਪਤਾ ਚਲਦਿਆਂ ਫਾਇਰ ਬ੍ਰਿਗੇਡ ਦੀ ਗੱਡੀ ਅਤੇ ਤਿੰਨ ਪਿੰਡਾਂ ਦੇ ਲੋਕ ਆਪਣੇ ਸਾਧਨਾਂ ਰਾਹੀਂ ਅੱਗ ’ਤੇ ਕਾਬੂ ਪਾਉਣ ’ਚ ਸਫ਼ਲ ਰਹੇ, ਨਹੀਂ ਤਾਂ ਸੈਂਕਡ਼ੇ ਏਕਡ਼ ਕਣਕ ਹੋਰ ਸਡ਼ ਜਾਂਦੀ। ਧੂਰਕੋਟ ਦੇ ਕਿਸਾਨ ਦਰਸ਼ਨ ਸਿੰਘ ਪੁੱਤਰ ਜੱਗਰ ਸਿੰਘ ਨੇ 5 ਏਕਡ਼ ਜ਼ਮੀਨ ਠੇਕੇ ’ਤੇ ਲਈ ਹੋਈ ਸੀ, ਜਿਸ ’ਚ ਖਡ਼੍ਹੀ ਕਣਕ ਦੀ ਸਾਰੀ ਫ਼ਸਲ ਸਡ਼ ਗਈ। ਪ੍ਰਾਪਤ ਵੇਰਵਿਆਂ ਅਨੁਸਾਰ ਗੁਲਾਬ ਸਿੰਘ ਦੀ 2 ਏਕਡ਼, ਬਾਰਾ ਸਿੰਘ ਡੇਢ ਏਕਡ਼ , ਨਛੱਤਰ ਸਿੰਘ ਢਾਈ ਏਕਡ਼, ਬੇਅੰਤ ਸਿੰਘ ਡੇਢ ਏਕਡ਼, ਰਣਧੀਰ ਸਿੰਘ ਇਕ ਏਕਡ਼, ਗੁਰਮੇਲ ਸਿੰਘ ਡੇਢ ਏਕਡ਼, ਜਗਤਾਰ ਸਿੰਘ ਦੀ ਡੇਢ ਏਕਡ਼ ਕਣਕ ਸਡ਼ਨ ਦਾ ਪਤਾ ਚੱਲਿਆ ਹੈ। ਧੂਰਕੋਟ ਦੇ ਕਿਸਾਨ ਗੁਰਦਾਸ ਸਿੰਘ ਨੇ ਦੱਸਿਆ ਕਿ ਇਸ ਸਵਿੱਚ ਤੋਂ ਪਿਛਲੇ ਤਿੰਨ ਸਾਲ ਤੋਂ ਲਗਾਤਾਰ ਸਪਾਰਕਿੰਗ ਨਾਲ ਅੱਗ ਦੀਆਂ ਘਟਨਾਵਾਂ ਵਾਪਰਦੀਆਂ ਆ ਰਹੀਆਂ ਹਨ ਪਰ ਪਾਵਰਕਾਮ ਦੇ ਅਧਿਕਾਰੀਆਂ ਨੇ ਕਦੇ ਵੀ ਇਸ ਦਾ ਸਥਾਈ ਹੱਲ ਨਹੀਂ ਕੀਤਾ ।

Bharat Thapa

This news is Content Editor Bharat Thapa