ਜਲਦ ਅਮੀਰ ਬਣਨ ਲਈ ਕਬੱਡੀ ਦੇ  ਖਿਡਾਰੀਆਂ ਨੇ  ਬਣਾਇਆ ਲੁਟੇਰਾ ਗੈਂਗ

09/19/2018 7:01:55 AM

 ਲੁਧਿਆਣਾ, (ਰਿਸ਼ੀ)- ਜਲਦ ਅਮੀਰ ਬਣਨ ਲਈ ਕਬੱਡੀ ਦੇ 3 ਖਿਡਾਰੀਆਂ ਨੇ 67 ਦਿਨ ਪਹਿਲਾਂ ਮਿਲ ਕੇ ਗੈਂਗ ਬਣਾ ਲਿਆ, ਜਿਨ੍ਹਾਂ ਨੇ ਡਾਬਾ ਅਤੇ ਸ਼ਿਮਲਾਪੁਰੀ ਇਲਾਕੇ ’ਚ ਗੰਨ ਪੁਆਇੰਟ ’ਤੇ 3 ਵੱਡੀਆਂ ਵਾਰਦਾਤਾਂ ਕਰ ਦਿੱਤੀਆਂ। ਪੁਲਸ ਨੇ ਗੈਂਗ ਦੇ 4 ਮੈਂਬਰਾਂ ਨੂੰ ਸੋਮਵਾਰ ਨੂੰ ਸੂਚਨਾ ਦੇ ਆਧਾਰ ’ਤੇ ਗ੍ਰਿਫਤਾਰ ਕਰ ਕੇ ਕੇਸ ਹੱਲ ਕਰ ਲਏ ਹਨ, ਜਦੋਂਕਿ 3 ਫਰਾਰ ਹਨ। 
ਇਹ  ਜਾਣਕਾਰੀ ਏ. ਡੀ. ਸੀ. ਪੀ. ਸੁਰਿੰਦਰ ਲਾਂਬਾ, ਏ. ਸੀ. ਪੀ. ਜਸਵਿੰਦਰ ਸਿੰਘ ਚਾਹਲ ਅਤੇ ਥਾਣਾ ਮੁਖੀ ਇੰਸ. ਦਵਿੰਦਰ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਫਡ਼ੇ ਗਏ 4 ਲੁਟੇਰਿਆਂ ’ਚੋਂ 3 ਕਬੱਡੀ ਦੇ ਖਿਡਾਰੀ ਹਨ ਅਤੇ ਆਰਥਿਕ ਤੰਗੀ ਅਤੇ ਜਲਦ ਅਮੀਰ ਬਣਨ ਦੇ ਸੁਪਨਿਆਂ ਨੇ ਉਨ੍ਹਾਂ ਨੂੰ ਲੁਟੇਰੇ ਬਣਾ ਦਿੱਤਾ।  ਇਨ੍ਹਾਂ ਨੇ ਵਾਰਦਾਤਾਂ ਕਰਨ ਲਈ ਆਪਣੇ ਨਾਲ 4 ਹੋਰ ਨੌਜਵਾਨਾਂ ਨੂੰ ਜੋਡ਼ ਲਿਆ। ਪੁਲਸ ਮੰਗਲਵਾਰ ਨੂੰ ਸਾਰਿਆਂ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ’ਤੇ ਬਾਰੀਕੀ ਨਾਲ ਪੁੱਛਗਿੱਛ ਕਰੇਗੀ। ਪੁਲਸ  ਮੁਤਾਬਕ ਇਸੇ ਗੈਂਗ ਵਲੋਂ ਜਗਰਾਓਂ ਵਿਚ ਵੀ ਕਈ ਵੱਡੀਆਂ ਵਾਰਦਾਤਾਂ ਕੀਤੀਆਂ ਹਨ ਅਤੇ ਉਥੋਂ ਦੀ ਪੁਲਸ ਵੀ ਇਨ੍ਹਾਂ ਨੂੰ ਲੱਭ ਰਹੀ ਹੈ।
ਫਰਾਰ ਦੋਸ਼ੀਆਂ ਦੀ ਪਛਾਣ 
v ਕੁਲਵਿੰਦਰ ਸਿੰਘ   ਨਿਵਾਸੀ ਜੋਧਾਂ (ਖਿਡਾਰੀ)
v ਲਲਿਤ ਕੁਮਾਰ (22) ਨਿਵਾਸੀ ਪਿੰਡ ਲੋਹਾਰਾ (ਖਿਡਾਰੀ)
v ਦਵਿੰਦਰ ਸਿੰਘ (22) ਨਿਵਾਸੀ ਲੋਹਾਰਾ ਕਾਲੋਨੀ (ਖਿਡਾਰੀ)
v ਸੁਰਜੀਤ ਸਿੰਘ (33) ਨਿਵਾਸੀ ਬਸੰਤ ਨਗਰ
v ਜਗਜੀਤ ਸਿੰਘ (24)  ਨਿਵਾਸੀ ਪਿੰਡ ਸਹਿਜਾਦ
v ਜਸਪ੍ਰੀਤ ਸਿੰਘ (26)  ਨਿਵਾਸੀ ਪਿੰਡ ਸਹਿਜਾਦ
v ਬਬਲੂ ਚੌਹਾਨ (20) ਨਿਵਾਸੀ ਗੁਰਪਾਲ ਨਗਰ, ਡਾਬਾ
ਹੱਲ ਹੋਏ ਕੇਸ 
l10 ਅਗਸਤ ਨੂੰ ਥਾਣਾ ਡਾਬਾ ਦੇ ਇਲਾਕੇ ਆਦਰਸ਼ ਕਾਲੋਨੀ ਵਿਚ  ਕਿਸ਼ੋਰ ਦੇ ਕਲੀਨਿਕ ਵਿਚ ਦਾਖਲ ਹੋ ਕੇ ਗੰਨ ਪੁਆਇੰਟ ’ਤੇ 4 ਮੋਬਾਇਲ ਫੋਨ ਅਤੇ 12 ਹਜ਼ਾਰ ਦੀ ਲੁੱਟ।
l14 ਅਗਸਤ ਨੂੰ ਥਾਣਾ ਸ਼ਿਮਲਾਪੁਰੀ ਦੇ ਇਲਾਕੇ ਮੁਹੱਲਾ ਗੋਬਿੰਦਸਰ ’ਚ ਫਾਇਨਾਂਸਰ ਕੁਲਵਿੰਦਰ ਸਿੰਘ ਕੋਲੋਂ ਗੰਨ ਪੁਆਇੰਟ ’ਤੇ 3 ਮੋਬਾਇਲ ਅਤੇ ਨਕਦੀ ਦੀ ਲੁੱਟ।
l24 ਅਗਸਤ ਨੂੰ ਦਿਨ-ਦਿਹਾਡ਼ੇ ਥਾਣਾ  ਸ਼ਿਮਲਾਪੁਰੀ ਇਲਾਕੇ ਬਰੋਟਾ ਰੋਡ ’ਤੇ ਖਾਲੀ ਪਲਾਟ ਵਿਚ ਖਡ਼੍ਹੇ ਗੈਸ ਏਜੰਸੀ ਦੇ ਵਰਕਰਾਂ  ’ਤੇ ਮੋਟਰਸਾਈਕਲ ਸਵਾਰਾਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰ ਕੇ 44 ਹਜ਼ਾਰ ਦੀ ਨਕਦੀ  ਤੇ ਮੋਬਾਇਲ ਫੋਨ ਦੀ ਲੁੱਟ।
ਵਾਰਦਾਤਾਂ ’ਚ ਵਰਤ ਰਿਹਾ ਸੀ ਭਰਾ ਦਾ ਰਿਵਾਲਵਰ  
 ਇੰਸ. ਦਵਿੰਦਰ ਸਿੰਘ  ਮੁਤਾਬਕ ਗੈਂਗ ਦਾ ਸਰਗਣਾ ਕੁਲਵਿੰਦਰ ਸਿੰਘ ਜਿਸ ’ਤੇ ਜੋਧਾਂ ਪੁਲਸ ਸਟੇਸ਼ਨ ਵਿਚ ਕਤਲ ਦਾ ਯਤਨ ਅਤੇ ਅਪਰਾਧੀਆਂ ਨੂੰ ਪਨਾਹ ਦੇਣ ਦੇ ਦੋ ਪਰਚੇ ਦਰਜ ਹਨ। ਲਗਭਗ ਇਕ ਸਾਲ ਪਹਿਲਾਂ ਉਸ ਦੇ ਭਰਾ ਗੁਰਿੰਦਰ ਸਿੰਘ ਨੇ ਖੁਦਕੁਸ਼ੀ ਕਰ ਲਈ, ਜਿਸ ਤੋਂ ਬਾਅਦ ਉਸ ਦੇ 32 ਬੋਰ ਦੇ ਰਿਵਾਲਵਰ ਦੀ ਵਰਤੋਂ ਵਾਰਦਾਤਾਂ ਕਰਨ ਲਈ ਕਰ ਰਿਹਾ ਸੀ।
ਬਰਾਮਦਗੀ
 32 ਬੋੋਰ ਦਾ ਪਿਸਤੌਲ 5 ਜ਼ਿੰਦਾ ਕਾਰਤੂਸ 2 ਦਾਤਰ 1 ਬੁਲਟ ਮੋਟਰਸਾਈਕਲ 1 ਪਲੈਟੀਨਾ ਮੋਟਰਸਾਈਕਲ
 ਸੋਮੀ ਕਰਦਾ ਸੀ ਰੇਕੀ, ਵਿੱਕੀ ਆਉਂਦਾ ਸੀ ਜੋਧਾਂ ਤੋਂ
 ਇੰਸ. ਦਵਿੰਦਰ ਸਿੰਘ ਮੁਤਾਬਕ ਤਿੰਨੋਂ ਖਿਡਾਰੀਆਂ ਨੇ ਗੈਂਗ ਬਣਾਉਣ ਤੋਂ ਬਾਅਦ ਸਭ ਤੋਂ ਪਹਿਲਾਂ ਸੁਰਜੀਤ ਸਿੰਘ ਉਰਫ ਸੋਮੀ ਨੂੰ ਆਪਣੇ ਨਾ ਜੋਡ਼ਿਆ, ਜਿਸ ਦਾ ਕੰਮ ਵਾਰਦਾਤ ਤੋਂ ਪਹਿਲਾਂ ਰੇਕੀ ਕਰ ਕੇ ਟਾਰਗੈੱਟ ਤਿਆਰ ਕਰਨਾ ਸੀ। ਸੋਮੀ ਵਰਕਸ਼ਾਪ ਵਿਚ ਨਾਲ ਹੀ ਕੰਮ ਕਰਦਾ ਹੈ। ਸੋਮੀ ਵਲੋਂ ਹੀ ਆਪਣੇ ਘਰ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਤਿੰਨ ਵਾਰਦਾਤਾਂ ਕਰਵਾਈਆਂ ਗਈਆਂ। ਰੇਕੀ ਕਰਨ ਤੋਂ ਬਾਅਦ ਉਹ ਕੁਲਵਿੰਦਰ ਸਿੰਘ ਉਰਫ ਵਿੱਕੀ ਨੂੰ ਦੱਸਦਾ ਸੀ, ਜਿਸ ਤੋਂ ਬਾਅਦ ਉਹ ਜੋਧਾਂ ਤੋਂ ਆਪਣੇ ਸਾਥੀਅਾਂ ਜਸਪ੍ਰੀਤ ਸਿੰਘ ਅਤੇ ਜਗਜੀਤ ਸਿੰਘ ਨਾਲ ਬੁਲਟ ਅਤੇ ਪਲੈਟੀਨਾ ਮੋਟਰਸਾਈਕਲ ’ਤੇ ਆਉਂਦਾ ਸੀ ਅਤੇ ਵਾਰਦਾਤ ਕਰ ਕੇ ਫਰਾਰ ਹੋ ਜਾਂਦਾ ਸੀ। ਫਾਇਨਾਂਸਰ ਤੋਂ 1 ਸਾਲ ਪਹਿਲਾਂ ਸੈਮੀ ਨੇ ਭੈਣ ਦੇ ਵਿਆਹ ਲਈ 30 ਹਜ਼ਾਰ ਰੁਪਏ ਉਧਾਰ ਲਏ ਸਨ, ਜਿਸ ਕਾਰਨ ਉਸ ਨੂੰ ਫਾਇਨਾਂਸਰ ਸਬੰਧੀ ਕਾਫੀ ਕੁੱਝ ਪਤਾ ਸੀ।
ਮੋਬਾਇਲ ਵੇਚਣ ਦਾ ਕੰਮ ਬਬਲੂ ਦਾ
 ਪੁਲਸ ਮੁਤਾਬਕ ਵਾਰਦਾਤਾਂ ਤੋਂ ਕੁੱਲ 8 ਮੋਬਾਇਲ ਫੋਨ ਇਕੱਠੇ ਹੋਏ ਸਨ, ਜਿਨ੍ਹਾਂ ਨੂੰ ਵੇਚਣ ਦੀ ਜ਼ਿੰਮੇਵਾਰੀ ਬਬਲੂ ਚੌਹਾਨ ਨੂੰ ਸੌਂਪੀ ਗਈ ਸੀ, ਜੋ ਇਸ ਸਮੇਂ ਫਰਾਰ ਹੈ। ਪੁਲਸ ਵਲੋਂ ਜਾਰੀ ਕੀਤੇ ਗਏ ਪੋਸਟਰਾਂ ’ਚ ਬੁਲਟ ਮੋਟਰਸਾਈਕਲ ’ਤੇ ਬੈਠਾ ਲੁਟੇਰਾ ਜਗਜੀਤ ਸਿੰਘ ਉਰਫ ਜੱਗੂ ਵੀ ਪੁਲਸ ਦੇ ਹੱਥ ਨਹੀਂ ਲੱਗ ਸਕਿਆ।
 ਵਾਹਨ ਦੀਅਾਂ ਕਿਸ਼ਤਾਂ ਨਾ ਭਰ ਸਕਣ ਕਾਰਨ ਕਰਨ ਲੱਗੇ ਲੁੱਟ-ਖੋਹ
 ਇੰਸ. ਦਵਿੰਦਰ ਸਿੰਘ ਮੁਤਾਬਕ ਕੁਲਵਿੰਦਰ ਨੇ ਭਰਾ ਦੀ ਮੌਤ ਤੋਂ ਬਾਅਦ ਨਵੀਂ ਕਾਰ ਲਈ ਸੀ। ਸੁਰਜੀਤ ਨੇ ਵੀ ਨਵਾਂ ਮੋਟਰਸਾਈਕਲ ਖਰੀਦਿਆ ਸੀ ਪਰ ਉਹ ਉਸ ਦੀਆਂ ਕਿਸ਼ਤਾਂ ਭਰਨ  ਤੋਂ  ਅਸਮਰੱਥ ਸਨ, ਜਿਸ ਕਾਰਨ ਸਾਰੇ ਇਕੱਠੇ ਮਿਲ ਕੇ ਅਪਰਾਧ ਦੇ ਰਸਤੇ ’ਤੇ ਚੱਲ ਪਏ। ਪੁਲਸ ਮੁਤਾਬਕ ਫਡ਼ਿਆ ਗਿਆ ਇਕ ਵੀ ਲੁਟੇਰਾ ਨਸ਼ਾ ਨਹੀਂ ਕਰਦਾ।