ਪੱਤਰਕਾਰਾਂ ਦੀ ਜਸੂਸੀ ਤੇ ਮਨੁੱਖੀ ਅਧਿਕਾਰਾਂ ਦੇ ਘਾਣ ਖ਼ਿਲਾਫ਼ ਰਾਸ਼ਟਰਪਤੀ ਨੂੰ ਦਿੱਤਾ ਮੰਗ ਪੱਤਰ

07/22/2021 5:09:30 PM

ਸੰਗਰੂਰ (ਬੇਦੀ): ਭਾਰਤੀ ਹਕੂਮਤ ਵੱਲੋਂ ਇਜ਼ਰਾਇਲ ਦੇ ਮੋਬਾਇਲ ਸਾਫ਼ਟਵੇਅਰ ਪੈਗਾਸਸ ਰਾਹੀਂ, ਸਰਕਾਰੀ ਹਨੇਰਗਰਦੀ ਨਾਲ ਲਿਖ਼ਣ ਤੇ ਬੋਲਣ ਵਾਲ਼ਿਆਂ ਪੱਤਰਕਾਰਾਂ ਦੀ ਜਸੂਸੀ ਕਰਵਾਉਣ ਦਾ ਮਾਮਲਾ ਸਾਹਮਣੇ ਆਉਣ ਤੇ ਸਮੁੱਚੇ ਪੱਤਰਕਾਰ ਭਾਈਚਾਰੇ ਵਿੱਚ ਜਬਰਦਸਤ ਰੋਸ ਹੈ। ਸਰਕਾਰ ਦੀ ਇਸ ਚਾਣਕਿਆ ਨੀਤੀ  ਵਿਰੁੱਧ ਪੂਰੇ ਪੰਜਾਬ ਦਾ ਪੱਤਰਕਾਰ ਭਾਈਚਾਰਾ ਸੜਕਾਂ ’ਤੇ ਉਤਰ ਕੇ ਸੂਬੇ ਦੇ ਹਰ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਮੈਮੋਰੰਡਮ ਦਿੱਤੇ ਗਏ।ਇਸੇ ਲੜੀ ਤਹਿਤ ਪ੍ਰੈੱਸ ਫਰੰਟ ਸੰਗਰੂਰ ਦੇ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਸਰਪ੍ਰਸਤ ਦਲਜੀਤ ਸਿੰਘ ਬੇਦੀ ਅਤੇ ਬਲਜੀਤ ਸਿੰਘ ਟਿੱਬਾ ਦੀ ਅਗਵਾਈ ’ਚ ਪ੍ਰੈੱਸ ਦੀ ਆਜ਼ਾਦੀ ਤੇ ਹੋ ਰਹੇ ਹਮਲਿਆਂ ਖ਼ਿਲਾਫ਼ ਰੋਸ ਦਾ ਪ੍ਰਗਟਾਵਾ ਕਰਦਿਆਂ ਦੇਸ਼ ਦੇ ਰਾਸ਼ਟਰਪਤੀ  ਦੇ ਨਾਮ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮੰਗ ਪੱਤਰ ਦਿੱਤਾ ਗਿਆ।

ਇਸ ਮੌਕੇ ਫਰੰਟ ਦੇ ਸੀਨੀਅਰ ਮੀਤ ਪ੍ਰਧਾਨ ਹਰਬੰਸ ਸਿੰਘ ਮਾਰਡੇ ਨੇ ਕਿਹਾ ਕਿ ਚੌਥਾ ਥੰਮ ਕਹੇ ਜਾਂਦੇ ਮੀਡੀਆ ਦੀ ਆਪਣੇ ਹੀ ਦੇਸ਼ ਦੀ ਸਰਕਾਰ ਵੱਲੋਂ ਜਾਸੂਸੀ ਕਰਵਾਉਣੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ, ਜਿਸ ਦੀ ਕਿ ਜਿੰਨੀ ਵੀ ਨਿੰਦਾ ਕੀਤੀ ਜਾਵੇ ਘੱਟ ਹੈ। ਇਸ ਮੌਕੇ ਸਮੂਹ ਮੈਂਬਰਾਂ ਨੇ ਮੰਗ ਕੀਤੀ ਕਿ ਅਜਿਹੀ ਘਿਨਾਉਣੀ ਹਰਕਤ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਸਜ਼ਾ ਦਿੱਤੀ ਜਾਵੇ ਤੇ ਕੀਤੀ ਜਾ ਰਹੀ ਜਾਸੂਸੀ ਨੂੰ ਬੰਦ ਕੀਤਾ ਜਾਵੇ।

ਜ਼ਿਕਰਯੋਗ ਹੈ ਕਿ ਰਿਪੋਰਟ ਅਨੁਸਾਰ ਜਿਨ੍ਹਾਂ 300 ਨੰਬਰਾਂ ਦੀ ਜਾਸੂਸੀ ਹੋਈ ਹੈ, ਉਨ੍ਹਾਂ ’ਚ ਸਰਕਾਰ ’ਚ ਸ਼ਾਮਲ ਮੰਤਰੀਆਂ, ਪ੍ਰਸਿੱਧ ਨੇਤਾਵਾਂ, ਵੱਡੇ ਪੱਤਰਕਾਰਾਂ ਤੋਂ ਇਲਾਵਾ ਵਕੀਲਾਂ, ਸਮਾਜਿਕ ਵਰਕਰਾਂ ਅਤੇ ਹੋਰ ਲੋਕਾਂ ਦੇ ਨੰਬਰ ਸ਼ਾਮਲ ਹਨ। ਭਾਰਤ ਦਾ ਵੀ ਨਾਂ ਦੁਨੀਆ ਦੇ ਉਨ੍ਹਾਂ 50 ਦੇਸ਼ਾਂ ਦੀ ਸੂਚੀ ’ਚ ਆਇਆ ਹੈ ਜਿੱਥੇ ਸਾਈਬਰ ਸਰਵਿਲਾਂਸ ਦੇ ਤੌਰ ’ਤੇ ਸਪਾਈਵੇਅਰ (ਜਾਸੂਸੀ ਵਾਲੇ ਸਾਫਟਵੇਅਰ) ਦਾ ਇਸਤੇਮਾਲ ਹੋ ਰਿਹਾ ਹੈ। ਇਸ ਮੌਕੇ ਸੀਨੀਅਰ ਐਡਵਾਇਜਰ ਸ਼ਰਮਾ, ਚੇਅਰਮੈਨ ਸਚਿਨ ਧੰਜਸ, ਉਪ ਪ੍ਰਧਾਨ ਪਰਮਜੀਤ ਸਿੰਘ ਲੱਡਾ, ਕੈਸ਼ੀਅਰ ਜਸਵੀਰ ਸਿੰਘ ਭੱਟੀ, ਸਕੱਤਰ ਹਰਜਿੰਦਰ ਸਿੰਘ ਦੁੱਗਾਂ, ਪ੍ਰੈਸ ਸਕੱਤਰ ਰਾਜਵਿੰਦਰ ਸਿੰਘ ਲੱਡਾ, ਜੁਆਇੰਟ ਖਜਾਨਚੀ ਸੁਖਵਿੰਦਰ ਸਿੰਘ ਸੁੱਖੀ ਆਦਿ ਹਾਜ਼ਰ ਸਨ।


Shyna

Content Editor

Related News