ਪਾਰਕਾਂ ''ਚ ਜਿੰਮ ਬਣਾ ''ਮੋਹਾਲੀ'' ਨੇ ਲੁੱਟੀ ਵਾਹੋ-ਵਾਹੀ, ਪੰਜਾਬ ''ਚੋਂ ਨੰਬਰ ਵਨ

12/27/2018 10:06:13 AM

ਮੋਹਾਲੀ (ਕੁਲਦੀਪ) : ਸ਼ਹਿਰ 'ਚ ਐੱਲ. ਈ. ਡੀ. ਲਾਈਟਾਂ ਲਾਉਣ ਵਿਚ ਪਹਿਲਕਦਮੀ ਕਰਨ ਤੋਂ ਬਾਅਦ ਨਗਰ ਨਿਗਮ ਹੁਣ ਸ਼ਹਿਰ ਨੇ ਪਾਰਕਾਂ 'ਚ ਓਪਨ ਏਰੀਆ ਜਿੰਮ ਸਥਾਪਤ ਕਰਕੇ ਵਾਹੋ-ਵਾਹੀ ਲੁੱਟ ਲਈ ਹੈ ਅਤੇ ਪੰਜਾਬ ਦਾ ਨੰਬਰ-1 ਸ਼ਹਿਰ ਬਣਨ ਜਾ ਰਿਹਾ ਹੈ। ਕਰੋੜਾਂ ਰੁਪਏ ਦੀ ਲਾਗਤ ਨਾਲ ਸ਼ਹਿਰ ਦੇ ਸਾਰੇ ਪਾਰਕਾਂ 'ਚ ਇਹ ਜਿੰਮ ਸਥਾਪਤ ਕੀਤੇ ਜਾ ਰਹੇ ਹਨ, ਜਿਨ੍ਹਾਂ ਨਾਲ ਲੋਕਾਂ ਨੂੰ ਕਾਫ਼ੀ ਫਾਇਦਾ ਵੀ ਮਿਲ ਰਿਹਾ ਹੈ । ਲੋਕਾਂ ਦਾ ਕਹਿਣਾ ਹੈ ਕਿ ਜਿਹੜੇ ਲੋਕ ਮਹਿੰਗੇ ਮੁੱਲ ਵਾਲੇ ਜਿੰਮ ਵਿਚ ਜਾ ਕੇ ਕਸਰਤ ਆਦਿ ਨਹੀਂ ਕਰ ਸਕਦੇ ਸਨ, ਉਹ ਹੁਣ ਖੁੱਲੇ ਆਸਮਾਨ ਹੇਠਾਂ ਸਥਾਪਤ ਕੀਤੀਆਂ ਗਈਆਂ ਇਨ੍ਹਾਂ ਮਸ਼ੀਨਾਂ 'ਤੇ ਮੁਫਤ ਕਸਰਤ ਕਰ ਸਕਦੇ ਹਨ। ਸਵੇਰੇ-ਸ਼ਾਮ ਦੀ ਸੈਰ ਦੇ ਨਾਲ-ਨਾਲ ਦੁਪਹਿਰ ਦੇ ਸਮੇਂ ਵੀ ਬੱਚੇ, ਬਜ਼ੁਰਗ ਅਤੇ ਨੌਜਵਾਨ ਇਨ੍ਹਾਂ ਮਸ਼ੀਨਾਂ 'ਤੇ ਕਸਰਤ ਕਰਦੇ ਵੇਖੇ ਜਾ ਸਕਦੇ ਹਨ।
ਸ਼ਹਿਰ ਦੇ 50 ਵਾਰਡਾਂ 'ਚ ਸਥਾਪਤ ਕੀਤੇ ਜਾਣਗੇ 50 ਜਿੰਮ
ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਸ਼ਹਿਰ ਦੇ 50 ਵਾਰਡਾਂ ਵਿਚ 50 ਜਿੰਮ ਸਥਾਪਤ ਕੀਤੇ ਜਾ ਰਹੇ ਹਨ। ਇਹ ਜਿੰਮ ਬ੍ਰਾਂਡੇਡ ਜਿੰਮ ਹਨ। ਸ਼ਹਿਰ ਦੇ ਕਾਫ਼ੀ ਪਾਰਕਾਂ ਵਿਚ ਇਹ ਜਿੰਮ ਸਥਾਪਤ ਕੀਤੇ ਜਾ ਚੁੱਕੇ ਹਨ ਅਤੇ ਬਾਕੀ ਦੇ ਪਾਰਕਾਂ ਵਿਚ ਵੀ ਬਹੁਤ ਛੇਤੀ ਸਥਾਪਤ ਕਰ ਦਿੱਤੇ ਜਾਣਗੇ। ਲੋਕਾਂ ਨੂੰ ਇਨ੍ਹਾਂ ਜਿੰਮਾਂ ਦਾ ਜ਼ਿਆਦਾ ਦਾ ਜ਼ਿਆਦਾ ਫਾਇਦਾ ਚੁੱਕਣਾ ਚਾਹੀਦਾ ਹੈ।
ਪਾਰਕ ਸਥਿਤ ਜਿੰਮ 'ਚ ਆ ਕੇ ਮੋਢਾ ਹੋ ਗਿਆ ਠੀਕ
ਸੈਕਟਰ-63 ਸਥਿਤ ਐੱਲ. ਵੀ. ਪਾਰਕ ਵਿਚ ਸਥਿਤ ਜਿੰਮ ਵਿਚ ਕਸਰਤ ਕਰ ਰਹੇ ਫੇਜ਼-9 ਦੇ ਵਸਨੀਕ ਬਜ਼ੁਰਗ ਕਪਿਲਾ ਨੇ ਦੱਸਿਆ ਕਿ ਉਸ ਦਾ ਇਕ ਮੋਢਾ ਸੱਟ ਲੱਗਣ ਕਾਰਨ ਲੰਬੇ ਸਮੇਂ ਤੋਂ ਕੰਮ ਨਹੀਂ ਕਰ ਰਿਹਾ ਸੀ। ਡਾਕਟਰ ਨੇ ਮੋਢੇ ਦੀ ਕਸਰਤ ਦੱਸੀ ਪਰ ਜਿੰਮ ਆਦਿ ਨਾ ਜਾ ਸਕਣ ਕਾਰਨ ਕਾਫ਼ੀ ਪ੍ਰੇਸ਼ਾਨੀ ਸੀ। ਹੁਣ ਉਨ੍ਹਾਂ ਦੇ ਘਰ ਦੇ ਨਜ਼ਦੀਕ ਵਾਲੇ ਪਾਰਕ ਵਿਚ ਜਿੰਮ ਬਣ ਗਿਆ ਤਾਂ ਉਹ ਹਰ ਰੋਜ਼ ਪਾਰਕ ਵਿਚ ਆਉਂਦੇ ਹਨ ਅਤੇ ਇਥੇ ਬਾਂਹ ਦੀ ਕਸਰਤ ਕਰਦੇ ਹਨ। ਕਪਿਲਾ ਨੇ ਦੱਸਿਆ ਕਿ ਪਾਰਕ ਵਿਚ ਲੱਗੇ ਜਿੰਮ ਨਾਲ ਉਸ ਨੂੰ ਕਾਫ਼ੀ ਫਾਇਦਾ ਮਿਲਿਆ ਹੈ ਤੇ ਉਸ ਦਾ ਮੋਢਾ ਚੱਲਣ ਲਗ ਪਿਆ। ਫੇਜ਼-9 ਨਿਵਾਸੀ ਸੁਖਜੀਤ ਸਿੰਘ ਦੱਸਿਆ ਕਿ ਪਾਰਕ ਵਿਚ ਲੱਗੇ ਜਿੰਮ ਨਾਲ ਕਾਫ਼ੀ ਫਾਇਦਾ ਮਿਲ ਰਿਹਾ ਹੈ, ਸਾਰੇ ਲੋਕਾਂ ਨੂੰ ਇਸ ਦਾ ਫਾਇਦਾ ਲੈਣਾ ਚਾਹੀਦਾ ਹੈ।
ਕੰਟੀਨ ਜਾਣ ਲਈ ਸੜਕ ਤੋਂ ਲੰਘ ਰਹੇ ਸਨ, ਹੋਏ ਆਕਰਸ਼ਿਤ
ਪਿੰਡ ਰਡਿਆਲਾ ਦੇ ਵਸਨੀਕ ਧਰਮਿੰਦਰ ਸਿੰਘ ਤੇ ਉਸ ਦੀ ਪਤਨੀ ਤਰਨਜੀਤ ਕੌਰ ਦਾ ਕਹਿਣਾ ਹੈ ਕਿ ਉਹ ਆਪਣੇ ਬੱਚਿਆਂ ਨਾਲ ਫੇਜ਼-10 ਸਥਿਤ ਆਰਮੀ ਦੀ ਕੰਟੀਨ ਤੋਂ ਸਾਮਾਨ ਲੈਣ ਲਈ ਜਾ ਰਹੇ ਸਨ ਕਿ ਫੇਜ਼-9 ਵਿਖੇ ਸੜਕ ਕੰਢੇ ਪਾਰਕ ਵਿਚ ਕਸਰਤ ਕਰ ਰਹੇ ਲੋਕਾਂ ਨੂੰ ਵੇਖ ਕੇ ਉਹ ਆਕਰਸ਼ਿਤ ਹੋ ਗਏ। ਸੋਚਿਆ ਥੋੜ੍ਹੀ ਦੇਰ ਰੁਕ ਕੇ ਉਹ ਪਾਰਕ ਵਿਚ ਕਸਰਤ ਕਰਦੇ ਹਨ। ਤਰਨਜੀਤ ਕੌਰ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਇਹ ਵੇਖ ਕੇ ਕਾਫ਼ੀ ਚੰਗਾ ਲੱਗਿਆ ਜਿਥੇ ਬੱਚੇ, ਬਜ਼ੁਰਗ ਤੇ ਨੌਜਵਾਨ ਆ ਕੇ ਸੈਰ ਦੇ ਨਾਲ ਕਸਰਤ ਵੀ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਵੀ ਕੋਸ਼ਿਸ਼ ਕਰਨਗੇ ਕਿ ਆਪਣੇ ਪਿੰਡ ਵਿਚ ਵੀ ਇਕ ਅਜਿਹਾ ਪਾਰਕ ਬਣਵਾਉਣਗੇ ਜਿਥੇ ਅਜਿਹਾ ਹੀ ਓਪਨ ਏਰੀਆ ਜਿੰਮ ਹੋਵੇ।


Babita

Content Editor

Related News