ਕੁਝ ਤਾਕਤਾਂ ਸਿੱਖ ਕੌਮ ਨੂੰ ਲੰਮੇ ਸਮੇਂ ਤੋਂ ਤੋੜਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ: ਗਿਆਨੀ ਹਰਪ੍ਰੀਤ ਸਿੰਘ

05/14/2020 4:45:02 PM

ਫਤਿਹਗੜ੍ਹ ਸਾਹਿਬ (ਜਗਦੇਵ): ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਕੀਤੀ ਸਰਹਿੰਦ ਫਤਿਹ ਦਿਵਸ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਜ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।ਇਸ ਸਮਾਗਮ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ।ਇਸ ਮੌਕੇ ਆਪਣੇ ਸੰਬੋਧਨ ਦੌਰਾਨ ਜਥੇਦਾਰ ਸੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਕੌਮ ਨੂੰ ਸਰਹਿੰਦ ਫਤਹਿ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਤੋਂ ਥਾਪੜਾ ਪ੍ਰਾਪਤ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਗਲ ਸਲਤਨਤ ਦਾ ਖਾਤਮਾ ਕਰਕੇ ਪਹਿਲੇ ਸਿੱਖ ਰਾਜ ਦੀ ਸਥਾਪਨਾ ਕੀਤੀ।ਉਨ੍ਹਾਂ ਕਿਹਾ ਕਿ ਬੜੇ ਲੰਮੇ ਸਮੇਂ ਤੋਂ ਕੁਝ ਤਾਕਤਾਂ ਵਲੋਂ ਸਿੱਖ ਕੌਮ ਨੂੰ ਇਕਜੁੱਟਤਾ ਤੋਂ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ: ਕੋਰੋਨਾ ਨੂੰ ਹਰਾਉਣ ਲਈ ਦਿਨ 'ਚ ਦੋ ਵਾਰ ਜਾਪ ਕਰਦੀ ਹੈ ਇਹ ਤਿੰਨ ਸਾਲਾ ਬੱਚੀ

ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਸਾਰੇ ਸਿੱਖਾਂ ਨੂੰ ਇਕੱਠਿਆਂ ਕਰਕੇ ਹੀ ਮੁਗਲ ਸਲਤਨਤ ਦਾ ਖਾਤਮਾ ਕੀਤਾ ਸੀ ਤੇ ਅੱਜ ਲੋੜ ਹੈ ਸਮੁੱਚੇ ਖਾਲਸਾ ਪੰਥ ਨੂੰ ਸਿੱਖ ਕੌਮ ਦੇ ਸਰਬ ਉੱਚ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ 'ਚ ਇਕ ਮੰਚ ਤੇ ਇਕੱਠੇ ਹੋਣ ਦੀ ਤਾਂ ਜੋ ਸਿੱਖਾਂ ਨੂੰ ਵਖਰੇਵਾਂ ਕਰਨ 'ਚ ਰੋਲ ਨਿਭਾ ਰਹੀਆਂ ਤਾਕਤਾਂ ਆਪਣੇ ਮਿਸ਼ਨ 'ਚ ਕਾਮਯਾਬ ਨਾ ਹੋ ਸਕਣ।ਉਨ੍ਹਾਂ ਸਰਹਿੰਦ ਫਤਿਹ ਦਿਵਸ ਦੀ ਸਮੁੱਚੇ ਸਿੱਖ ਜਗਤ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਵਿਦੇਸ਼ਾਂ 'ਚ ਬੈਠੀ ਸੰਗਤ ਸਮੇਤ ਸਮੁੱਚੇ ਸਿੱਖ ਜਗਤ ਨੂੰ ਸਰਹਿੰਦ ਫਤਿਹ ਦਿਵਸ ਰਲ-ਮਿਲ ਕੇ ਉਤਸ਼ਾਹ ਨਾਲ ਮਨਾਉਣਾ ਚਾਹੀਦਾ ਹੈ।ਇਸ ਮੌਕੇ ਹਲਕਾ ਇੰਚਾਰਜ ਦੀਦਾਰ ਸਿੰਘ ਭੱਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਆਈਆਂ ਸੰਗਤਾਂ ਨੂੰ ਜਿੱਥੇ ਸਰਹੰਦ ਫਤਿਹ ਦਿਵਸ ਦੀ ਮੁਬਾਰਕਬਾਦ ਦਿੱਤੀ ਉੱਥੇ ਸ਼ਰਧਾ ਸਤਿਕਾਰ ਅਤੇ ਕੋਰੋਨਾ ਵਾਇਰਸ ਨੂੰ ਲੈ ਕੇ ਬਹੁਤਾ ਇਕੱਠ ਨਾ ਕਰਨ ਬਦਲੇ ਧੰਨਵਾਦ ਵੀ ਕੀਤਾ।

ਇਹ ਵੀ ਪੜ੍ਹੋ: ਆਖਰ ਮੁੱਕੀਆਂ ਪਿਆਕੜਾਂ ਦੀਆਂ ਉਡੀਕਾਂ, ਜ਼ਿਲਾ ਪਟਿਆਲਾ ਦੇ ਖੁੱਲ੍ਹੇ ਠੇਕੇ

 


Shyna

Content Editor

Related News