ਜਸਵਿੰਦਰ ਭੱਲਾ ਨੇ ਦਿੱਤਾ ਟ੍ਰੈਫਿਕ ਨਿਯਮਾਂ ''ਤੇ ਅਮਲ ਕਰਨ ਦਾ ਸੁਨੇਹਾ

01/15/2020 5:58:13 PM

ਲੁਧਿਆਣਾ (ਸੁਰਿੰਦਰ ਸੰਨੀ) : ਪੰਜਾਬੀ ਫਿਲਮਾਂ ਦੇ ਮਸ਼ਹੂਰ ਕਲਾਕਾਰ ਜਸਵਿੰਦਰ ਭੱਲਾ ਨੇ ਹਾਸੇ ਦਾ ਤੜਕਾ ਲਾਉਂਦੇ ਹੋਏ ਲੋਕਾਂ ਨੂੰ ਟ੍ਰੈਫਿਕ ਨਿਯਮਾਂ 'ਤੇ ਅਮਲ ਕਰਨ ਦਾ ਸੁਨੇਹਾ ਦਿੱਤਾ।  ਲੁਧਿਆਣਾ ਵੱਲੋਂ ਸੜਕ ਸੁਰੱਖਿਆ ਹਫਤੇ ਦੇ ਅਧੀਨ ਪੀ. ਏ. ਯੂ. ਦੀ ਗਰਾਊਂਡ 'ਚ ਜਾਗਰੂਕਤਾ ਰੈਲੀ ਕੀਤੀ ਗਈ ਸੀ ਜਿਸ 'ਚ ਪੰਜਾਬੀ ਫਿਲਮ ਇੰਡਸਟਰੀ ਨਾਲ ਜੁੜੇ ਸਿਤਾਰਿਆਂ ਨੇ ਖਾਸ ਤੌਰ 'ਤੇ ਸ਼ਿਰਕਤ ਕਰਦੇ ਹੋਏ ਨਿਯਮਾਂ 'ਤੇ ਅਮਲ ਕਰਨ ਦਾ ਸੱਦਾ ਦਿੱਤਾ। ਮੁੱਖ ਮਹਿਮਾਨ ਕੈਬਿਨੇਟ ਮੰਤਰੀ ਭਾਰਤ ਭੂਸ਼ਣ ਆਸ਼ੂ, ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ, ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ, ਡੀ. ਸੀ. ਪੀ. ਟ੍ਰੈਫਿਕ ਸੁਖਪਾਲ ਸਿੰਘ ਬਰਾੜ, ਦੋਵੇਂ ਏ. ਸੀ. ਪੀ. ਟ੍ਰੈਫਿਕ ਗੁਰਦੇਵ ਸਿੰਘ ਅਤੇ ਰਾਜਨ ਸ਼ਰਮਾ ਅਤੇ ਪੰਜਾਬੀ ਕਲਾਕਾਰ ਨਿਰਮਲ ਰਿਸ਼ੀ, ਜਸਵਿੰਦਰ ਭੱਲਾ, ਸੁਖਵਿੰਦਰ ਸੁੱਖੀ ਅਤੇ ਕੇ. ਦੀਪ ਨੇ ਰੈਲੀ ਦੀ ਅਗਵਾਈ ਕੀਤੀ। ਗਰਾਊਂਡ 'ਚ ਇਕੱਠੇ ਹੋਣ ਤੋਂ ਬਾਅਦ ਰੈਲੀ 'ਚ ਹਿੱਸਾ ਲੈਣ ਵਾਲੇ 500 ਤੋਂ ਜ਼ਿਆਦਾ ਸਕੂਲੀ ਬੱਚੇ, ਗੈਰ ਸਰਕਾਰੀ ਜਥੇਬੰਦੀਆਂ ਦੇ ਮੈਂਬਰਾਂ, ਕੌਂਸਲਰਾਂ ਅਤੇ ਹੋਰਨਾਂ ਨੇ ਹੱਥਾਂ 'ਚ ਨਿਯਮਾਂ ਦੀ ਜਾਣਕਾਰੀ ਦਿੰਦੀਆਂ ਤਖਤੀਆਂ ਫੜ ਕੇ ਮਾਰਚ ਪਾਸਟ ਕੀਤਾ ਅਤੇ ਟ੍ਰੈਫਿਕ ਨਿਯਮਾਂ 'ਤੇ ਅਮਲ ਕਰਨ ਦੀ ਸਹੁੰ ਚੁੱਕੀ।

PunjabKesari

ਜਸਵਿੰਦਰ ਭੱਲਾ ਨੇ ਆਪਣੇ ਅੰਦਾਜ਼ 'ਚ ਕਾਮੇਡੀ ਦੇ ਪੰਚ ਲਾਉਂਦੇ ਹੋਏ ਹਾਜ਼ਰ ਲੋਕਾਂ ਨੂੰ ਸੜਕਾਂ 'ਤੇ ਸੁਰੱਖਿਅਤ ਤਰੀਕੇ ਨਾਲ ਵਾਹਨ ਚਲਾਉਣ, ਟ੍ਰੈਫਿਕ ਸਿਗਨਲਾਂ ਦਾ ਪਾਲਣ ਕਰਨ ਅਤੇ ਓਵਰਸਪੀਡ ਅਤੇ ਡਰੰਕ ਡਰਾਈਵ ਤੋਂ ਪ੍ਰਹੇਜ਼ ਕਰਨ ਲਈ ਜਾਗਰੂਕ ਕੀਤਾ। ਗੱਲਾਂ-ਗੱਲਾਂ 'ਚ ਭੱਲਾ ਨੇ ਸ਼ਹਿਰ 'ਚ ਫੁਟਪਾਥਾਂ 'ਤੇ ਹੋਏ ਕਬਜ਼ਿਆਂ ਕਾਰਨ ਪੈਦਲ ਰਾਹਗੀਰਾਂ ਨੂੰ ਹੋ ਰਹੀ ਪ੍ਰੇਸ਼ਾਨੀ 'ਤੇ ਵੀ ਪ੍ਰਸ਼ਾਸਨ 'ਤੇ ਵਿਅੰਗ ਕੱਸਿਆ। ਪੰਜਾਬੀ ਕਲਾਕਾਰ ਨਿਰਮਲ ਰਿਸ਼ੀ ਨੇ ਕਿਹਾ ਕਿ ਜੀਵਨ ਬੇਹੱਦ ਕੀਮਤੀ ਹੈ। ਅਜਿਹੇ 'ਚ ਸੜਕਾਂ 'ਤੇ ਵਾਹਨ ਚਲਾਉਂਦੇ ਸਮੇਂ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ। ਰੈਲੀ 'ਚ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਇਸ ਗੱਲ 'ਤੇ ਚਿੰਤਾ ਜਤਾਈ ਕਿ ਅਪਰਾਧਕ ਘਟਨਾਵਾਂ ਨਾਲੋਂ ਜ਼ਿਆਦਾ ਮੌਤਾਂ ਸੜਕ ਹਾਦਸਿਆਂ ਦੌਰਾਨ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹਾਦਸੇ ਦੌਰਾਨ ਕਿਸੇ ਵਿਅਕਤੀ ਦੀ ਮੌਤ ਉਸ ਦੇ ਪੂਰੇ ਪਰਿਵਾਰ ਨੂੰ ਤੋੜ ਦਿੰਦੀ ਹੈ। ਅਜਿਹੇ 'ਚ ਸੜਕ ਸੁਰੱਖਿਆ ਨਿਯਮਾਂ 'ਤੇ ਅਮਲ ਕਰਨ ਵਿਚ ਕੋਈ ਲਾਪ੍ਰਵਾਹੀ ਨਹੀਂ ਦਿਖਾਉਣੀ ਚਾਹੀਦੀ। ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਟ੍ਰੈਫਿਕ ਨਿਯਮਾਂ 'ਤੇ ਖੁਦ ਅਮਲ ਕਰਨ ਅਤੇ ਨਾਲ ਹੀ ਆਪਣੇ ਦੋਸਤਾਂ, ਰਿਸ਼ਤੇਦਾਰਾਂ 'ਚ ਵੀ ਇਸ ਦਾ ਪ੍ਰਚਾਰ ਕਰਨ ਲਈ ਕਿਹਾ ਤਾਂ ਕਿ ਸੜਕਾਂ 'ਤੇ ਖੂਨ ਵਹਿਣ ਤੋਂ ਰੋਕਿਆ ਜਾ ਸਕੇ।

ਕੌਂਸਲਰ ਕਰਨਗੇ ਟ੍ਰੈਫਿਕ ਮਾਰਸ਼ਲ ਬਣਨ ਦੀ ਪਹਿਲ : ਆਸ਼ੂ
ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਐਲਾਨ ਕੀਤਾ ਕਿ ਕੌਂਸਲਰ ਸਵੈ-ਇੱਛਾ ਨਾਲ ਟ੍ਰੈਫਿਕ ਮਾਰਸ਼ਲ ਬਣਨ ਦੀ ਪਹਿਲ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਕੌਂਸਲਰ ਹੀ ਆਪਣੇ ਇਲਾਕੇ 'ਚ ਟ੍ਰੈਫਿਕ ਮਾਰਸ਼ਲ ਬਣ ਕੇ ਚੌਕਾਂ 'ਚ ਆਵਾਜਾਈ ਕੰਟਰੋਲ ਕਰਦੇ ਦਿਖਾਈ ਦੇਣਗੇ ਤਾਂ ਆਮ ਲੋਕ ਵੀ ਸੜਕ ਸੁਰੱਖਿਆ ਨਿਯਮਾਂ 'ਤੇ ਅਮਲ ਕਰਨ ਵੱਲ ਪ੍ਰੇਰਿਤ ਹੋਣਗੇ।


Anuradha

Content Editor

Related News