ਰੰਜਿਸ਼ ਦੇ ਚੱਲਦਿਆਂ ਨੌਜਵਾਨਾਂ 'ਤੇ ਕੀਤਾ ਜਾਨਲੇਵਾ ਹਮਲਾ,ਵਿਧਾਇਕ ਰਮਿੰਦਰ ਆਵਲਾ ਨੇ ਜਾਣਿਆ ਹਾਲ

07/22/2020 5:14:39 PM

ਜਲਾਲਾਬਾਦ (ਸੇਤੀਆ,ਟੀਨੂੰ,ਸੁਮਿਤ): ਫਾਜ਼ਿਲਕਾ ਰੋਡ ਤੇ ਮੰਡੀ ਘੁਬਾਇਆ ਦੇ ਬੱਸ ਅੱਡੇ ਤੇ ਸਥਿੱਤ ਤੜਕਸਾਰ ਜਿੰਮ ਜਾ ਰਹੇ ਇਕ ਕੋਚ ਤੇ ਰੰਜਿਸ਼ ਦੇ ਚੱਲਦਿਆਂ ਅੱਧਾ ਦਰਜਨ ਤੋਂ ਵੱਧ ਨੌਜਵਾਨਾਂ ਨੇ ਜਾਨਲੇਵਾ ਹਮਲਾ ਕਰਦੇ ਹੋਏ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਗਿਆ। ਜ਼ਖ਼ਮੀ ਰਣਜੀਤ ਸਿੰਘ ਪੁੱਤਰ ਚਿਮਨ ਸਿੰਘ ਨਿਵਾਸੀ ਲਮੋਚੜ ਕਲਾਂ ਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਧਰ ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਵਿਧਾਇਕ ਰਮਿੰਦਰ ਆਵਲਾ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਜਿੱਥੇ ਜ਼ਖਮੀ ਦਾ ਹਾਲ ਜਾਣਿਆ, ਉਥੇ ਹੀ ਪੁਲਸ ਪ੍ਰਸ਼ਾਸਨ ਨੂੰ ਸਖਤ ਨਿਰਦੇਸ਼ ਦਿੱਤੇ ਕਿ ਹਮਲਾਵਰਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਵਿਧਾਇਕ ਨੇ ਇਹ ਵੀ ਕਿਹਾ ਕਿ ਇਲਾਕੇ ਅੰਦਰ ਕਿਸੇ ਵੀ ਤਰ੍ਹਾਂ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜਾ ਦਿਵਾਈ ਜਾਵੇਗੀ।

PunjabKesari

ਮੀਡੀਆ ਨੂੰ ਜਾਣਕਾਰੀ ਦਿੰਦਿਆਂ ਰਣਜੀਤ ਸਿੰਘ ਦੇ ਭਰਾ ਕੁਲਵੰਤ ਸਿੰਘ ਨੇ ਦੱਸਿਆ ਕਿ ਰਣਜੀਤ ਸਿੰਘ ਪਿਛਲੇ 2 ਸਾਲਾਂ ਤੋਂ ਪਿੰਡ ਲਮੋਚੜ ਕਲਾਂ ਦੇ ਖੇਡ ਸਟੇਡੀਅਮ 'ਚ ਮੁੰਡੇ ਤੇ ਕੁੜੀਆਂ ਨੂੰ ਕੋਚਿੰਗ ਦੇ ਰਿਹਾ ਹੈ ਅਤੇ ਕੋਚਿੰਗ ਹਾਸਲ ਕਰਕੇ ਕਈ ਬੱਚੇ ਆਰਮੀ ਤੇ ਹੋਰ ਅਦਾਰਿਆਂ 'ਚ ਭਰਤੀ ਹੋਏ ਹਨ। ਉਨ੍ਹਾਂ ਦੱਸਿਆ ਕਿ ਕੁੱਝ ਦਿਨ ਪਹਿਲਾਂ ਪਿੰਡ ਮੌਜਾ ਤੇ ਫੱਤੂਵਾਲਾ ਨਾਲ ਸਬੰਧਤ ਨੌਜਵਾਨ ਸਟੇਡੀਅਮ 'ਚ ਕੁੜੀਆਂ ਨਾਲ ਛੇੜਛਾੜ ਕਰਦੇ ਸਨ ਅਤੇ ਇਸ ਦੌਰਾਨ ਰਣਜੀਤ ਸਿੰਘ ਨੇ ਇਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਪਰ ਜਦ ਉਨ੍ਹਾਂ ਨੇ ਆਪਣਾ ਛੇੜਛਾੜ ਤੇ ਟਿੱਚਰਬਾਜੀ ਦਾ ਰਵੱਈਆ ਨਾ ਛੱਡਿਆ ਤਾਂ ਆਖਿਰਕਾਰ ਇਸ ਦੀ ਸੂਚਨਾ ਪੰਚਾਇਤ ਨੂੰ ਦਿੱਤੀ ਗਈ। ਇਸ ਤੋਂ ਬਾਅਦ ਪੰਚਾਇਤ ਨੇ ਗੁਰਸੇਵਕ ਸਿੰਘ, ਗੋਲਡੀ, ਮਨਦੀਪ ਸਿੰਘ, ਨੰਨਾ ਤੇ ਹੋਰਨਾਂ ਨੂੰ ਸਟੇਡੀਅਮ 'ਚ ਨਾ ਆਉਣ ਦੀ ਹਿਦਾਇਤ ਕੀਤੀ, ਜਿਸ ਤੋਂ ਬਾਅਦ ਉਕਤ ਨੌਜਵਾਨ ਰਣਜੀਤ ਸਿੰਘ ਨਾਲ ਰੰਜਿਸ਼ ਰੱਖਣ ਲੱਗ ਪਏ ਅਤੇ ਫੋਨ ਤੇ ਲਗਾਤਾਰ ਧਮਕੀਆਂ ਦੇਣ ਲੱਗ ਪਏ। ਇਸ ਮਾਮਲੇ ਨੂੰ ਲੈ ਕੇ 15 ਦਿਨ ਪਹਿਲਾਂ ਰਣਜੀਤ ਸਿੰਘ ਨੇ ਥਾਣਾ ਸਦਰ ਜਲਾਲਾਬਾਦ ਵਿਖੇ ਲਿਖਤੀ ਦਰਖਾਸਤ ਵੀ ਦਿੱਤੀ ਸੀ ਪਰ ਪੁਲਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਬੁੱਧਵਾਰ ਤੜਕਸਾਰ ਜਦ ਰਣਜੀਤ ਸਿੰਘ ਪਿੰਡ ਘੁਬਾਇਆ ਸਥਿਤ ਇਕ ਜਿੰਮ ਤੇ ਜਾ ਰਿਹਾ ਸੀ ਤਾਂ ਰੰਜਿਸ਼ ਕਾਰਨ ਪਿੱਛਾ ਕਰ ਰਹੇ ਨੌਜਵਾਨਾਂ ਨੇ ਬੱਸ ਸਟਾਪ ਨਜ਼ਦੀਕ ਰਣਜੀਤ ਸਿੰਘ ਨੂੰ ਘੇਰ ਲਿਆ ਅਤੇ ਡੰਡੇ ਸੋਟੀਆਂ ਨਾਲ ਹਮਲਾ ਕਰਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਜਿੰਮ ਸੰਚਾਲਕ ਸੰਜੀਵ ਹਜਾਰਾ ਨੇ ਰਣਜੀਤ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਜਲਾਲਾਬਾਦ 'ਚ ਦਾਖਲ ਕਰਵਾਇਆ।

PunjabKesari

ਉਧਰ ਇਸ ਸਬੰਧੀ ਚੌਂਕੀ ਇੰਚਾਰਜ ਘੁਬਾਇਆ ਹਰਕੇਸ਼ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਰਣਜੀਤ ਸਿੰਘ ਦੇ ਬਿਆਨਾਂ ਤੇ ਗੁਰਵਿੰਦਰ ਸਿੰਘ ਉਰਫ ਗੋਲਡੀ ਪੁੱਤਰ ਕੁਲਵੰਤ ਸਿੰਘ ਮੌਜੇ ਵਾਲਾ, ਮਨਦੀਪ ਸਿੰਘ ਪੁੱਤਰ ਜਸਬੀਰ ਸਿੰਘ ਪਿੰਡ ਮੁਹੰਮਦੇਵਾਲਾ, ਕੁਲਵਿੰਦਰ ਸਿੰਘ ਪੁੱਤਰ ਕਾਲਾ ਸਿੰਘ ਢਾਣੀ ਮਾਣ ਸਿੰਘ, ਗੁਰਸੇਵਕ ਸਿੰਘ ਪੁੱਤਰ ਮੁਤਿਆਰ ਸਿੰਘ ਮੌਜੇ ਵਾਲਾ ਤੇ 4-5 ਅਪਛਾਤਿਆਂ ਖਿਲਾਫ ਪਰਚਾ ਦਰਜ ਕੀਤਾ ਜਾ ਰਿਹਾ ਹੈ। ਇਸ ਸਬੰਧੀ ਥਾਣਾ ਸਦਰ ਜਲਾਲਾਬਾਦ ਦੇ ਐੱਸ.ਐੱਚ.ਓ. ਚੰਦਰ ਸ਼ੇਖਰ ਨਾਲ 15 ਦਿਨ ਪਹਿਲਾਂ ਆਈ ਦਰਖਾਸਤ ਬਾਰੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਨ੍ਹਾਂ ਵਲੋਂ ਦਰਖਾਸਤ ਜ਼ਰੂਰ ਆਈ ਸੀ ਪਰ ਦੂਜੀ ਧਿਰ ਵਲੋਂ ਵੀ ਦਰਖਾਸਤ ਆਈ ਸੀ ਅਤੇ ਇਨ੍ਹਾਂ ਨੂੰ ਬੁਲਾਇਆ ਪਰ ਦੋਹਾਂ ਧਿਰਾਂ 'ਚ ਕੋਈ ਵੀ ਨਹੀਂ ਆਇਆ। ਪਰ ਜਦੋਂ ਇਹ ਕਿਹਾ ਗਿਆ ਕਿ ਜੇਕਰ ਪੁਲਸ ਸਖਤੀ ਕਰਦੀ ਤਾਂ ਅਜਿਹੀ ਘਟਨਾ ਨਹੀਂ ਵਾਪਰਨੀ ਸੀ ਤਾਂ ਇਸ ਬਾਰੇ ਥਾਣਾ ਮੁਖੀ ਨੇ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ। ਪਰ ਇਨ੍ਹਾ ਕਿਹਾ ਕਿ ਦੋਸ਼ੀਆਂ ਨੂੰ ਫੜ੍ਹਣ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।


Shyna

Content Editor

Related News