ਨਹੀਂ ਥੰਮ ਰਿਹਾ ਨਾਜਾਇਜ਼ ਮਾਈਨਿੰਗ ਦਾ ਧੰਦਾ, ਵਿਭਾਗੀ ਅਧਿਕਾਰੀ ਵੀ ਮੌਜੂਦ

10/15/2019 3:44:21 PM

ਜਲਾਲਾਬਾਦ (ਮਿੱਕੀ) - ਸਰਹੱਦੀ ਖੇਤਰ ਜਲਾਲਾਬਾਦ ਦੇ ਪਿੰਡ ਲਮੋਚੜ ਕਲਾਂ ਵਿਖੇ ਚੱਲ ਰਿਹਾ ਰੇਤ ਦੀ ਨਾਜਾਇਜ਼ ਨਿਕਾਸੀ ਦਾ ਧੰਦਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਰੇਤ ਮਾਫੀਆ ਵਲੋਂ ਰਾਤ ਦੇ ਸਮੇਂ ਪੋਪਲਾਈਨ ਤੇ ਜੇ.ਸੀ.ਬੀ. ਰਾਹੀਂ ਰੇਤ ਦੀ ਨਿਕਾਸੀ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਰੇਤ ਦੀ ਨਾਜਾਇਜ਼ ਨਿਕਾਸੀ ਦੇ ਮਾਮਲੇ ਨੂੰ 'ਜਗਬਾਣੀ' ਨੇ ਬੀਤੇ ਦਿਨੀਂ ਵੀ ਉਠਾਇਆ ਸੀ, ਜਿਸ ਦੇ ਬਾਵਜੂਦ ਰੇਤ ਦੇ ਖੱਡਿਆਂ ਤੋਂ ਨਿਕਾਸੀ ਜਿਓ ਦੀ ਤਿਓ ਜਾਰੀ ਹੈ। ਇਸ ਸਭ ਤੋਂ ਨਿਰਾਸ਼ ਇਲਾਕਾ ਵਾਸੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਜਲਾਲਾਬਾਦ ਫੇਰੀ ਦੌਰਾਨ ਰੇਤ ਦੀ ਗੈਰ-ਕਾਨੂੰਨੀ ਨਿਕਾਸੀ ਦਾ ਮਾਮਲਾ ਮੁੱਖ ਮੰਤਰੀ ਦੇ ਧਿਆਨ 'ਚ ਲਿਆਉਣ ਦਾ ਮਨ ਬਣਾ ਲਿਆ ਹੈ।

ਲੋਕਾਂ ਦਾ ਇਕ ਵਫਦ ਮੁੱਖ ਮੰਤਰੀ ਨੂੰ ਮਿਲ ਕੇ ਇਸ ਧੰਦੇ 'ਚ ਸ਼ਾਮਲ ਲਿਪਤ ਅਧਿਕਾਰੀਆਂ/ਕਰਮਚਾਰੀਆਂ ਖਿਲਾਫ ਉੱਚ-ਪੱਧਰੀ ਜਾਂਚ ਦੀ ਮੰਗ ਕਰਦੇ ਹੋਏ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਸਿਫਾਰਿਸ਼ ਕਰੇਗਾ ਤਾਂ ਜੋ ਨਿਕਾਸੀ ਹਲਕੇ ਅੰਦਰ ਬੰਦ ਹੋ ਸਕੇ। ਪੋਪਲਾਈਨ/ਜੇ.ਸੀ.ਬੀ. ਰਾਹੀਂ ਹੋ ਰਹੀ ਨਿਕਾਸੀ ਸਬੰਧੀ ਜਦੋਂ ਵਿਭਾਗੀ ਐੱਸ.ਡੀ.ਓ. ਸੰਦੀਪ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਫੌਰੀ ਤੌਰ 'ਤੇ ਰੇਡ ਕਰਨਗੇ। ਐੱਸ.ਡੀ.ਐੱਮ. ਦੇ ਭਰੋਸੇ ਮਗਰੋਂ ਵੀ ਰਾਤ ਦੇ ਸਮੇਂ ਰੇਤ ਦੀ ਨਿਕਾਸੀ ਜਾਰੀ ਰਹੀ, ਜਿਸ ਤੋਂ ਸਿੱਧ ਹੁੰਦਾ ਹੈ ਕਿ ਵਿਭਾਗੀ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਇਲਾਕੇ ਅੰਦਰ ਰੇਤ ਦੀ ਨਾਜਾਇਜ਼ ਨਿਕਾਸੀ ਦਾ ਗੋਰਖ ਧੰਦਾ ਚੱਲ ਰਿਹਾ ਹੈ।


rajwinder kaur

Content Editor

Related News