ਝੋਨੇ ਦੀ ਬਿਜਾਈ ਲਈ ਧਰਤੀ ਹੇਠਲੇ ਪਾਣੀ ਦੀ ਵਰਤੋਂ ਕਰ ਰਹੇ ਹਨ ਕਿਸਾਨ

06/14/2019 4:53:31 PM

ਜਲਾਲਾਬਾਦ (ਸੇਤੀਆ) - ਭਾਵੇਂ ਪੰਜਾਬ ਸਰਕਾਰ ਵਲੋਂ ਝੋਨੇ ਦੀ ਬਿਜਾਈ ਨੂੰ ਲੈ ਕੇ ਸਿੰਚਾਈ ਪ੍ਰਬੰਧਾਂ ਦੇ ਪੁਖਤਾ ਇੰਤਜ਼ਾਮ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ 13 ਜੂਨ ਤੋਂ ਕਿਸਾਨਾਂ ਵਲੋਂ ਝੋਨੇ ਦੀ ਬਿਜਾਈ ਸ਼ੁਰੂ ਕੀਤੇ ਜਾਣ ਮਗਰੋਂ ਨਹਿਰਾਂ 'ਚ ਨਹਿਰੀ ਪਾਣੀ ਨਹੀਂ ਛੱਡਿਆ ਜਾ ਰਿਹਾ। ਨਹਿਰੀ ਪਾਣੀ ਦੀ ਵਿਵਸਥਾ ਨਾ ਹੋਣ ਕਾਰਨ ਕਿਸਾਨ ਮਜ਼ਬੂਰੀ 'ਚ ਧਰਤੀ ਹੇਠਲਾ ਪਾਣੀ ਦੀ ਵਰਤੋਂ ਕਰ ਰਹੇ ਹਨ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਧਰਤੀ ਹੇਠਲਾ ਪਾਣੀ ਪੱਧਰ ਨੂੰ ਬਚਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਕਿਸਾਨਾਂ ਨੂੰ ਨਹਿਰੀ ਪਾਣੀ ਅਤੇ ਬਰਸਾਤੀ ਪਾਣੀ 'ਤੇ ਨਿਰਭਰ ਹੋਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਧਰਤੀ ਹੇਠਲੇ ਪਾਣੀ ਦਾ ਪੱਧਰ ਨੀਵਾਂ ਹੋਣ ਕਾਰਨ ਸਰਕਾਰ ਵਲੋਂ ਝੋਨੇ ਦੀ ਬਿਜਾਈ ਦੇ ਕੰਮ 'ਚ ਦੇਰੀ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। 

ਸਿੱਟੇ ਵਜੋਂ ਪਿਛਲੇ ਸੀਜਨ ਦੌਰਾਨ ਕਿਸਾਨਾਂ ਨੂੰ 20 ਜੂਨ ਤੋਂ ਬਿਜਾਈ ਕਰਨ ਦੇ ਹੁਕਮ ਸਨ ਪਰ ਇਸ ਵਾਰ ਸਰਕਾਰ ਨੇ 13 ਜੂਨ ਤੋਂ ਬਿਜਾਈ ਕਰਨ ਲਈ ਛੂਟ ਦੇ ਦਿੱਤੀ ਸੀ। ਜੇਕਰ ਇਸ ਤੋਂ ਪਹਿਲਾਂ ਪਿਛਲੇ ਸਾਲਾਂ ਗੱਲ ਕੀਤੀ ਜਾਵੇ ਤਾਂ ਉਦੋਂ ਝੋਨੇ ਦੀ ਬਿਜਾਈ ਨੂੰ ਲੈ ਕੇ ਕੋਈ ਨਿਰਧਾਰਤ ਸਮਾਂ ਨਹੀਂ ਸੀ ਅਤੇ ਕਿਸਾਨ ਕਣਕ ਦੀ ਕਟਾਈ ਤੋਂ ਬਾਅਦ ਝੋਨਾ ਲਗਾ ਦਿੰਦੇ ਸਨ, ਜਿਸ ਕਾਰਨ ਬਰਸਾਤਾਂ ਸ਼ੁਰੂ ਹੋਣ ਤੋਂ ਪਹਿਲਾਂ ਧਰਤਾ ਹੇਠਲਾ ਪਾਣੀ ਵਰਤੋਂ 'ਚ ਆ ਜਾਂਦਾ ਸੀ। ਪੰਜਾਬ ਸਰਕਾਰ ਨੇ ਝੋਨੇ ਦੀ ਬਿਜਾਈ ਸ਼ੁਰੂ ਕਰਨ ਦੇ ਨਾਲ-ਨਾਲ ਕਿਸਾਨਾਂ ਤੱਕ ਨਹਿਰੀ ਪਾਣੀ ਪਹੁੰਚਾਉਣਾ ਹੁੰਦਾ ਹੈ। ਜਲਾਲਾਬਾਦ ਹਲਕੇ ਅੰਦਰ ਲੰਘਦੀਆਂ ਵੱਖ-ਵੱਖ ਨਹਿਰਾਂ ਲਛਮਣ ਨਹਿਰ, ਲਮੋਚੜ ਮਾਈਨਰ 'ਚ ਅਜੇ ਤੱਕ ਨਹਿਰੀ ਵਿਭਾਗ ਵਲੋਂ ਪਾਣੀ ਨਹੀਂ ਛੱਡਿਆ ਗਿਆ, ਜਿਸ ਕਾਰਨ ਮਾਈਨਰ ਸੁੱਕੀਆਂ ਪਈਆਂ ਹਨ ਅਤੇ ਲੋਕ ਟਿਊਬਵੈਲ ਦੇ ਪਾਣੀ ਦੀ ਵਰਤੋ ਕਰਕੇ ਝੋਨੇ ਦੀ ਬਿਜਾਈ ਕਰ ਰਹੇ ਹਨ।

ਕਿਸਾਨ ਕੇਵਲ ਕ੍ਰਿਸ਼ਨ, ਪ੍ਰੇਮ ਕੰਬੋਜ ਮੰਨੇਵਾਲਾ, ਰਤਨ ਲਾਲ ਆਦਿ ਨਹਿਰੀ ਪਾਣੀ ਨਾਲ ਜੁੜੇ ਕਿਸਾਨਾਂ ਨੇ ਦੱਸਿਆ ਕਿ ਵਿਭਾਗ ਨੂੰ ਪਹਿਲਾਂ ਤੋਂ ਹੀ ਨਹਿਰੀ ਪਾਣੀ ਨੂੰ ਛੱਡਣ ਦੇ ਪ੍ਰਬੰਧ ਕਰ ਲੈਣੇ ਚਾਹੀਦੇ ਸਨ। ਜੇਕਰ ਝੋਨੇ ਦੀ ਬਿਜਾਈ ਤੋਂ ਪਹਿਲਾਂ ਪਾਣੀ ਲੱਗ ਜਾਂਦਾ ਤਾਂ ਬਿਜਾਈ ਸਮੇਂ ਕਿਸਾਨਾਂ ਨੂੰ ਜ਼ਿਆਦਾ ਪਰੇਸ਼ਾਨੀ ਨਹੀਂ ਆਉਣੀ ਸੀ। ਇਸ ਸੰਬੰਧੀ ਫਾਜ਼ਿਲਕਾ ਜ਼ਿਲੇ ਦੇ ਐਕਸੀਐਨ ਜਗਤਾਰ ਸਿੰਘ ਨੇ ਕਿਹਾ ਕਿ ਨਹਿਰਾਂ 'ਚ ਹਰੀਕੇ ਕੇ ਤੋਂ ਪਾਣੀ ਛੱਡ ਦਿੱਤਾ ਗਿਆ, ਜੋ ਸ਼ਨੀਵਾਰ ਦੇਰ ਸ਼ਾਮ ਤੱਕ ਨਹਿਰਾਂ 'ਚ ਆ ਜਾਵੇਗਾ।


rajwinder kaur

Content Editor

Related News