ਸਮੂਹ ਵਿਭਾਗਾਂ ਦੇ ਕਰਮਚਾਰੀ ਆਮ ਲੋਕਾਂ ਦੇ ਕੰਮ ਪਹਿਲ ਦੇ ਆਧਾਰ ’ਤੇ ਕਰਨ : ਡੀ. ਸੀ.

02/07/2020 4:41:19 PM

ਜਲਾਲਾਬਾਦ (ਸੁਮਿਤ, ਟੀਨੂੰ) - ਜ਼ਿਲੇ ’ਚ ਨਵ-ਨਿਯੁਕਤ ਡਿਪਟੀ ਕਮਿਸ਼ਨਰ ਅਰਵਿੰਦਰਪਾਲ ਸਿੰਘ ਸੰਧੂ ਅਤੇ ਹਲਕਾ ਵਿਧਾਇਕ ਰਮਿੰਦਰ ਆਵਲਾ ਨੇ ਸਮੁੱਚੇ ਵਿਭਾਗਾਂ ਦੇ ਅਧਿਕਾਰੀਆਂ ਨਾਲ ਨਗਰ ਕੌਂਸਲ ਦਫਤਰ ’ਚ ਮੀਟਿੰਗ ਕੀਤੀ। ਇਸ ਮੌਕੇ ਐੱਸ. ਡੀ. ਐੱਮ. ਕੇਸ਼ਵ ਗੋਇਲ, ਗੁਰਲਾਲ ਸਿੰਘ ਸੰਧੂ ਖੁਡ਼ੰਜ, ਡੀ. ਐੱਸ. ਪੀ. ਜਸਪਾਲ ਸਿੰਘ ਢਿੱਲੋਂ, ਈ. ਓ. ਨਰਿੰਦਰ ਕੁਮਾਰ, ਐੱਸ. ਐੱਮ. ਓ. ਡਾ. ਹਰਦੇਵ ਸਿੰਘ, ਡੀ. ਐੱਫ. ਐੱਸ. ਓ. ਡਾ. ਵੰਦਨਾ ਕੰਬੋਜ, ਬਲਜਿੰਦਰ ਸਿੰਘ ਇੰਸਪੈਕਟਰ, ਸੰਜੀਵ ਸੇਠੀ, ਪ੍ਰਦੀਪ ਗੱਖਡ਼ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ. ਸੀ. ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਉਨ੍ਹਾਂ ਨੂੰ ਜ਼ਿਲਾ ਫਾਜ਼ਿਲਕਾ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਉਨ੍ਹਾਂ ਦੀ ਪਹਿਲ ਕਦਮੀ ਜ਼ਿਲਾ ਫਾਜ਼ਿਲਕਾ ਨੂੰ ਹਰ ਪੱਖੋਂ ਤਰੱਕੀ ਅਤੇ ਉੱਨਤੀ ਵੱਲ ਲਿਜਾਣ ਦੀ ਹੋਵੇਗੀ।

ਭ੍ਰਿਸ਼ਟਾਚਾਰ ਸਬੰਧੀ ਪੱਤਰਕਾਰਾਂ ਵਲੋਂ ਕੀਤੇ ਗਏ ਸਵਾਲਾਂ ਦੇ ਜਵਾਬ ਦਿੰਦਿਆਂ ਡੀ. ਸੀ. ਨੇ ਕਿਹਾ ਕਿ ਜ਼ਿਲੇ ਦੇ ਸਮੁੱਚੇ ਵਿਭਾਗਾਂ ਦੇ ਕਰਮਚਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਆਮ ਜਨਤਾ ਦੇ ਕੰਮ ਪਹਿਲ ਦੇ ਆਧਾਰ ’ਤੇ ਕੀਤੇ ਜਾਣ ਅਤੇ ਕਿਸੇ ਨੂੰ ਲਾਲਚ ’ਚ ਆ ਕੇ ਖੱਜਲ-ਖੁਆਰ ਨਾ ਕੀਤਾ ਜਾਵੇ ਅਤੇ ਜੇਕਰ ਕਿਸੇ ਵੀ ਕਰਮਚਾਰੀ ਦੀ ਸ਼ਿਕਾਇਤ ਮਿਲੇਗੀ ਤਾਂ ਉਸ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜਲਾਲਾਬਾਦ ਹਲਕੇ ’ਚ ਹੋ ਰਹੀ ਰੇਤ ਮਾਈਨਿੰਗ ਸਬੰਧੀ ਉਨ੍ਹਾਂ ਕਿਹਾ ਕਿ ਕਿਸੇ ਨੂੰ ਨਾਜਾਇਜ਼ ਮਾਈਨਿੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।ਜਲਾਲਾਬਾਦ ਬਾਰਡਰ ਪੱਟੀ ਹੋਣ ਕਾਰਣ ਇਥੋਂ ਦੇ ਹੋਣ ਵਾਲੇ ਵਿਕਾਸ ਲਈ ਉਹ ਵਿਧਾਇਕ ਰਮਿੰਦਰ ਆਵਲਾ ਨੂੰ ਨਾਲ ਲੈ ਕੇ ਇਥੋਂ ਦੇ ਵਿਕਾਸ ਲਈ ਪ੍ਰਾਜੈਕਟ ਮਨਜ਼ੂਰ ਕਰਵਾਉਣਗੇ ਤਾਂ ਕਿ ਸਰਹੱਦ ਪੱਟੀ ਦਾ ਵੱਧ ਤੋਂ ਵੱਧ ਵਿਕਾਸ ਹੋ ਸਕੇ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਅਹੁਦਾ ਸੰਭਾਲਿਆ ਸੀ ਤਾਂ ਉਸੇ ਦਿਨ ਟਿੱਡੀ ਦਲ ਵੱਲੋਂ ਫਸਲਾਂ ’ਤੇ ਹਮਲਾ ਕੀਤਾ ਗਿਆ ਸੀ ਅਤੇ ਉਸ ਦੀ ਰੋਕਥਾਮ ਲਈ ਖੇਤੀਬਾੜੀ ਵਿਭਾਗ ਨੇ ਯੋਗ ਉਪਰਾਲਾ ਕਰ ਕੇ ਟਿੱਡੀ ਦਲ ਨੂੰ ਖਤਮ ਕੀਤਾ ਅਤੇ ਹੁਣ ਟਿੱਡੀ ਦਲ ਦਾ ਪ੍ਰਭਾਵ ਲਗਭਗ ਖਤਮ ਹੋ ਗਿਆ ਹੈ।

ਉਨ੍ਹਾਂ ਦੱਸਿਆ ਕਿ ਟਿੱਡੀ ਦਲ ਦੇ ਖਾਤਮੇ ਲਈ ਖੇਤੀਬਾੜੀ ਵਿਭਾਗ ਕੋਲ ਪੁਖਤਾ ਪ੍ਰਬੰਧ ਹਨ। ਇਸ ਤੋਂ ਇਲਾਵਾ ਸੜਕਾਂ ’ਤੇ ਘੁੰਮ ਰਹੀਆਂ ਬੇਸਹਾਰਾ ਗਊਆਂ ਸਬੰਧੀ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਸ ਨਾਲ ਨਜਿੱਠਣ ਲਈ ਇਕ ਕਮੇਟੀ ਬਣਾਈ ਹੋਈ ਹੈ, ਜੋ ਜਲਦੀ ਇਸ ਕੰਮ ਨੂੰ ਨਿਪਰੇ ਚਾੜ੍ਹੇਗੀ। ਪਿੰਡਾਂ ’ਚ ਪਈਆਂ ਪੰਚਾਇਤੀ ਥਾਵਾਂ ਨੂੰ ਛੁਡਾਉਣ ਲਈ ਜਲਦੀ ਇਕ ਕਮੇਟੀ ਬਣਾਈ ਜਾਵੇਗੀ, ਜਿਸ ਦਾ ਖਰੜਾ ਤਿਆਰ ਕੀਤਾ ਜਾਵੇਗਾ ਅਤੇ ਪੰਚਾਇਤੀ ਜ਼ਮੀਨਾਂ ’ਤੇ ਰੈਵੇਨਿਊ ਇਕੱਠਾ ਕਰਨਾ ਸ਼ੁਰੂ ਕੀਤਾ ਜਾਵੇਗਾ।


rajwinder kaur

Content Editor

Related News