ਜਲਾਲਾਬਾਦ ''ਚ ਕਰਫਿਊ ਦੇ ਨਿਯਮਾਂ ਦੀ ਉਲੰਘਣਾ, ਦੇਰ ਰਾਤ ਤਕ ਖੁੱਲੇ ਰਹਿੰਦੇ ਨੇ ਸ਼ਰਾਬ ਦੇ ਠੇਕੇ

08/29/2020 1:20:51 AM

ਜਲਾਲਾਬਾਦ,(ਸੇਤੀਆ) : ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਦੇ ਵੱਧਦੇ ਕੇਸਾਂ ਦੇ ਮੱਦੇਨਜ਼ਰ ਕਰਫਿਊ ਨੂੰ ਲੈ ਕੇ ਨਵੇਂ ਨਿਯਮ ਲਾਗੂ ਕੀਤੇ ਗਏ ਹਨ। ਜਿਸ ਦੇ ਤਹਿਤ ਸ਼ਾਮ 7 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਕਰਫਿਊ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ। ਜਲਾਲਾਬਾਦ 'ਚ ਬਜ਼ਾਰਾਂ ਨੂੰ ਬੰਦ ਕਰਵਾਉਣ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਸਖ਼ਤ ਨਜ਼ਰ ਆ ਰਿਹਾ ਹੈ ਪਰ ਸ਼ਰਾਬ ਦੇ ਠੇਕੇਦਾਰਾਂ 'ਤੇ ਪ੍ਰਸ਼ਾਸਨ ਦੀ ਨਜ਼ਰ ਨਹੀਂ ਪੈ ਰਹੀ ਕਿਉਂਕਿ 6.30 ਵਜੇ ਤੋਂ ਬਾਅਦ ਵੀ ਸ਼ਰਾਬ ਦੇ ਠੇਕੇ ਸ਼ਰੇਆਮ ਖੁੱਲੇ ਰਹਿੰਦੇ ਹਨ। ਜਿਸ ਦਾ ਤਾਜ਼ਾ ਮਾਮਲਾ
ਸ਼ੁੱਕਰਵਾਰ ਦੇਰ ਰਾਤ ਦੇਖਣ ਨੂੰ ਮਿਲਿਆ, ਜਦ ਇਕ ਪਾਸੇ ਜਿੱਥੇ ਪੁਲਸ ਪ੍ਰਸ਼ਾਸਨ ਬਜ਼ਾਰਾਂ 'ਚ ਦੁਕਾਨਾਂ ਤਾਂ ਬੰਦ ਕਰਵਾ ਰਿਹਾ ਸੀ ਪਰ ਸ਼ਰਾਬ ਠੇਕੇ ਜਿਓ ਦੇ ਤਿਓਂ ਖੁੱਲੇ ਹੋਏ ਸਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਕਈ ਸ਼ਰਾਬ ਦੇ ਠੇਕਿਆਂ ਦੇ ਸ਼ਟਰ ਬੰਦ ਹੋਣ ਦੇ ਬਾਵਜੂਦ ਸ਼ਟਰਾਂ 'ਚੋਂ ਇੱਕ ਛੋਟਾ ਜਿਹਾ ਰਸਤਾ ਬਣਾ ਰੱਖਿਆ ਹੈ, ਜਿਸ ਰਾਹੀਂ ਸ਼ਰਾਬ ਵੇਚੀ ਜਾ ਰਹੀ ਸੀ। ਇਥੇ ਹੀ ਬਸ ਨਹੀਂ ਰਾਤ ਕਰੀਬ 9.30 ਤੋਂ ਲੈ ਕੇ 10 ਵਜੇ ਤੱਕ ਫਾਜ਼ਿਲਕਾ ਰੋਡ ਤੇ ਟਿਵਾਣਾ ਮੋੜ, ਗੁਮਾਨੀ ਵਾਲਾ ਮੋੜ, ਇਕ ਪੰਪ ਦੇ ਸਾਹਮਣੇ ਠੇਕੇ ਖੁੱਲੇ ਹੋਏ ਸਨ।

ਜਾਣਕਾਰੀ ਮੁਤਾਬਕ ਕਰਫਿਊ ਦੇ ਨਿਯਮਾਂ ਨੂੰ ਸ਼ਰਾਬ ਠੇਕੇਦਾਰਾਂ 'ਤੇ ਲਾਗੂ ਕਰਨ ਸਮੇਂ ਪ੍ਰਸ਼ਾਸਨ ਉਨਾ ਸਖਤ ਦਿਖਾਈ ਨਹੀਂ ਦੇ ਰਿਹਾ ਹੈ, ਜਦਕਿ ਆਮ ਦੁਕਾਨਦਾਰਾਂ ਦੀਆਂ ਦੁਕਾਨਾਂ ਨੂੰ ਬੰਦ ਕਰਵਾਉਣ ਲਈ ਪ੍ਰਸ਼ਾਸਨ ਦਾ ਡੰਡਾ ਕਾਇਮ ਹੈ। ਹਾਲਾਂਕਿ ਨਿਯਮ ਆਮ ਦੁਕਾਨਦਾਰਾਂ ਤੇ ਸ਼ਰਾਬ ਠੇਕੇਦਾਰਾਂ ਦੋਹਾਂ ਲਈ ਇਕੋ ਜਿਹੇ ਲਾਗੂ ਹੁੰਦੇ ਹਨ ਪਰ ਸਵਾਲ ਇਹ ਖੜਾ ਹੁੰਦਾ ਹੈ ਕਿ ਜੇਕਰ ਨਿਯਮ ਬਰਾਬਰ ਹਨ ਤਾਂ ਫਿਰ ਸ਼ਰਾਬ ਠੇਕੇਦਾਰਾਂ ਦੇ ਸ਼ਟਰ ਡਾਊਨ ਕਰਵਾਉਣ ਲਈ ਪ੍ਰਸ਼ਾਸਨ ਇੰਨੀ ਤੇਜ਼ੀ ਕਿਉਂ ਨਹੀਂ ਦਿਖਾ ਰਿਹਾ ਹੈ। ਜਦੋ ਇਸ ਖੁੱਲ੍ਹੇ ਠੇਕੇ ਸੰਬੰਧੀ ਥਾਣਾ ਸਿਟੀ ਮੁਖੀ ਅਮਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਮੈਂ ਪੀ. ਸੀ. ਆਰ ਦੇ ਮੁਲਾਜ਼ਮ ਨੂੰ ਭੇਜਦਾ ਹਾਂ ਪਰ ਕਾਫੀ ਸਮਾਂ ਬੀਤਣ ਦੇ ਬਾਅਦ ਵੀ ਕੋਈ ਪੁਲਸ ਦਾ ਕਰਮਚਾਰੀ ਮੌਕੇ 'ਤੇ ਨਹੀਂ ਪਹੁੰਚਿਆ।

ਆਖਿਰਕਾਰ ਸ਼ਰਾਬ ਠੇਕੇ ਦੇਰ ਰਾਤ ਖੁੱਲੇ ਹੋਣ ਸੰਬੰਧੀ 'ਜਗ ਬਾਣੀ' ਦੇ ਪੱਤਰਕਾਰ ਵਲੋਂ ਫਾਜ਼ਿਲਕਾ ਦੇ ਐਸ. ਐਸ. ਪੀ. ਹਰਜੀਤ ਸਿੰਘ ਨਾਲ ਫੋਨ 'ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਂ ਐਸ. ਐਚ.ਓ. ਨੂੰ ਮੌਕੇ 'ਤੇ ਭੇਜਦਾ ਹਾਂ। ਪੁਲਸ ਨੂੰ ਖੁੱਲੇ ਸ਼ਰਾਬ ਦੇ ਠੇਕੇ ਦੀ  ਸੂਚਨਾ ਦੇਣ ਦੇ ਬਾਵਜੂਦ ਕਰੀਬ ਇੱਕ ਘੰਟਾ ਪੱਤਰਕਾਰ ਵਲੋਂ ਪੁਲਸ ਦੀ ਉਡੀਕ ਕੀਤੀ ਗਈ ਪਰ ਥਾਣਾ ਸਿਟੀ ਮੁਖੀ ਨੇ ਮੌਕੇ 'ਤੇ ਆਉਣਾ ਮੁਨਾਸਿਬ ਨਹੀਂ ਸਮਝਿਆ।
 


Deepak Kumar

Content Editor

Related News