ਬਲਾਕ ਸੰਮਤੀ ਜੈਤੋ ਦੀਆਂ ਚੋਣਾਂ ''ਚ ਕਾਂਗਰਸੀਆਂ ਉਮੀਦਵਾਰਾਂ ਨੇ ਲਾਈ ਢਾਹ

09/11/2019 6:04:25 PM

ਜੈਤੋ (ਵੀਰਪਾਲ/ਗੁਰਮੀਤ) - ਹਲਕਾ ਜੈਤੋ ਦੇ ਕਾਂਗਰਸੀ ਲੀਡਰਾਂ ਦੀ ਆਪਸੀ ਖਿੱਚੋਤਾਣ 'ਚ ਸੁਰਜੀਤ ਬਾਬੇ ਦੇ ਧੜੇ ਨੇ ਬਾਜ਼ੀ ਮਾਰ ਲਈ ਹੈ। ਇਨ੍ਹਾਂ ਬਲਾਕ ਸੰਮਤੀ ਜੈਤੋ ਦੀਆਂ ਚੋਣਾਂ 'ਚ ਕਾਂਗਰਸੀ ਉਮੀਦਵਾਰਾਂ ਨੇ ਕਾਂਗਰਸੀਆਂ ਨੂੰ ਢਾਅ ਲਾਈ ਹੈ। ਬੀਤੇ ਦਿਨੀਂ ਬਲਾਕ ਸੰਮਤੀ ਜੈਤੋ ਦੀਆਂ ਚੋਣਾਂ ਪਈਆਂ ਵੋਟਾਂ ਦੇ ਨਤੀਜਿਆਂ ਅਨੁਸਾਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਤੇ ਆਲ ਇੰਡੀਆ ਜੱਟ ਮਹਾਂ ਸਭਾ ਜ਼ਿਲਾ ਫ਼ਰੀਦਕੋਟ ਦੇ ਪ੍ਰਧਾਨ ਸੁਰਜੀਤ ਸਿੰਘ ਬਾਬਾ ਦੇ ਗਰੁੱਪ ਦਾ ਹੱਥ ਉੱਪਰ ਰਿਹਾ, ਜਦਕਿ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਧੜੇ ਦੇ ਦੋਵੇਂ ਉਮੀਦਵਾਰ ਚੋਣ ਹਾਰ ਗਏ। ਬਲਾਕ ਸੰਮਤੀ ਜੈਤੋ ਲਈ ਚੇਅਰਮੈਨ ਦੇ ਅਹੁਦੇ ਦਾ ਕੋਟਾ ਅਨੁਸੂਚਿਤ ਜਾਤੀਆਂ ਲਈ ਰਾਖਵਾਂ ਸੀ। ਇਸ ਚੋਣ 'ਚ ਬਾਬਾ ਧੜੇ ਦੇ ਗੁਰਪ੍ਰੀਤ ਸਿੰਘ ਡੋਡ ਨੂੰ 12 ਜਦਕਿ ਉਸ ਦੇ ਵਿਰੋਧੀ ਉਮੀਦਵਾਰ ਮਨਪ੍ਰੀਤ ਸਿੰਘ ਰੋਮਾਣਾ ਅਜੀਤ ਸਿੰਘ ਨੂੰ 10 ਵੋਟਾਂ ਮਿਲੀਆਂ। ਉਪ ਚੇਅਰਮੈਨ ਦਾ ਅਹੁਦਾ ਜਨਰਲ ਵਰਗ ਲਈ ਸੀ। ਇਸ ਅਹੁਦੇ ਲਈ ਹੋਈ ਵੋਟਿੰਗ 'ਚ ਬਾਬਾ ਧੜੇ ਦੀ ਕਮਲਜੀਤ ਕੌਰ ਚੰਦਭਾਨ ਨੂੰ 13 ਤੇ ਸਦੀਕ ਖੇਮੇ ਦੇ ਸਮਰਥਨ ਵਾਲੀ ਉਸ ਦੀ ਵਿਰੋਧੀ ਉਮੀਦਵਾਰ ਸੁਖਪਾਲ ਕੌਰ ਮੱਤਾ ਨੂੰ 9 ਵੋਟਾਂ ਹਾਸਲ ਹੋਈਆਂ।

ਬਲਾਕ ਸੰਮਤੀ ਦੇ 21 ਮੈਂਬਰਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਜੇਤੂ ਰਹੇ ਜੈਤੋ ਹਲਕੇ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਇਸ ਸਮੇਂ ਸੀਨੀਅਰ ਕਾਂਗਰਸੀ ਆਗੂ ਅਤੇ ਜ਼ਿਲਾ ਸ਼ਿਕਾਇਤ ਨਿਵਾਰਨ ਕਮੇਟੀ ਫਰੀਦਕੋਟ ਦੇ ਮੈਂਬਰ ਬਲਵਿੰਦਰ ਸਿੰਘ 'ਲਵਲੀ ਭੱਟੀ', ਸਰਪੰਚ ਭੁਪਿੰਦਰਜੀਤ ਸਿੰਘ 'ਵਿੱਕੀ ਬਰਾੜ' ਦਸਮੇਸ਼ ਨਗਰ ਪੰਜਗਰਾਈਂ ਕਲਾਂ, ਮਾਰਕੀਟ ਕਮੇਟੀ ਜੈਤੋ ਦੇ ਸਾਬਕਾ ਚੇਅਰਮੈਨ ਰਣਜੀਤ ਸਿੰਘ ਔਲਖ ਦਬੜ੍ਹੀਖਾਨਾ, ਬਲਾਕ ਸੰਮਤੀ ਮੈਂਬਰ ਸੁਖਜੀਤ ਸਿੰਘ ਧਾਲੀਵਾਲ ਕੋਠੇ ਹਵਾਨਾ, ਬਲਾਕ ਸੰਮਤੀ ਮੈਂਬਰ ਭਗਤ ਸਿੰਘ ਚਹਿਲ ਬਾਜਾਖਾਨਾ, ਬਲਾਕ ਸੰਮਤੀ ਮੈਂਬਰ ਅਵਤਾਰ ਸਿੰਘ ਬਰਾੜ ਆਦਿ ਕਾਂਗਰਸੀ ਵਰਕਰ ਵੱਡੀ ਗਿਣਤੀ 'ਚ ਮੌਜੂਦ ਸਨ ।

ਜੈਤੋ ਤੋਂ ਆਪ ਵਿਧਾਇਕ ਦੀ ਵੋਟ ਦਾ ਇਸਤਮਾਲ ਪਤਾ ਨੀ ਕਿਸ ਪਾਸੇ
ਬਲਾਕ ਸਮੰਤੀ ਦੇ 21 ਮੈਂਬਰਾਂ ਤੋਂ ਇਲਾਵਾ ਆਪ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਆਪਣੀ ਵੋਟ ਦਾ ਇਸਤਮਾਲ ਲੋਕਾਂ ਦੇ ਧਿਆਨ ਤੋਂ ਪਾਸੇ ਰਿਹਾ। ਇਹ ਤਾਂ ਰੱਬ ਹੀ ਜਾਣ ਹੈ ਕਿ ਵਿਧਾਇਕ ਨੇ ਕਾਂਗਰਸ ਦੇ ਕਿਸ ਧੜੇ ਦੇ ਉਮੀਦਵਾਰ ਦੀ ਝੋਲੀ 'ਚ ਵੋਟ ਅਤੇ ਕਿਸ ਦੀ ਝੋਲੀ 'ਚ ਵੱਟੇ ਪਾਏ ਹਨ।

ਕੀ ਕਹਿੰਦੇ ਹਨ ਮੈਂਬਰ ਪਾਰਲੀਮੈਂਟ ਫਰੀਦਕੋਟ ਜਨਾਬ ਮੁਹੰਮਦ ਸਦੀਕ
ਬਲਾਕ ਸੰਮਤੀ ਜੈਤੋ ਦੀਆਂ ਚੋਣਾਂ ਦੇ ਸਬੰਧ 'ਚ ਕਾਂਗਰਸੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਫਰੀਦਕੋਟ ਜਨਾਬ ਮੁਹੰਮਦ ਸਦੀਕ ਦਾ ਕਹਿਣਾ ਹੈ ਕਿ ਮੈਂ ਕਦੇ ਧੜ੍ਹੇਬੰਦੀ ਵਾਲੀ ਸਿਆਸਤ ਨਹੀਂ ਕੀਤੀ। ਮੈਂ ਪਾਰਟੀ ਦਾ ਵਫ਼ਾਦਾਰ ਸਿਪਾਹੀ ਹਾਂ ਅਤੇ ਜੇਕਰ ਕੋਈ ਪਾਰਟੀ ਤੋਂ ਵੱਖ ਹੋ ਕੇ ਧੜ੍ਹੇਬੰਦੀ ਬਣਾਉਦਾ ਹੈ ਤਾਂ ਉਸ ਬਾਰੇ ਪਾਰਟੀ ਹਾਈ ਕਮਾਂਡ ਸੋਚੇਗੀ। ਮੈਂ ਲੋਕ ਸਭਾ ਫਰੀਦਕੋਟ 16 ਲੱਖ ਵੋਟਰਾਂ ਨੁਮਾਇਦਾ ਹਾਂ।

ਕੀ ਕਹਿੰਦੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਤੇ ਆਲ ਇੰਡੀਆ ਜੱਟ ਮਹਾਂ ਸਭਾ ਜ਼ਿਲਾ ਫ਼ਰੀਦਕੋਟ ਦੇ ਪ੍ਰਧਾਨ ਸੁਰਜੀਤ ਸਿੰਘ ਬਾਬਾ ਨੇ ਕਿਹਾ ਕਿ ਪਾਰਲੀਮੈਂਟ ਮੁਹੰਮਦ ਸਦੀਕ ਧੜੇ ਵਲੋਂ ਜੋ ਉਮੀਦਵਾਰ ਚੋਣ ਮੈਦਾਨ 'ਚ ਉਤਾਰੇ ਸਨ, ਉਹ ਕਾਂਗਰਸ ਪਾਰਟੀ ਦੇ ਨਹੀਂ ਮੁਹੰਮਦ ਸਦੀਕ ਦੇ ਧੜੇ ਨਾਲ ਸਬੰਧਤ ਸਨ। ਲੋਕਾਂ ਨੇ ਦੱਸਿਆ ਕਿ ਅਸੀ ਹਲਕੇ ਤੋਂ ਬਹਾਰੀ ਲੀਡਰ ਦਾ ਸਾਥ ਨਹੀਂ ਦੇਵਾਂਗੇ ਸਗੋਂ ਲੋਕਲ ਲੀਡਰ, ਜੋ ਸਾਡੇ ਸਮੱਸਿਆਂ ਤੋਂ ਜਾਣੂੰ ਉਸ ਨਾਲ ਖੜ੍ਹੇ ਹਾਂ ਅਤੇ ਖੜ੍ਹਾਂਗੇ।


rajwinder kaur

Content Editor

Related News