ਫਿਰੋਜ਼ਪੁਰ ਜੇਲ੍ਹ ’ਚੋਂ ਸਰਚ ਮੁਹਿੰਮ ਦੌਰਾਨ 7 ਮੋਬਾਇਲ ਫੋਨ ਬਰਾਮਦ

07/31/2021 2:50:08 PM

ਫਿਰੋਜ਼ਪੁਰ (ਕੁਮਾਰ): ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਦੀਆਂ ਦੀਵਾਰਾਂ ’ਤੇ ਸਰਕਾਰ ਵੱਲੋਂ ਹਾਈ ਵੋਲਟੇਜ ਇਲੈਕਟ੍ਰੋਨਿਕ ਵਾਇਰ ਲਗਾਉਣ ਦੇ ਬਾਵਜੂਦ ਵੀ ਸ਼ਰਾਰਤੀ ਅਨਸਰਾਂ ਵੱਲੋਂ ਜੇਲ੍ਹ ਦੇ ਬਾਹਰੋਂ ਪੈਕਟ ਅਤੇ ਗੇਂਦ ਸੁੱਟਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਪਿਛਲੇ ਕੁਝ ਸਮੇਂ ਤੋਂ ਜੇਲ੍ਹ ਪ੍ਰਸ਼ਾਸਨ ਵੱਲੋਂ ਭਾਰੀ ਮਾਤਰਾ ਵਿਚ ਜੇਲ੍ਹ ਅੰਦਰੋਂ ਮੋਬਾਇਲ ਫੋਨ, ਤੰਬਾਕੂ ਦੀਆਂ ਪੁੜੀਆਂ ਅਤੇ ਨਸ਼ੀਲੀਆਂ ਗੋਲੀਆਂ ਆਦਿ ਬਰਾਮਦ ਕੀਤੀਆਂ ਜਾ ਚੁੱਕੀਆ ਹਨ। ਜੇਲ੍ਹ ਪ੍ਰਸ਼ਾਸਨ ਵੱਲੋਂ ਜੇਲ੍ਹ ਵਿਚ ਵੱਡਾ ਸਰਚ ਅਪ੍ਰੇਸ਼ਨ ਚਲਾਇਆ ਗਿਆ ਤਾਂ ਵੱਖ-ਵੱਖ ਕੰਪਨੀਆਂ ਦੇ 7 ਮੋਬਾਇਲ ਫੋਨ, ਸਿਮ ਕਾਰਡ, ਬੈਟਰੀ ਤੇ ਚਾਰਜਰ ਬਰਾਮਦ ਹੋਏ।

ਇਹ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਦੇ ਏ.ਐੱਸ.ਆਈ. ਬਲਦੇਵ ਸਿੰਘ ਨੇ ਦੱਸਿਆ ਕਿ ਸਤਨਾਮ ਸਿੰਘ ਸਹਾਇਕ ਸੁਪਰਡੰਟ ਵੱਲੋਂ ਪੁਲਸ ਥਾਣਾ ਸਿਟੀ ਫਿਰੋਜ਼ਪੁਰ ਨੂੰ ਭੇਜੇ ਗਏ ਲਿਖ਼ਤੀ ਪੱਤਰ ਵਿਚ ਦੱਸਿਆ ਕਿ ਤਲਾਸ਼ੀ ਦੌਰਾਨ ਬੈਰਕ ਨੰ: 11 ਤੋਂ ਵੱਖ-ਵੱਖ ਕੰਪਨੀਆਂ ਦੇ ਬੈਟਰੀ ਤੇ ਸਿਮ ਕਾਰਡ ਸਮੇਤ 4 ਟੱਚ ਸਕ੍ਰੀਨ, 2 ਕੀ-ਪੈਡ ਮੋਬਾਇਲ ਫੋਨ ਤੇ ਇਕ ਚਾਰਜਰ ਬਰਾਮਦ ਹੋਏ ਹਨ ਅਤੇ ਹਵਾਲਾਤ ਦੀ ਬੈਰਕ ਨੰ: 4 ਦੇ ਗੇਟ ਦੇ ਕੋਲ ਤਲਾਸ਼ੀ ਲੈਣ ’ਤੇ ਹਵਾਲਾਤੀ ਰਾਕੇਸ਼ ਕੁਮਾਰ ਤੋਂ ਇਕ ਮੋਬਾਇਲ ਫੋਨ ਸੈਮਸੰਗ ਕੀ-ਪੈਡ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਸਹਾਇਕ ਸੁਪਰਡੰਟ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਅਣਪਛਾਤੇ ਵਿਅਕਤੀਆਂ ਅਤੇ ਹਵਾਲਾਤੀ ਰਾਕੇਸ਼ ਕੁਮਾਰ ਦੇ ਖ਼ਿਲਾਫ਼ ਮਾਮਲਾ ਦਰਜ ਕਰਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Shyna

This news is Content Editor Shyna