ਗੈਂਗਸਟਰ ਨੀਟਾ ਦੀ ਨਿਸ਼ਾਨਦੇਹੀ ’ਤੇ ਜੇਲ ’ਚੋਂ 3 ਹੋਰ ਮੋਬਾਇਲ ਬਰਾਮਦ

03/11/2020 10:52:16 PM

ਨਾਭਾ,(ਜੈਨ, ਭੂਪਾ)-  ਜੁਡੀਸ਼ੀਅਲ ਕੰਪਲੈਕਸ ਵਿਚ ਸ਼ਾਮੀਂ ਸਬ-ਡਵੀਜ਼ਨਲ ਜੁਡੀਸ਼ੀਅਲ ਮੈਜਿਸਟ੍ਰੇਟ ਨੀਰਜ ਕੁਮਾਰ ਸਿੰਗਲਾ ਦੀ ਅਦਾਲਤ ਵਿਚ ਪੁਲਸ ਨੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਗੈਂਗਸਟਰ ਨੀਟਾ ਦਿਓਲ, ਹਵਾਲਾਤੀ ਪਰਵਿੰਦਰ ਟਾਈਗਰ, ਹਵਾਲਾਤੀ ਮੁਕੰਦ ਖਾਨ, 2 ਵਾਰਡਨਾਂ ਵਰਿੰਦਰ ਕੁਮਾਰ ਅਤੇ ਤਰਨਦੀਪ ਸਿੰਘ ਨੂੰ ਪੇਸ਼ ਕੀਤਾ। ਮਾਣਯੋਗ ਅਦਾਲਤ ਨੇ ਪੰਜਾਂ ਦੇ ਪੁਲਸ ਰਿਮਾਂਡ ਵਿਚ ਦੋ ਦਿਨ ਦਾ ਹੋਰ ਵਾਧਾ ਕੀਤਾ ਤਾਂ ਜੋ ਜੇਲਹ ਵਿਚ ਚੱਲ ਰਹੇ ਰੈਕਟ ਦੀ ਪੜਤਾਲ ਹੋ ਸਕੇ। ਡੀ. ਐੱਸ. ਪੀ. ਥਿੰਦ ਅਨੁਸਾਰ ਇਨ੍ਹਾਂ ਦੀ ਨਿਸ਼ਾਨਦੇਹੀ ’ਤੇ ਜੇਲ ’ਚੋਂ 3 ਹੋਰ ਨਵੇਂ ਸਮਾਰਟ ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ। ਇਨ੍ਹਾਂ ਨੂੰ ਲੈਬ ਵਿਚ ਭੇਜਿਆ ਜਾ ਰਿਹਾ ਹੈ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਇਨ੍ਹਾਂ ਮੋਬਾਇਲਾਂ ਤੋਂ ਗੈਂਗਸਟਰ ਨੀਟਾ ਦਿਓਲ ਅਤੇ ਟਾਈਗਰ ਨੇ ਕਿੱਥੇ-ਕਿੱਥੇ ਕਾਲਾਂ ਕੀਤੀਆਂ? ਹੋਰ ਸਾਥੀਆਂ ਬਾਰੇ ਵੀ ਪੜਤਾਲ ਜਾਰੀ ਹੈ। ਇਸ ਨਾਲ ਸਨਸਨੀਖੇਜ਼ ਖੁਲਾਸੇ ਹੋਣਗੇ।

ਗੈਂਗਸਟਰ ਕੁਲਪ੍ਰੀਤ ਸਿੰਘ ਉਰਫ ਨੀਟਾ ਦਿਓਲ ਪੁੱਤਰ ਸੁਰਜੀਤ ਸਿੰਘ ਵਾਸੀ ਮੋਗਾ ਦੇ ਵਕੀਲ ਹਰਪ੍ਰੀਤ ਸਿੰਘ ਨੌਟੀ ਐਡਵੋਕੇਟ ਨੇ ਸ਼ੰਕਾ ਜ਼ਾਹਰ ਕੀਤੀ ਕਿ ਨੀਟਾ ਨੂੰ ਪੁਲਸ ਹਰਜਿੰਦਰ ਸਿੰਘ ਉਰਫ ਵਿੱਕੀ ਗੌਂਡਰ ਵਾਂਗ ਹੀ ਪੁਲਸ ਮੁਕਾਬਲੇ ਵਿਚ ਮਾਰ ਦੇਣਾ ਚਾਹੁੰਦੀ ਹੈ। ਇਸ ਕਰ ਕੇ ਉਸ ਖਿਲਾਫ ਵਾਰ-ਵਾਰ ਝੂਠੇ ਪੁਲਸ ਮਾਮਲੇ ਦਰਜ ਕੀਤੇ ਜਾ ਰਹੇ ਹਨ। ਐਡਵੋਕੇਟ ਨੌਟੀ ਨੇ ਇੰਕਸ਼ਾਫ ਕੀਤਾ ਕਿ ਦਹਿਸ਼ਤ ਦੇ ਦੂਜੇ ਨਾਂ ਵਜੋਂ ਜਾਣੇ ਜਾਂਦੇ ਗੈਂਗਸਟਰ ਸੁੱਖਾ ਕਾਹਲਵਾਂ ਦੇ ਪੁਲਸ ਹਿਰਾਸਤ ਵਿਚ ਹੋਏ ਕਤਲ ਤੋਂ ਬਾਅਦ ਨੀਟਾ ਦਿਓਲ ਨੂੰ ਮੈਕਸੀਮਮ ਸਕਿਓਰਿਟੀ ਜੇਲ ਵਿਚ ਰੱਖਿਆ ਗਿਆ ਹੈ। ਫਿਰ 27 ਨਵੰਬਰ 2016 ਦੀ ਜੇਲ ਬ੍ਰੇਕ ਤੋਂ ਬਾਅਦ ਗ੍ਰਿਫ਼ਤਾਰ ਕਰ ਕੇ ਪਟਿਆਲਾ ਸੈਂਟਰਲ ਜੇਲ, ਕਪੂੁਰਥਲਾ ਜੇਲ ਅਤੇ ਸੰਗਰੂਰ ਜੇਲ ’ਚ ਰੱਖਿਆ ਗਿਆ। ਨਵੰਬਰ 2018 ਵਿਚ ਨਾਭਾ ਕੋਤਵਾਲੀ ਪੁਲਸ ਨੇ ਨੀਟਾ ਖਿਲਾਫ ਧਾਰਾ 506 ਆਈ. ਪੀ. ਸੀ. ਅਧੀਨ ਮਾਮਲਾ ਦਰਜ ਕਰ ਲਿਆ ਸੀ ਕਿ ਉਸ ਨੇ ਜੇਲ ਵਿਚ ਅਫਸਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਨੀਟਾ ਖਿਲਾਫ ਪੰਜਾਬ ਪੁਲਸ ਨੇ ਹੁਣ ਤੱਕ 2 ਦਰਜਨ ਤੋਂ ਵੱਧ ਮਾਮਲੇ ਦਰਜ ਕੀਤੇ ਹਨ। ਅਜੇ ਤੱਕ ਕਿਸੇ ਵੀ ਮਾਮਲੇ ਵਿਚ ਨੀਟਾ ਦਿਓਲ ਨੂੰ ਸਜ਼ਾ ਨਹੀਂ ਹੋਈ। ਉਸ ਦੀ ਵਾਰ-ਵਾਰ ਹੋ ਰਹੀ ਗ੍ਰਿਫ਼ਤਾਰੀ ਸਿਰਫ ਸਟੰਟ ਹੈ। ਉਸ ਦੀ ਜਾਨ ਨੂੰ ਜੇਲ ਵਿਚ ਵੀ ਖਤਰਾ ਹੈ।

ਦੂਜੇ ਪਾਸੇ ਨਵੀਂ ਜ਼ਿਲਾ ਜੇਲ ਨਾਭਾ ’ਚੋਂ 6 ਮਾਰਚ ਨੂੰ (ਦੋ ਮੋਬਾਇਲਾਂ ਸਮੇਤ ਸਿਮ ਕਾਰਡ) ਗ੍ਰਿਫ਼ਤਾਰ ਕੀਤੇ ਗਏ ਵਾਰਡਨ ਵਰਿੰਦਰ ਕੁਮਾਰ ਦੇ ਵਕੀਲ ਸਿਕੰਦਰ ਪ੍ਰਤਾਪ ਸਿਘ ਐਡਵੋਕੇਟ ਦਾ ਕਹਿਣਾ ਹੈ ਕਿ ਵਾਰਡਨ ਵਰਿੰਦਰ ਕੁਮਾਰ ਪ੍ਰੋਬੇਸ਼ਨਲ ਮੁਲਾਜ਼ਮ ਹੈ। ਪੁਲਸ ਨੇ ਗੈਂਗਸਟਰ ਨੀਟਾ ਦਿਓਲ ਨੂੰ ਫਸਾਉਣ ਲਈ ਇਸ ਵਾਰਡਨ ਖਿਲਾਫ ਝੂਠਾ ਮਾਮਲਾ ਦਰਜ ਕਰ ਕੇ ਉਸ ਦੇ ਬਿਆਨਾਂ ’ਤੇ ਪਹਿਲਾਂ ਤਰਨਦੀਪ ਵਾਰਡਨ ਅਤੇ ਫਿਰ ਹਵਾਲਾਤੀ ਮੁਕੰਦ ਖਾਨ ਨੂੰ ਗ੍ਰਿਫ਼ਤਾਰ ਕੀਤਾ। ਫਿਰ ਮੁਕੰਦ ਖਾਨ ਦੇ ਬਿਆਨਾਂ ’ਤੇ ਗੈਂਗਸਟਰ ਨੀਟਾ ਅਤੇ ਪਰਵਿੰਦਰ ਟਾਈਗਰ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਹਿਰਾਸਤ ਵਿਚ ਲੈ ਲਿਆ। ਪੁਲਸ ਤਸ਼ੱਦਦ ਕਰ ਰਹੀ ਹੈ। ਮਾਣਯੋਗ ਅਦਾਲਤ ਵਿਚ ਪੇਸ਼ ਕਰਨ ਸਮੇਂ ਭਾਰੀ ਪੁਲਸ ਫੋਰਸ ਤਾਇਨਾਤ ਸੀ। ਜ਼ਿਕਰਯੋਗ ਹੈ ਕਿ ਦੋਵੇਂ ਜੇਲ ਵਾਰਡਨਾਂ ਦਾ ਅੱਜ ਤੀਜੀ ਵਾਰ 2 ਦਿਨ ਦਾ ਪੁਲਸ ਰਿਮਾਂਡ ਮਿਲਿਆ ਹੈ। ਇਨ੍ਹਾਂ ਬਾਰੇ ਪੁਲਸ ਕਹਿ ਰਹੀ ਹੈ ਕਿ ਇਹ ਜੇਲ ’ਚ ਵੱਡਾ ਰੈਕਟ ਚਲਾ ਰਹੇ ਸਨ।


Related News