ਖਬਰ ਦਾ ਅਸਰ ''ਜਗ ਬਾਣੀ'' ਦੀ ਮਿਹਨਤ ਸਦਕਾ ਸ਼ੇਰਪੁਰ ਸਕੂਲ ਨੂੰ ਮਿਲੇ 3 ਹੋਰ ਕਮਰੇ

10/11/2018 9:46:33 AM

ਸ਼ੇਰਪੁਰ (ਸਿੰਗਲਾ)— 10 ਅਕਤੂਬਰ ਨੂੰ 'ਜਗ ਬਾਣੀ' ਵੱਲੋਂ ਪ੍ਰਕਾਸ਼ਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਸਕੂਲ ਦੀ ਖਬਰ ਦਾ ਅਸਰ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਵੱਲੋਂ ਸ਼ੇਰਪੁਰ ਸਕੂਲ ਦਾ ਦੌਰਾ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ 'ਜਗ ਬਾਣੀ' ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਸ਼ੇਰਪੁਰ ਸਕੂਲ ਦੀ ਵਿਸ਼ੇਸ਼ ਰਿਪੋਰਟ ਪ੍ਰਕਾਸ਼ਿਤ ਕਰ ਕੇ ਸੱਚੇ ਮੀਡੀਆ ਕਰਮੀ ਹੋਣ ਦਾ ਸਬੂਤ ਦਿੱਤਾ ਹੈ। ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਇਸ ਸਕੂਲ ਦੀ ਖਸਤਾਹਾਲ ਇਮਾਰਤ ਤੋਂ ਲੈ ਕੇ ਹੁਣ ਸ਼ਾਨਦਾਰ ਇਮਾਰਤ ਬਣਾਉਣ ਤੱਕ ਦਾ ਮਾਮਲਾ ਪਿਛਲੀ ਦਸੰਬਰ 2013 ਤੋਂ ਲਗਾਤਾਰ 'ਜਗ ਬਾਣੀ' ਵੱਲੋਂ ਚੁੱਕਿਆ ਜਾ ਰਿਹਾ ਹੈ। ਇਸ ਦੌਰਾਨ ਹੁਣ ਤੱਕ ਵੱਖ-ਵੱਖ ਸਕੀਮਾਂ ਅਧੀਨ ਸਕੂਲ 'ਤੇ ਇਸ ਤੋਂ ਪਹਿਲਾਂ ਕੁੱਲ 41 ਲੱਖ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਬੁੱਧਵਾਰ ਨੂੰ ਲੋਕ ਸਭਾ ਹਲਕਾ ਸੰਗਰੂਰ ਤੋਂ ਭਗਵੰਤ ਮਾਨ ਮੈਂਬਰ ਪਾਰਲੀਮੈਂਟ ਨੇ ਆਪਣੇ ਐੱਮ. ਪੀ. ਫੰਡ 'ਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਲਈ 3 ਕਮਰੇ ਹੋਰ ਬਣਾਉਣ ਲਈ 7 ਲੱਖ 50 ਹਜ਼ਾਰ ਰੁਪਏ ਇਸੇ ਹਫਤੇ 'ਚ ਭੇਜਣ ਦਾ ਵਾਅਦਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਮਨ ਨੂੰ ਇਸ ਗੱਲ ਦੀ ਤਸੱਲੀ ਹੋਈ ਹੈ ਕਿ ਇੱਥੇ ਦੇ ਸਕੂਲ ਸਟਾਫ ਨੇ ਤੇ ਪ੍ਰਿੰਸੀਪਲ ਨੇ ਸਖਤ ਮਿਹਨਤ ਕਰ ਕੇ ਸਕੂਲ ਦੀ ਨੁਹਾਰ ਬਦਲ ਦਿੱਤੀ ਹੈ। ਜਦੋਂ ਉਹ ਐੱਮ. ਪੀ. ਬਣ ਕੇ ਪਹਿਲੀ ਵਾਰ ਸ਼ੇਰਪੁਰ ਸਕੂਲ ਦਾ ਦੌਰਾ ਕਰਨ ਆਏ ਸਨ ਤਾਂ ਇੰਝ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਇਹ ਕੋਈ ਸਕੂਲ ਨਹੀਂ  ਕੋਈ ਖੰਡਰ ਹੋਵੇ।

ਹੁਣ ਸ਼ੇਰਪੁਰ ਸਕੂਲ ਦੀ ਸ਼ਾਨਦਾਰ ਇਮਾਰਤ ਬਣ ਜਾਣ ਨਾਲ ਬੱਚਿਆਂ ਨੂੰ ਜਿੱਥੇ ਵਿੱਦਿਆ ਪ੍ਰਾਪਤ ਕਰਨ ਲਈ ਚੰਗਾ ਮਾਹੌਲ ਮਿਲੇਗਾ, ਉਥੇ ਮਿਹਨਤੀ ਸਟਾਫ ਸਦਕਾ ਉਚੇਰੀ ਸਿੱਖਿਆ ਵੀ ਪ੍ਰਾਪਤ ਹੋ ਸਕੇਗੀ। ਸ਼੍ਰੀ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਸਕੂਲ ਸਮਾਜ ਸੇਵੀ ਸੰਸਥਾਵਾਂ ਨੂੰ ਗੋਦ ਦੇਣ ਦੀ ਥਾਂ ਉਨ੍ਹਾਂ ਦਾ ਪ੍ਰਬੰਧ ਸਹੀ ਤਰੀਕੇ ਨਾਲ ਆਪ ਕਰਨਾ ਚਾਹੀਦਾ ਹੈ। ਅੱਜ ਜੋ ਸਕੂਲਾਂ ਦੀ ਹਾਲਤ ਹੈ, ਉਸ ਨੂੰ ਦੇਖ ਕੇ ਇਹ ਮਹਿਸੂਸ ਨਹੀਂ ਹੁੰਦਾ ਕਿ ਦੇਸ਼ ਦੀ ਆਜ਼ਾਦੀ ਨੂੰ 72 ਸਾਲ ਹੋ ਗਏ ਹਨ। ਇਸ ਮੌਕੇ ਸਕੂਲ ਪੁੱਜਣ 'ਤੇ ਪ੍ਰਿੰਸੀਪਲ ਸਰਬਜੀਤ ਸਿੰਘ ਅਤੇ ਸਮੂਹ ਸਟਾਫ ਵੱਲੋਂ ਉਨ੍ਹਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ ਗਿਆ। ਇਸ ਸਮੇਂ ਸਕੂਲ ਦੇ ਉੱਦਮੀ ਪ੍ਰਿੰਸੀਪਲ ਸਰਬਜੀਤ ਸਿੰਘ ਵੱਲੋਂ ਵੀ ਜਿੱਥੇ ਉਚੇਚੇ ਤੌਰ ਤੇ 'ਜਗ ਬਾਣੀ' ਦਾ ਧੰਨਵਾਦ ਕੀਤਾ ਗਿਆ, ਉੱਥੇ ਹੀ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਵੱਲੋਂ ਦਿੱਤੇ ਜਾਣ ਵਾਲੇ ਇਕ-ਇਕ ਪੈਸੇ ਦੀ ਸਹੀ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ੇਰਪੁਰ ਸਕੂਲ ਦੇ ਸਟਾਫ ਦੀ ਮਿਹਨਤ ਸਦਕਾ ਹੀ ਇਸ ਸਕੂਲ ਦੀ ਨੁਹਾਰ ਬਦਲੀ ਗਈ ਹੈ। ਇਸ ਮੌਕੇ ਰਣਜੀਤ ਸਿੰਘ ਕਾਲਾਬੂਲਾ, ਤੇਜਾ ਸਿੰਘ ਸ਼ੇਰਪੁਰ, ਸੁਖਦੀਪ ਸਿੰਘ ਖੇੜੀ, ਮਾ. ਮਨਜੀਤ ਸਿੰਘ ਹੇੜੀਕੇ, ਦੇਵ ਰਾਜ ਕੁਠਾਲਾ, ਬਲਵਿੰਦਰ ਸਿੰਘ ਬੜੀ, ਗੁਰਮੇਲ ਸਿੰਘ ਸ਼ੇਰਪੁਰ, ਪ੍ਰਧਾਨ ਬੀਰਬਲ ਰਿਸ਼ੀ, ਮੈਡਮ ਸੀਮਾ ਰਾਣੀ ਆਦਿ ਆਗੂ ਹਾਜ਼ਰ ਸਨ।