ਜੂਸ ਵਾਲੀ ਦੁਕਾਨ ’ਚੋਂ ਇਨਵੈਟਰ ਬੈਟਰਾ ਤੇ ਹੋਰ ਸਾਮਾਨ ਚੋਰੀ
Saturday, Jul 19, 2025 - 06:14 PM (IST)

ਮਮਦੋਟ (ਸ਼ਰਮਾ)–ਸਿਵਲ ਹਸਪਤਾਲ ਮਮਦੋਟ ਨਜ਼ਦੀਕ ਇਕ ਜੂਸ ਵਾਲੀ ਦੁਕਾਨ ਨੂੰ ਪਿਛਲੇ ਪਾਸਿਓਂ ਪਾੜ ਲਗਾ ਕੇ ਚੋਰਾਂ ਨੇ ਦੁਕਾਨ ਅੰਦਰ ਪਿਆ ਇਨਵੈਟਰ-ਬੈਟਰਾ , 2 ਜੂਸਰ ਅਤੇ ਹੋਰ ਸਾਮਾਨ ਚੋਰੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਮੇਸ਼ ਕੁਮਾਰ ਲੂਥਰਾ ਪੁੱਤਰ ਨੱਥੂ ਰਾਮ ਵਾਸੀ ਮਮਦੋਟ ਨੇ ਦੱਸਿਆ ਕਿ ਉਸ ਦੀ ਸਿਵਲ ਹਸਪਤਾਲ ਦੇ ਨਜ਼ਦੀਕ ਜੂਸ ਬਨਾਉਣ ਵਾਲੀ ਦੁਕਾਨ ਹੈ, ਉਸ ਨੇ ਦੱਸਿਆ ਕਿ ਪਿਛਲੇ 2-3 ਦਿਨਾਂ ਤੋਂ ਬਾਰਿਸ਼ਾਂ ਹੋਣ ਕਾਰਨ ਦੁਕਾਨ ’ਤੇ ਗਾਹਕੀ ਨਾ ਹੋਣ ਕਾਰਨ ਦੁਕਾਨ ਬੰਦ ਰੱਖੀ ਗਈ ਸੀ । ਜਦੋਂ ਉਸ ਨੇ ਅੱਜ ਆ ਕੇ ਦੁਕਾਨ ਖੋਲ੍ਹੀ ਤਾਂ ਦੁਕਾਨ ਦੀ ਪਿਛਲੀ ਕੰਧ ਵਾਲੇ ਪਾਸਿਓਂ ਪਾੜ ਲੱਗਾ ਹੋਇਆ ਸੀ ਅਤੇ ਦੁਕਾਨ ਦੇ ਅੰਦਰੋ ਚੋਰਾਂ ਵੱਲੋਂ ਇਕ ਇਨਵੈਟਰ ਬੈਟਰਾ, 2 ਜੂਸ ਬਨਾਉਣ ਵਾਲੀਆਂ ਮਸ਼ੀਨਾਂ ਅਤੇ ਹੋਰ ਵਰਤੋਂ ਵਾਲਾ ਸਾਮਾਨ ਚੋਰੀ ਹੋ ਚੁੱਕਿਆ ਸੀ । ਰਮੇਸ਼ ਕੁਮਾਰ ਨੇ ਅੱਗੇ ਦੱਸਿਆ ਕਿ ਉਸ ਦੀ ਦੁਕਾਨ ਦਾ ਤਕਰੀਬਨ 30-40 ਹਜਾਰ ਰੁਪਏ ਦਾ ਨੁਕਸਾਨ ਹੋਇਆ ਹੈ।
ਉਸ ਨੇ ਇਸ ਹੋਈ ਚੋਰੀ ਸਬੰਧੀ ਲਿਖਤੀ ਤੌਰ ’ਤੇ ਥਾਣਾ ਮਮਦੋਟ ਵਿਖੇ ਚੋਰੀ ਦੀ ਸੂਚਨਾ ਦੇ ਦਿੱਤੀ ਹੈ। ਰਮੇਸ਼ ਕੁਮਾਰ ਨੇ ਇਹ ਵੀ ਦੱਸਿਆ ਕਿ ਉਸ ਦੀ ਦੁਕਾਨ ਦਾ ਪਿਛਲਾ ਪਾਸਾ ਸਿਵਲ ਹਸਪਤਾਲ ਮਮਦੋਟ ਵਿਖੇ ਹੈ, ਜਿਥੇ ਚੋਰਾਂ ਨੇ ਦੁਕਾਨ ਨੂੰ ਪਾੜ ਲਾਇਆ ਹੈ।