ਅੰਤਰਰਾਸ਼ਟਰੀ ਚੇੱਨਈ ਡਰੱਗ ਗੈਂਗ ਦੇ 5 ਮੈਂਬਰਾਂ ਨੂੰ 10-10 ਸਾਲ ਅਤੇ ਔਰਤ ਨੂੰ 8 ਸਾਲ ਦੀ ਕੈਦ

09/18/2019 10:24:24 AM

ਪਟਿਆਲਾ (ਬਲਜਿੰਦਰ)—ਪੰਚਕੂਲਾ ਦੇ ਸਪੈਸ਼ਲ ਜੱਜ ਐੱਨ. ਡੀ. ਪੀ. ਐੱਸ. ਦੀ ਅਦਾਲਤ ਨੇ ਅੱਜ ਸ਼ਾਮ ਇਕ ਅਹਿਮ ਮਾਮਲੇ ਵਿਚ ਅੰਤਰਰਾਸ਼ਟਰੀ ਚੇੱਨਈ ਡਰੱਗ ਗੈਂਗ ਦੇ 5 ਮੈਂਬਰਾਂ ਨੂੰ 10-10 ਸਾਲ ਅਤੇ ਬਰਮਾ ਦੀ ਰਹਿਣ ਵਾਲੀ ਚੈਰੀ ਨਾਂ ਦੀ ਔਰਤ ਨੂੰ 8 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਸਾਰਿਆਂ ਨੂੰ 1-1 ਲੱਖ ਰੁਪਏ ਜੁਰਮਾਨਾ ਵੀ ਕੀਤਾ ਗਿਆ ਹੈ। 10 ਸਾਲ ਦੀ ਸਜ਼ਾ ਵਾਲੇ ਚੇਨਈ ਗੈਂਗ ਦੇ 5 ਮੈਂਬਰਾਂ ਵਿਚ ਐੱਮ. ਪ੍ਰਭੂ ਪੁੱਤਰ ਮਾਥੂ ਰਮਨ ਵਾਸੀ ਸ਼ਾਸਤਰੀ ਨਗਰ ਵਿਆਸਰਾ ਪੱਲੀ ਚੇੱਨਈ, ਆਰ. ਸ਼ਿਵਾ ਕੁਮਾਰ ਪੁੱਤਰ ਐੱਮ. ਰਾਜੂ ਵਾਸੀ ਥੀਰੂ ਵੇਹਕਾ ਸਟਰੀਟ ਉਜਾਲ ਚੇੱਨਈ, ਆਰ. ਵੀ. ਸ਼ਨਮੁਗਮ ਪੁੱਤਰ ਆਰ ਵੀਰਾ ਮਾਥੂ ਵਾਸੀ ਅੰਬਿਕਾ ਨਗਰ ਜ਼ਿਲਾ ਕਾਂਜੀਪੁਰਮ ਤਾਮਿਲਨਾਡੂ, ਐੱਸ. ਮਨੀ ਪੁੱਤਰ ਸੇਲਵਮ ਵਾਸੀ ਚੇੱਨਈ, ਵੀ. ਵੈਕਟੇਸ਼ ਪੁੱਤਰ ਵਿਸ਼ਵਨਾਥਨ ਵਾਸੀ ਜੋਤੀ ਨਗਰ ਚੇੱਨਈ ਸ਼ਾਮਲ ਹਨ। ਬਰਮਾ ਦੀ ਰਹਿਣ ਵਾਲੀ ਚੈਰੀ, ਜੋ ਕਿ ਦਿੱਲੀ ਦੇ ਵਿਕਾਸ ਪੁਰੀ ਇਲਾਕੇ ਵਿਚ ਰਹਿ ਰਹੀ ਸੀ, ਨੂੰ 8 ਸਾਲ ਦੀ ਸਜ਼ਾ ਸੁਣਾਈ ਗਈ ਹੈ।
ਦੱਸਣਯੋਗ ਹੈ ਕਿ ਪਟਿਆਲਾ ਪੁਲਸ ਨੇ 28 ਜੂਨ 2014 ਨੂੰ ਥਾਣਾ ਤ੍ਰਿਪੜੀ ਵਿਖੇ ਐੱਮ. ਪ੍ਰਭੂ ਉਰਫ ਸੁਰੇਸ਼ ਵਾਸੀ ਚੇੱਨਈ ਤਾਮਿਲਨਾਡੂ, ਆਰ. ਸ਼ਿਵਾ ਕੁਮਾਰ ਵਾਸੀ ਚੇੱਨਈ ਤਾਮਿਲਨਾਡੂ, ਆਰ. ਵੀ. ਸ਼ਨਮੁਗਮ ਵਾਸੀ ਚੇੱਨਈ ਤਾਮਿਲਨਾਡੂ, ਐੱਸ. ਮਨੀ ਉਰਫ ਰਾਜੇਸ਼ ਵਾਸੀ ਚੇੱਨਈ ਤਾਮਿਲਨਾਡੂ, ਆਰ. ਵੀ. ਵੈਕਟੇਸ਼ ਵਾਸੀ ਵਾਸੀ ਚੇੱਨਈ ਤਾਮਿਲਨਾਡੂ ਖਿਲਾਫ ਕੇਸ ਦਰਜ ਕੀਤਾ ਸੀ। ਪੰਜਾਂ ਨੂੰ 30 ਜੂਨ 2014 ਨੂੰ ਸ਼ੰਭੂ ਬਾਰਡਰ ਤੋਂ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਤੋਂ 3.5 ਕਿਲੋ ਡਾਇਫੈਨੋਓਸੀਲੇਟ, 50 ਕਿਲੋ ਸ਼ੂਡੋਫੈਡਰੀਨ ਅਤੇ ਇਕ ਕਰੋੜ 60 ਲੱਖ ਰੁਪਏ ਬਰਾਮਦ ਕੀਤੇ ਸਨ। ਇਸ ਤੋਂ ਬਾਅਦ ਚੈਰੀ ਵਾਸੀ ਵਿਕਾਸ ਪੁਰੀ ਦਿੱਲੀ (ਬਰਮਾ) ਨੂੰ 1 ਜੁਲਾਈ 2014 ਨੂੰ ਦਿੱਲੀ ਤੋਂ ਗ੍ਰਿਫਤਾਰ ਕਰ ਕੇ ਉਸ ਤੋਂ ਨਸ਼ੇ ਵਾਲੀਆਂ 4 ਲੱਖ 98 ਹਜ਼ਾਰ ਗੋਲੀਆਂ, ਮਾਰੂਤੀ ਕਾਰ, ਜਾਅਲੀ ਪਾਸਪੋਰਟ ਅਤੇ ਪੈਨ ਕਾਰਡ ਬਰਾਮਦ ਕੀਤਾ ਸੀ।

ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਪਟਿਆਲਾ ਤੋਂ ਪੰਚਕੂਲਾ ਸ਼ਿਫਟ ਹੋਇਆ ਸੀ ਕੇਸ
ਔਰਤ ਚੈਰੀ ਨੇ ਮਾਣਯੋਗ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕਰ ਕੇ ਮੰਗ ਕੀਤੀ ਸੀ ਕਿ ਇਸ ਕੇਸ ਦੀ ਸੁਣਵਾਈ ਪੰਜਾਬ ਤੋਂ ਬਾਹਰ ਕਿਸੇ ਹੋਰ ਰਾਜ ਵਿਚ ਕੀਤੀ ਜਾਏ। ਇਸ ਵਿਚ 8 ਮਹੀਨਿਆਂ ਦੇ ਟਰਾਇਲਾਂ ਤੋਂ ਬਾਅਦ ਇਸ ਕੇਸ ਨੂੰ ਪÎਟਿਆਲਾ ਐੱਨ. ਡੀ. ਪੀ. ਐੱਸ. ਕੋਰਟ ਤੋਂ ਪੰਚਕੂਲਾ ਐੱਨ. ਡੀ. ਪੀ. ਐੱਸ. ਕੋਰਟ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਉਕਤ ਦੋਸ਼ੀਆਂ ਖਿਲਾਫ ਪਹਿਲਾਂ ਵੀ ਭਾਰਤ ਦੀਆਂ ਰਾਸ਼ਟਰੀ ਏਜੰਸੀਆਂ ਜਿਵੇਂ ਕਿ ਡੀ. ਆਰ. ਆਈ. ਨਵੀਂ ਦਿੱਲੀ, ਐੱਨ. ਸੀ. ਬੀ. ਚੇੱਨਈ, ਡੀ. ਆਰ. ਆਈ. ਚੇੱਨਈ ਵੱਲੋਂ ਇਨ੍ਹਾਂ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤੇ ਗਏ ਸਨ। ਇਨ੍ਹਾਂ ਵਿਚ ਸਾਹਮਣੇ ਆਇਆ ਸੀ ਕਿ ਇਹ ਵਿਅਕਤੀ ਭਾਰਤ ਵਿਚ ਵੱਡੇ ਪੱਧਰ 'ਤੇ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਕਰਦੇ ਹਨ।

ਗੈਂਗ ਦੇ ਮੈਂਬਰਾਂ ਨੇ ਵੱਖ-ਵੱਖ ਥਾਵਾਂ 'ਤੇ ਪਟਿਆਲਾ ਪੁਲਸ ਖਿਲਾਫ਼ ਦਾਇਰ ਕੀਤੀਆਂ ਸਨ ਪਟੀਸ਼ਨਾਂ
ਚੇਨਈ ਡਰੱਗ ਰੈਕਟ ਦੇ ਪੰਜੇ ਮੈਂਬਰਾਂ ਅਤੇ ਚੈਰੀ ਵੱਲੋਂ ਗ੍ਰਿਫ਼ਤਾਰੀ ਤੋਂ ਬਾਅਦ ਦਿੱਲੀ, ਉੱਤਰ ਪ੍ਰਦੇਸ਼ ਦੀਆਂ 8 ਅਦਾਲਤਾਂ ਵਿਚ ਵੱਖ-ਵੱਖ ਥਾਵਾਂ 'ਤੇ ਪਟਿਆਲਾ ਪੁਲਸ ਦੇ ਇਸ ਮਾਮਲੇ ਦੇ ਜਾਂਚ ਅਧਿਕਾਰੀਆਂ ਉਸ ਸਮੇਂ ਦੇ ਐੱਸ. ਐੱਸ. ਪੀ. ਹਰਦਿਆਲ ਸਿੰਘ ਮਾਨ, ਐੱਸ. ਪੀ. ਡੀ. ਜਸਕਿਰਨਜੀਤ ਸਿੰਘ ਤੇਜਾ, ਡੀ. ਐੱਸ. ਪੀ. ਦਵਿੰਦਰ ਅੱਤਰੀ ਅਤੇ ਸੀ. ਆਈ. ਏ. ਸਟਾਫ ਪਟਿਆਲਾ ਦੇ ਇੰਚਾਰਜ ਇੰਸ. ਸ਼ਮਿੰਦਰ ਸਿੰਘ ਖਿਲਾਫ ਵੱਖ-ਵੱਖ ਗੰਭੀਰ ਦੋਸ਼ਾਂ ਤਹਿਤ ਪਟੀਸ਼ਨਾਂ ਦਾਇਰ ਕੀਤੀਆਂ ਸਨ, ਜੋ ਕਿ ਸਾਰੀਆਂ ਹੀ ਡਿਸਮਿਸ ਹੋ ਗਈਆਂ ਸਨ।

Shyna

This news is Content Editor Shyna