ਬਟਵਾਰੇ ਨੂੰ ਲੈ ਕੇ ਭਰਾ ਨੇ ਮੰਜੇ ਦੀ ਬਾਹੀ ਮਾਰ ਕੇ ਭਰਾ ਕੀਤਾ ਜ਼ਖ਼ਮੀ, ਭਰਜਾਈ ਦੀ ਤੋੜੀ ਬਾਂਹ

07/25/2021 4:06:25 PM

ਫ਼ਰੀਦਕੋਟ (ਰਾਜਨ): ਅਜੋਕੇ ਯੁਗ ’ਚ ਘਰ, ਜ਼ਮੀਨਾਂ ਤੇ ਜਾਇਦਾਦਾਂ ਦੇ ਬਟਵਾਰਿਆਂ ਦੀ ਲਾਲਸਾ, ਇਨਸਾਨੀ ਕਦਰਾਂ ਕੀਮਤਾਂ ’ਤੇ ਕਿਸ ਹੱਦ ਤੱਕ ਭਾਰੂ ਹੋ ਰਹੀ ਹੈ ਇਸ ਦੀ ਜਿਊਂਦੀ ਜਾਗਦੀ ਮਿਸਾਲ ਲਾਗਲੇ ਪਿੰਡ ਪੰਜਗਰਾਈ ਕਲਾਂ ਵਿੱਚ ਰਹਿੰਦੇ ਇੱਕ ਪਰਿਵਾਰ ਵਿੱਚ ਵਿਹੜੇ ਦੀ ਵੰਡ ਨੂੰ ਲੈ ਕੇ ਹੋਏ ਝਗੜੇ ਤੋਂ ਮਿਲੀ, ਜਿਸ ਵਿੱਚ ਭਰਾ ਨੇ ਭਰਾ ਦੇ ਸਿਰ ਵਿੱਚ ਮੰਜੇ ਦੀ ਬਾਹੀ ਮਾਰ ਕੇ ਜ਼ਖ਼ਮੀ ਕਰਨ ਤੋਂ ਬਾਅਦ ਆਪਣੀ ਭਰਜਾਈ ਦੀ ਵੀ ਬਾਂਹ ਤੋੜ ਦਿੱਤੀ।

ਥਾਣਾ ਸਦਰ ਕੋਟਕਪੂਰਾ ਵਿਖੇ ਕੀਤੀ ਗਈ ਸ਼ਿਕਾਇਤ ’ਚ ਸੋਨੀਆ (34) ਪਤਨੀ ਮਲਕੀਤ ਸਿੰਘ ਵਾਸੀ ਗਿੱਲ ਪੱਤੀ ਪੰਜਗਰਾਈ ਕਲਾਂ ਨੇ ਦੱਸਿਆ ਕਿ ਉਹ ਇਕੋ ਘਰ ਵਿੱਚ ਪਤੀ ਮਲਕੀਤ ਸਿੰਘ ਸਮੇਤ ਵੱਖ ਰਹਿੰਦੀ ਹੈ ਅਤੇ ਘਰ ਦੇ ਵਿਹੜੇ ਦੀ ਵੰਡ ਨੂੰ ਲੈ ਕੇ ਉਸ ਦਾ ਸੱਸ, ਸਹੁਰੇ ਅਤੇ ਦਿਓਰ ਗੁਰਚਰਨ ਸਿੰਘ ਜੋ ਅਲੱਗ ਰਹਿੰਦੇ ਹਨ ਨਾਲ ਤਕਰਾਰ ਚੱਲ ਰਿਹਾ ਹੈ। ਸ਼ਿਕਾਇਤ ਕਰਤਾ ਅਨੁਸਾਰ ਜਦ ਉਹ ਸਵੇਰੇ ਘਰੇ ਕੰਮ ਕਰ ਰਹੀ ਸੀ ਤਾਂ ਵਿਹੜੇ ਦੀ ਵੰਡ ਨੂੰ ਲੈ ਕੇ ਉਸ ਦੀ ਸਹੁਰੇ ਅਤੇ ਦਿਓਰ ਨਾਲ ਤਕਰਾਰ ਹੋ ਗਈ ਜਿਸ ’ਤੇ ਉਸ ਦੇ ਦਿਓਰ ਨੇ ਉਸ ਨੂੰ ਅਪਮਾਨ ਕਰਨ ਦੇ ਇਰਾਦੇ ਨਾਲ ਆਪਣਾ ਝੱਗਾ ਚੁੱਕ ਕੇ ਗਲਤ ਇਸ਼ਾਰੇ ਕਰਨੇ ਸ਼ੁਰੂ ਕਰ ਦਿੱਤੇ ਅਤੇ ਜਦੋਂ ਉਸਦੇ ਪਤੀ ਮਲਕੀਤ ਸਿੰਘ ਨੇ ਉਸ ਨੂੰ ਰੋਕਿਆ ਤਾਂ ਉਸਨੇ ਵਿਹੜੇ ’ਚ ਪਈ ਮੰਜੇ ਦੀ ਬਾਹੀ ਚੁੱਕ ਕੇ ਉਸਦੇ ਪਤੀ ਦੇ ਸਿਰ ’ਚ ਮਾਰ ਕੇ  ਜ਼ਖ਼ਮੀ ਕਰ ਦਿੱਤਾ। ਜਦੋਂ ਉਹ ਆਪਣੇ ਪਤੀ ਨੂੰ ਛੁਡਵਾਉਣ ਲਈ ਅੱਗੇ ਹੋਈ ਤਾਂ ਗੁਰਚਰਨ ਸਿੰਘ ਨੇ ਬਾਹੀ ਮਾਰ ਕੇ ਉਸਦੀ ਵੀ ਖੱਬੀ ਬਾਂਹ ਦੀ ਹੱਡੀ ਤੋੜ ਦਿੱਤੀ। ਪੁਲਸ ਵੱਲੋਂ ਇਸ ਸ਼ਿਕਾਇਤ ’ਤੇ ਸੋਨੀਆ ਦੇ ਦਿਓਰ ਗੁਚਰਨ ਸਿੰਘ ਅਤੇ ਸਹੁਰੇ ਹਰਮੇਲ ਸਿੰਘ ਜਦਕਿ ਸੋਨੀਆ ਦੀ ਸੱਸ ਜਸਮੇਲ ਕੌਰ ਪਤਨੀ ਹਰਮੇਲ ਸਿੰਘ ਦੇ ਬਿਆਨਾਂ ’ਤੇ ਸੋਨੀਆ ’ਤੇ ਵੀ ਕਰਾਸ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Shyna

Content Editor

Related News