ਸਰਕਾਰੀ ਨਿਯਮਾਂ ਦੀ ਉਲੰਘਣਾ ਕਰਨ ’ਤੇ ਕਿਸਾਨ ਵਿਰੁੱਧ ਮਾਮਲਾ ਦਰਜ

11/17/2018 1:20:02 AM

ਮੋਗਾ, (ਅਾਜ਼ਾਦ)- ਮੋਗਾ ਦੇ ਨੇਡ਼ੇ ਪਿੰਡ ਤਾਰੇਵਾਲਾ ’ਚ ਬੀਤੀ 14 ਨਵੰਬਰ ਨੂੰ ਝੋਨੇ ਦੇ ਖੇਤ ਦੀ ਪਰਾਲੀ ਨੂੰ ਲੱਗੀ ਅੱਗ ਦੇ ਕਾਰਨ ਫੈਲੇ ਧੂੰਏ ਨਾਲ ਇਕ ਅਲਟੋ ਕਾਰ ਉਕਤ ਖੇਤ ’ਚ ਜਾ ਡਿੱਗੀ, ਜਿਸ ਦੇ ਨਾਡ਼ ਨੂੰ ਅੱਗ ਲੱਗੀ ਹੋਈ ਸੀ, ਜਿਸ ਕਾਰਨ ਕਾਰ ਸਡ਼ ਕੇ ਸੁਆਹ ਹੋ ਗਈ ਅਤੇ ਕਾਰ ਸਵਾਰ ਐੱਨ. ਆਰ. ਆਈ. ਪਤੀ-ਪਤਨੀ ਸਮੇਤ ਦੋ ਮਹਿਲਾਵਾਂ ਵਾਲ-ਵਾਲ ਬਚ ਗਈ, ਜਿਨ੍ਹਾਂ ਨੂੰ ਮਾਮੂਲੀਆਂ ਸੱਟਾਂ ਲੱਗੀਆਂ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਥਾਣਾ ਚਡ਼ਿੱਕ ਦੇ ਇੰਚਾਰਜ ਕਰਮਜੀਤ ਸਿੰਘ ਗਰੇਵਾਲ ਦੇ ਆਦੇਸ਼ਾਂ ’ਤੇ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਘਟਨਾ ਸਥਾਨ ’ਤੇ ਗਏ ਅਤੇ ਜਾਂਚ ਦੇ ਇਲਾਵਾ ਆਸ-ਪਾਸ ਤੋਂ ਪੁੱਛ-ਗਿੱਛ ਕੀਤੀ ਗਈ। ਜਾਂਚ ਸਮੇਂ ਪਤਾ ਲੱਗਾ ਕਿ ਨਿਰਮਲ ਸਿੰਘ ਨਿਵਾਸੀ ਪਿੰਡ ਰਾਊਕੇ ਕਲਾਂ ਜੋ ਆਪਣੀ  ਕਾਰ ’ਤੇ ਆਪਣੀ ਪਤਨੀ ਅਤੇ 2 ਹੋਰ ਮਹਿਲਾਵਾਂ ਦੇ ਨਾਲ ਪਿੰਡ ਸਿੰਘਾਂਵਾਲਾ ਤੋਂ ਵਾਪਸ ਆਪਣੇ ਪਿੰਡ ਜਾ ਰਿਹਾ ਸੀ ਤਾਂ ਸਡ਼ਕ ਦੇ ਨਾਲ ਲੱਗੇ ਖੇਤਾਂ ’ਚ ਝੋਨੇ ਦੀ ਪਰਾਲੀ ਨੂੰ ਲੱਗੀ ਅੱਗ ਦੇ ਕਾਰਨ ਚਾਰੋਂ ਪਾਸੇਂ ਧੂੰਆਂ ਫੈਲਿਆ ਹੋਇਆ ਸੀ, ਜਿਸ ਕਾਰਨ ਉਹ ਆਪਣੀ ਕਾਰ ਦਾ ਸੰਤੁਲਨ ਖੋਅ ਬੈਠਾ ਅਤੇ ਕਾਰ ਉਸ ਖੇਤ ’ਚ ਜਾ ਡਿੱਗੀ, ਜਿਸ ’ਚ ਅੱਗ ਲੱਗੀ ਹੋਈ ਸੀ। ਇਸ ਹਾਦਸੇ ਨੂੰ ਜਦ ਆਸ-ਪਾਸ ਦੇ ਲੋਕਾਂ ਨੇ ਦੇਖਿਆ ਤਾਂ ਕਾਰ ਸਵਾਰ ਸਾਰਿਆਂ ਨੂੰ ਬਚਾ ਲਿਆ ਗਿਆ, ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ। ਇਸ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਕਰਮਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਕਿਸਾਨ ਗੁਰਦੀਪ ਸਿੰਘ ਨਿਵਾਸੀ ਪਿੰਡ ਚੁੱਪਕੀਤੀ ਨੇ ਸਰਕਾਰੀ ਆਦੇਸ਼ਾਂ ਦੀ ਉਲੰਘਣਾ ਕੀਤੀ ਹੈ, ਜਿਸ ਕਾਰਨ ਉਕਤ ਹਾਦਸਾ ਹੋਇਆ। ਇਸ ਸਬੰਧ ’ਚ ਥਾਣਾ ਸਿਟੀ ਸਾਊਥ ਮੋਗਾ ਵੱਲੋਂ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਦੀ ਸੁੂਚਨਾ ’ਤੇ ਦੋਸ਼ੀ ਕਿਸਾਨ ਖਿਲਾਫ  ਮਾਮਲਾ ਦਰਜ ਕਰ ਲਿਆ ਗਿਆ ਹੈ, ਗ੍ਰਿਫਤਾਰੀ ਬਾਕੀ ਹੈ।