ਸੂਚਨਾ ਐਕਟ 'ਚ ਹੋਇਆ ਖੁਲਾਸਾ: ਲੱਖਾਂ ਰੁਪਏ ਤਨਖ਼ਾਹ ਲੈਣ ਵਾਲੇ ਸਿਹਤ ਮਹਿਕਮੇ ਦੇ ਅਫ਼ਸਰ ਲੁੱਟਦੇ ਨੇ ਮੌਜਾਂ

11/20/2020 3:13:16 PM

ਜ਼ੀਰਕਪੁਰ (ਮੇਸ਼ੀ): ਪੰਜਾਬ 'ਚ ਮਾਦਾ ਭਰੂਣ ਹੱਤਿਆ ਨੂੰ ਰੋਕਣ ਲਈ ਡਾਈਰੈਕਟੋਰੇਟ ਪਰਿਵਾਰ ਭਲਾਈ ਵਿਭਾਗ ਪੰਜਾਬ ਵਲੋਂ ਚੰਡੀਗੜ੍ਹ ਦੀ ਇਕ ਨਿੱਜੀ ਕੰਪਨੀ ਕੋਲੋਂ ਅਲਟਰਾਸਾਊਂਡ ਸੈਟਰਾਂ ਦਾ ਗੁਪਤ ਸਟਿੰਗ ਅਪ੍ਰੇਸ਼ਨ ਕਰਵਾਉਣ ਲਈ ਪਿਛਲੇ ਪੰਜ ਸਾਲਾਂ ਅੰਦਰ 50 ਲੱਖ ਰੁਪਏ ਤੋਂ ਵੱਧ ਦੀ ਰਕਮ ਖਰਚ ਕੀਤੀ ਗਈ ਹੈ। ਕੰਪਨੀ ਨੂੰ ਇਸ ਰਕਮ 'ਚੋਂ ਟੀ.ਡੀ.ਐੱਸ.ਕੱਟ ਕੇ ਤਕਰੀਬਨ 42 ਲੱਖ ਰੁਪਏ ਦਿੱਤੇ ਗਏ ਹਨ। ਨਿੱਜੀ ਕੰਪਨੀ ਵਲੋਂ ਪੰਜਾਬ ਦੇ ਕਈ ਸ਼ਹਿਰਾਂ ਅੰਦਰ ਕੀਤੇ ਗਏ ਸਟਿੰਗ ਅਪ੍ਰੇਸ਼ਨ ਦੌਰਾਨ ਸਭ ਤੋਂ ਵੱਧ ਰਕਮ 40 ਲੱਖ ਰੁਪਏ ਸਾਲ 2019 'ਚ ਦਿੱਤੀ ਗਈ। ਕੰਪਨੀ ਵਲੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅੰਦਰ ਛਾਪੇਮਾਰੀ ਕਰਕੇ ਅਲਟਰਾਸਾਊਂਡ ਮਸੀਨਾਂ ਜ਼ਬਤ ਕਰਨ ਦੇ ਨਾਲ ਹੀ ਮਾਦਾ ਭਰੂਣ ਹੱਤਿਆ ਕਰਨ ਦੇ ਯਤਨ ਕਰਨ ਵਾਲੇ ਲੋਕਾਂ 'ਤੇ ਕਈ ਪੁਲਸ ਥਾਣਿਆਂ ਅੰਦਰ ਮਾਮਲੇ ਵੀ ਦਰਜ ਕਰਵਾਏ ਗਏ ਹਨ। ਪਰ ਪੰਜਾਬ ਭਰ ਦੇ ਸਿਹਤ ਵਿਭਾਗ ਨਾਲ ਜੁੜੇ ਲੱਖਾਂ ਰੁਪਏ ਦੀਆਂ ਤਨਖਾਹਾਂ ਲੈਣ ਵਾਲੇ ਅਫ਼ਸਰ ਮਾਦਾ ਭਰੂਣ ਹੱਤਿਆ ਨੂੰ ਰੋਕਣ ਦੀ ਬਜਾਏ ਦਫਤਰਾਂ 'ਚ ਬੈਠ ਕੇ ਮੌਜਾਂ ਲੁੱਟਦੇ ਰਹੇ ਹਨ।

ਇਸ ਖੁਲਾਸੇ ਦੇ ਅੰਕੜਿਆਂ ਸਮੇਤ ਆਰ.ਟੀ.ਆਈ.ਮਾਹਰ ਅਤੇ ਲੋਕ ਜਾਗ੍ਰਤਿ ਮੰਚ ਦੇ ਸੂਬਾ ਪ੍ਰਧਾਨ ਬ੍ਰਿਸ ਭਾਨ ਬੁਜਰਕ ਨੇ ਦੱਸਿਆ ਕਿ ਡਾਈਰੈਕਟੋਰੇਟ ਪਰਿਵਾਰ ਭਲਾਈ ਵਿਭਾਗ ਪੰਜਾਬ ਕੋਲੋਂ ਸੂਚਨਾ ਦੇ ਅਧਿਕਾਰ ਐਕਟ 2005 ਤਹਿਤ ਇਕ ਨਿੱਜੀ ਕੰਪਨੀ ਸਪੀਡ ਸਰਚ ਅਤੇ ਸਕਿਉਰਟੀ ਨੈੱਟਵਰਕ ਪਾਈਵੇਟ ਲਿਮ : ਵੱਲੋਂ ਅਲਟਰਾਸਾਊਂਡ ਸੈਟਰਾਂ ਦੇ ਕੀਤੇ ਗਏ ਸਟਿੰਗ ਅਪ੍ਰੇਸ਼ਨਾਂ ਬਦਲੇ ਦਿੱਤੀ ਗਈ ਰਕਮ ਸਬੰਧੀ ਸਾਲ 2016 ਤੋਂ ਲੈ ਕੇ ਸਾਲ 2020 ਤੱਕ ਦੀ ਜਾਣਕਾਰੀ ਮੰਗੀ ਗਈ ਸੀ। ਜਿਸ ਦੇ ਜਵਾਬ 'ਚ ਵਿਭਾਗ ਨੇ ਦੱਸਿਆ ਹੈ ਕਿ ਕੰਪਨੀ ਦੇ ਉਕਤ ਸਮੇਂ ਦੌਰਾਨ 50,97,258 ਰੁਪਏ ਬਣਦੇ ਸਨ। ਜਿਸ 'ਚੋਂ ਟੀ.ਡੀ.ਐੱਸ.ਕੱਟ ਕੇ 42,89,466 ਰੁਪਏ ਦਿੱਤੇ ਗਏ ਹਨ। 1-6-2016,27-6-2016,11-7-2016 ਅਤੇ 7-10-2016 ਨੂੰ ਕੰਪਨੀ ਵਲੋਂ ਅੰਮ੍ਰਿਤਸਰ ਅਤੇ ਨਵਾਂ ਸ਼ਹਿਰ ਵਿੱਚ ਅਲਟਰਾਸਾਊਂਡ ਸੈਟਰਾਂ ਦੇ ਸਟਿੰਗ ਅਪ੍ਰੇਸ਼ਨ ਕੀਤੇ ਗਏ ਜਿਨ੍ਹਾਂ ਬਦਲੇ ਪਰਿਵਾਰ ਭਲਾਈ ਵਿਭਾਗ ਨੇ ਕੰਪਨੀ ਨੂੰ 3 ਲੱਖ 76 ਹਜ਼ਾਰ 642 ਰੁਪਏ ਵਿੱਚੋਂ ਟੀ.ਡੀ.ਐੱਸ.ਕੱਟ ਕੇ 2 ਲੱਖ 93 ਹਜ਼ਾਰ 978 ਰੁਪਏ ਦਿੱਤੇ। 1-3-2017,11-9-2017 ਨੂੰ ਨਵਾਂ ਸ਼ਹਿਰ,ਫਿਰੋਜਪੁਰ,ਮੋਗਾ,ਹੁਸ਼ਿਆਰਪੁਰ ਅਤੇ ਖਰੜ ਦੇ ਇੱਕ ਅਲਟਰਾਸਾਊਂਡ ਸੈਂਟਰ ਦਾ ਸਟਿੰਗ ਅਪ੍ਰੇਸ਼ਨ ਕਰਨ ਦੇ 3 ਲੱਖ 48 ਹਜ਼ਾਰ 950 ਰੁਪਏ ਵਿੱਚੋਂ 3 ਲੱਖ 14 ਹਜ਼ਾਰ 55 ਰੁਪਏ ਦਿੱਤੇ ਗਏ।

20-8-18,4-1-2018 ਨੂੰ ਅੰਮ੍ਰਿਤਸਰ ਵਿਖੇ ਕੀਤੀ ਗਈ ਕਾਰਵਾਈ ਦੌਰਾਨ ਇੱਕ ਲੱਖ 36 ਹਜ਼ਾਰ 336 ਰੁਪਏ ਵਿੱਚੋਂ 77 ਹਜਾਰ 702 ਰੁਪਏ ਦੀ ਰਕਮ ਅਦਾ ਕੀਤੀ ਗਈ। ਬ੍ਰਿਸ ਭਾਨ ਬੁਜਰਕ ਨੇ ਦੱਸਿਆ ਕਿ 25-2-2019 ਨੂੰ ਬਟਾਲਾ ਦੇ ਪੰਜ ਸੈਟਰਾਂ,3-6-2019 ਨੂੰ ਤਰਨਤਾਰਨ ਦੇ ਪੰਜ ਸੈਟਰਾਂ,10-6-2019 ਨੂੰ ਗੜ•ਸ਼ੰਕਰ ਵਿਖੇ,11-10-2019 ਨੂੰ ਸਮਾਣਾ, ਲੁਧਿਆਣਾ, ਹੁਸਿਆਰਪੁਰ, ਅੰਮ੍ਰਿਤਸਰ, ਮਾਲੇਰਕੋਟਲਾ, ਪਟਿਆਲਾ, ਬਟਾਲਾ ਅਤੇ 15-10-2019 ਨੂੰ ਬਟਾਲਾ, ਪਟਿਆਲਾ,ਹਰਿਆਣਾ ਆਦਿ ਵਿੱਚ ਚੱਲ ਰਹੇ ਅਲਟਰਾਸਾਊਂਡ ਸੈਟਰਾਂ ਦੇ ਕੀਤੇ ਗਏ ਸਟਿੰਗ ਅਪ੍ਰੇਸ਼ਨਾਂ ਬਦਲੇ ਕੰਪਨੀ ਨੂੰ ਸਭ ਤੋਂ ਵੱਡੀ ਰਕਮ 40 ਲੱਖ 330 ਰੁਪਏ ਵਿੱਚੋਂ 10 ਫੀਸਦੀ ਕੱਟ ਕੇ 35 ਲੱਖ 75 ਹਜਾਰ 81 ਰੁਪਏ ਦਿੱਤੇ ਗਏ। 23-1-2020 ਅਤੇ 4-2-2020 ਨੂੰ ਕੀਤੇ ਗਏ ਸਟਿੰਗ ਅਪ੍ਰੇਸ਼ਨਾਂ ਦੇ ਬਣਦੇ 2 ਲੱਖ 35 ਹਜਾਰ ਵਿੱਚੋਂ 2 ਲੱਖ 11 ਹਜਾਰ 250 ਰੁਪਏ ਦਿੱਤੇ ਗਏ। ਇਸ ਤਰ੍ਹਾਂ ਇਸ ਨਿੱਜੀ ਕੰਪਨੀ ਨੂੰ ਉਕਤ ਸਮਂ ਦੌਰਾਨ ਬਣਦੀ ਰਕਮ 50 ਲੱਖ 97 ਹਜ਼ਾਰ 258 ਰੁਪਏ ਵਿੱਚੋਂ 42 ਲੱਖ 89 ਹਜ਼ਾਰ 466 ਰੁਪਏ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਡਾਈਰੈਕਟੋਰੇਟ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਮਾਦਾ ਭਰੂਣ ਹੱਤਿਆ ਨੂੰ ਰੋਕਣ ਲਈ ਇੱਕ ਨਿੱਜੀ ਕੰਪਨੀ ਨੂੰ ਠੇਕਾ ਦੇਣ ਅਤੇ ਸਿਹਤ ਵਿਭਾਗ ਦੇ ਅਫਸਰਾਂ ਵੱਲੋਂ ਇਹ ਕੰਮ ਨਾ ਕੀਤੇ ਜਾਣ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ।

Shyna

This news is Content Editor Shyna