ਉਦਯੋਗਿਕ ਇਕਾਈਆਂ ਨੂੰ ਪੂੰਜੀ ਸਬਸਿਡੀ ਜਾਰੀ ਕਰੇਗੀ ਪੰਜਾਬ ਸਰਕਾਰ

12/04/2019 12:58:08 AM

ਚੰਡੀਗੜ੍ਹ,(ਸ਼ਰਮਾ)-ਪੰਜਾਬ ਸਰਕਾਰ ਵਲੋਂ ਵੱਖ-ਵੱਖ ਉਦਯੋਗਿਕ ਨੀਤੀਆਂ ਦੇ ਤਹਿਤ ਸਮੇਂ-ਸਮੇਂ 'ਤੇ ਜਨਰਲ ਉਦਯੋਗਿਕ ਇਕਾਈਆਂ ਅਤੇ ਐਕਸਪੋਰਟ ਓਰੀਐਂਟਿਡ ਇਕਾਈਆਂ (ਈ. ਓ. ਯੂ.) ਨੂੰ ਇਨਵੈਸਟਮੈਂਟ ਇਨਸੈਂਟਿਵ/ਮਨਜ਼ੂਰ ਕੀਤੀ ਗਈ ਪੂੰਜੀ ਸਬਸਿਡੀ ਜਾਰੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਸਬਸਿਡੀ ਪਹਿਲਾਂ ਉਦਯੋਗਿਕ ਨੀਤੀ ਦੇ ਨਿਯਮਾਂ ਦੀ ਸ਼ਰਤਾਂ ਪੂਰੀਆਂ ਨਾ ਕਰਨ ਕਰ ਕੇ ਰੋਕ ਦਿੱਤੀ ਗਈ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਸਪੱਸ਼ਟ ਕੀਤਾ ਕਿ ਇਸ ਸਬੰਧੀ ਸਰਕਾਰ ਵਲੋਂ ਨੋਟੀਫੀਕੇਸ਼ਨ ਜਾਰੀ ਕੀਤਾ ਗਿਆ ਹੈ।
ਇਹ ਨੋਟੀਫੀਕੇਸ਼ਨ ਸਰਕਾਰੀ ਗੈਜ਼ੇਟ 'ਚ ਪ੍ਰਕਾਸ਼ਿਤ ਕੀਤਾ ਗਿਆ ਹੈ ਅਤੇ ਉਦਯੋਗ ਵਿਭਾਗ ਦੀ ਵੈੱਬਸਾਈਟ 'ਤੇ ਵੀ ਅਪਲੋਡ ਕੀਤਾ ਗਿਆ ਹੈ। ਸੂਬੇ ਦੀਆਂ ਸਾਰੀਆਂ ਉਦਯੋਗਿਕ ਇਕਾਈਆਂ ਜਿਨ੍ਹਾਂ ਨੂੰ ਉਪਦਾਨ ਦੀ ਰਾਸ਼ੀ ਵੱਖ-ਵੱਖ ਉਦਯੋਗਿਕ ਨੀਤੀਆਂ ਅਨੁਸਾਰ ਪ੍ਰਵਾਨ ਕੀਤੀ ਗਈ ਸੀ ਅਤੇ ਬੰਦ ਹੋਣ ਕਾਰਣ ਜਾਂ ਕਿਸੇ ਹੋਰ ਕਾਰਣ ਉਨ੍ਹਾਂ ਦੀ ਪ੍ਰਵਾਨ ਕੀਤੀ ਰਾਸ਼ੀ ਦੀ ਵੰਡ ਨਹੀਂ ਕੀਤੀ ਗਈ ਸੀ, ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜੇਕਰ ਇਹ ਇਕਾਈਆਂ ਉਕਤ ਗਾਈਡਲਾਈਨਜ਼ ਅਨੁਸਾਰ ਯੋਗ ਅਤੇ ਹੱਕਦਾਰ ਸਮਝਦੀਆਂ ਹਨ ਤਾਂ ਉਹ ਵਿਭਾਗ ਦੀ ਈ-ਮੇਲ ਆਈ ਡੀ 'ਤੇ ਜਾਂ ਸਬੰਧਤ ਜਨਰਲ ਮੈਨੇਜਰ, ਜ਼ਿਲਾ ਉਦਯੋਗ ਕੇਂਦਰ ਰਾਹੀਂ ਆਪਣੀ ਪ੍ਰਤੀ ਬੇਨਤੀ ਦੇ ਸਕਦੀਆਂ ਹਨ ਤਾਂ ਜੋ ਉਨ੍ਹਾਂ ਇਕਾਈਆਂ ਨੂੰ ਸਬਸਿਡੀ ਦੀ ਵੰਡ ਕਰਨ ਸਬੰਧੀ ਵਿਚਾਰਿਆ ਜਾ ਸਕੇ।