ਹਲਕਾ ਸਾਹਨੇਵਾਲ ’ਚ ਖੁੰਬਾਂ ਵਾਂਗ ਉੱਗੀਆਂ ਨਵੀਆਂ ਅਣ-ਅਧਿਕਾਰਤ ਕਾਲੋਨੀਆਂ

01/22/2019 4:39:54 AM

ਮਾਛੀਵਾਡ਼ਾ ਸਾਹਿਬ, (ਟੱਕਰ, ਸਚਦੇਵਾ)- ਲੁਧਿਆਣਾ ਸ਼ਹਿਰ ਨਾਲ ਲਗਦੇ ਵਿਧਾਨ ਸਭਾ ਹਲਕਾ ਸਾਹਨੇਵਾਲ ’ਚ ਸਰਕਾਰ ਦੀ ਸਖ਼ਤੀ ਅਤੇ ਵੱਡੇ-ਵੱਡੇ ਦਾਅਵਿਆਂ ਦੇ ਬਾਵਜੂਦ ਨਵੀਆਂ ਅਣ-ਅਧਿਕਾਰਤ ਕਾਲੋਨੀਆਂ ਕੱਟਣ ਦਾ ਸਿਲਸਿਲਾ ਧਡ਼ਾਧਡ਼ ਜਾਰੀ ਹੈ ਅਤੇ ਜ਼ਿਲੇ ਦੇ ਸੱਤਾ ਧਿਰ ਨਾਲ ਸਬੰਧਿਤ ਸਿਆਸੀ ਆਗੂਆਂ ਦੀ ਛਤਰ-ਛਾਇਆ ਹੇਠ ਇਹ ਕਾਲੋਨਾਈਜ਼ਰ ਜਿੱਥੇ ਇਨ੍ਹਾਂ ਨਾਜਾਇਜ਼ ਕਾਲੋਨੀਆਂ ’ਚ ਪਲਾਟ ਵੇਚ ਕੇ ਲੋਕਾਂ ਦੀ ਲੁੱਟ ਕਰ ਰਹੇ ਹਨ, ਉਥੇ ਸਬੰਧਤ ਵਿਭਾਗ ਗਲਾਡਾ ਅਤੇ ਪ੍ਰਸ਼ਾਸਨ ਦੀ ਖਾਮੋਸ਼ੀ ਸਵਾਲਾਂ ਦੇ ਘੇਰੇ ਵਿਚ ਹੈ।
®ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਤੋਂ ਰਾਹੋਂ ਰੋਡ ’ਤੇ ਪੈਂਦੇ ਪਿੰਡ ਮੰਗਲੀ ਟਾਂਡਾ, ਮੰਗਲੀ ਖਾਸ, ਬੂਥਗਡ਼੍ਹ ਅਤੇ ਮਿਹਰਬਾਨ ਥਾਣਾ ਦੇ ਆਸ-ਪਾਸ ਜਿੱਥੇ ਪੁਰਾਣੀਆਂ ਕਈ ਅਣ-ਅਧਿਕਾਰਤ ਕਾਲੋਨੀਆਂ ਹਨ, ਜਿਨ੍ਹਾਂ ਨੂੰ ਸਰਕਾਰ ਦੇ ਆਦੇਸ਼ਾਂ ਦੇ ਬਾਵਜੂਦ ਰੈਗੂਲਰ ਨਹੀਂ ਕਰਵਾਇਆ ਗਿਆ ਉਥੇ ਕਈ ਨਵੀਆਂ ਅਣ-ਅਧਿਕਾਰਤ ਕਾਲੋਨੀਆਂ ਵੀ ਹੋਂਦ ’ਚ ਆ ਗਈਆਂ ਹਨ ਜਿੱਥੇ ਇਨ੍ਹਾਂ ਇਲਾਕਿਆਂ ਵਿਚ ਰਹਿੰਦੇ ਗਰੀਬ ਪਰਿਵਾਰ ਇਨ੍ਹਾਂ ਕਾਲੋਨਾਈਜ਼ਰਾਂ ਵਲੋਂ ਕਿਸ਼ਤਾਂ ’ਚ ਦਿੱਤੇ ਜਾਂਦੇ ਪਲਾਟਾਂ ਦੇ ਜਾਲ ਵਿਚ ਫਸ ਰਹੇ ਹਨ। ਬੇਸ਼ੱਕ ਗਲਾਡਾ ਵਿਭਾਗ ਵਲੋਂ ਕੁਝ ਸਮਾਂ ਪਹਿਲਾਂ ਇਨ੍ਹਾਂ ਅਣ-ਅਧਿਕਾਰਤ ਕਾਲੋਨੀਆਂ ਵਿਚ ਜੇ. ਸੀ. ਬੀ. ਮਸ਼ੀਨ  ਚਲਾ ਕੇ ਸਡ਼ਕਾਂ ਪੁੱਟੀਆਂ ਪਰ ਕੁਝ ਦਿਨ ਬਾਅਦ ਹੀ ਇਨ੍ਹਾਂ ਅਣ-ਅਧਿਕਾਰਤ ਕਾਲੋਨੀਆਂ ਦੇ ਮਾਲਕਾਂ ਵਲੋਂ ਸਿਆਸੀ ਆਗੂਆਂ ਦੀ ਗੰਢ-ਤੁੱਪ ਨਾਲ ਮੁਡ਼ ਪੁੱਟੀਆਂ ਸਡ਼ਕਾਂ ਠੀਕ ਕਰ ਕੇ ਪਲਾਟ ਵੇਚਣੇ ਸ਼ੁਰੂ ਕਰ ਦਿੱਤੇ ਹਨ ਅਤੇ ਸਬੰਧਤ ਵਿਭਾਗ ਗਲਾਡਾ ਮੂਕ ਦਰਸ਼ਕ ਬਣਿਆ ਹੋਇਆ ਹੈ।
®ਹੋਰ ਤਾਂ ਹੋਰ ਕੁਹਾਡ਼ਾ ਤੋਂ ਲੈ ਕੇ ਮਾਛੀਵਾਡ਼ਾ ਰੋਡ ਪਿੰਡ ਭਮਾ ਤੱਕ ਪੁਰਾਣੀਆਂ ਨਾਜਾਇਜ਼ ਕਾਲੋਨੀਆਂ ਤੋਂ ਇਲਾਵਾ 3 ਨਵੀਆਂ ਅਣ-ਅਧਿਕਾਰਤ ਕਾਲੋਨੀਆਂ ਕੱਟੀਆਂ ਗਈਆਂ, ਜਿੱਥੇ ਕਾਲੋਨਾਈਜ਼ਰ ਇਕ ਛੋਟਾ ਜਿਹਾ ਬੋਰਡ ਲਗਾ ਕੇ ਸਸਤੇ ਭਾਅ ਵਿਚ ਕਿਸ਼ਤਾਂ ’ਤੇ ਪਲਾਟ ਦੇਣ ਦੇ ਦਾਅਵੇ ਕਰ ਰਹੇ ਹਨ ਪਰ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਇਹ ਕਾਲੋਨੀ ਰੈਗੂਲਰ ਹੈ ਤਾਂ ਉਹ ਕੋਈ ਵੀ ਸਪੱਸ਼ਟ ਜਵਾਬ ਨਾ ਦੇ ਸਕੇ। ਹਲਕਾ ਸਾਹਨੇਵਾਲ ਜੋ ਕਿ ਲੁਧਿਆਣਾ ਸ਼ਹਿਰ ਇਲਾਕੇ ਨਾਲ ਲਗਦਾ ਹੈ ਅਤੇ ਇੱਥੇ ਆਸ-ਪਾਸ ਇੰਡਸਟਰੀ ਕਾਰਨ ਬਾਹਰੋਂ ਆਏ ਕਾਮੇ ਪ੍ਰਵਾਸੀ ਮਜ਼ਦੂਰ ਆਪਣੀਆਂ ਪੱਕੀਆਂ ਰਿਹਾਇਸ਼ਾਂ ਬਣਾਉਣ ਲਈ ਇਨ੍ਹਾਂ ਅਣ-ਅਧਿਕਾਰਤ ਕਾਲੋਨੀਆਂ ਦੇ ਜਾਲ ਵਿਚ ਫਸ ਰਹੇ ਹਨ ਜੇਕਰ ਸਰਕਾਰ ਨੇ ਇਨ੍ਹਾਂ ਅਣ-ਅਧਿਕਾਰਤ ਕਾਲੋਨਾਈਜ਼ਰਾਂ ਖਿਲਾਫ਼ ਸਖ਼ਤ ਕਾਰਵਾਈ ਨਾ ਕੀਤੀ ਤਾਂ ਗਰੀਬਾਂ ਦਾ ਪੈਸਾ ਫਸ ਜਾਵੇਗਾ ਕਿਉਂਕਿ ਨਾ ਤਾਂ ਇਨ੍ਹਾਂ ਕਾਲੋਨੀਆਂ ਵਿਚ ਨਕਸ਼ੇ ਪਾਸ ਹੋਣੇ ਹਨ ਅਤੇ ਨਾ ਹੀ ਇਨ੍ਹਾਂ ਅਣ-ਅਧਿਕਾਰਤ ਕਾਲੋਨੀਆਂ ਦੇ ਮਾਲਕ ਸਡ਼ਕਾਂ, ਸੀਵਰੇਜ ਤੇ ਜੋ ਬਣਦੀਆਂ ਸਹੂਲਤਾਂ ਹਨ, ਉਹ ਮੁਹੱਈਆ ਕਰਵਾਉਂਦੇ ਹਨ।
ਕੀ ਕਹਿਣਾ ਹੈ ਅਧਿਕਾਰੀਆਂ ਦਾ : ਹਲਕਾ ਸਾਹਨੇਵਾਲ ’ਚ ਕੱਟੀਆਂ ਜਾ ਰਹੀਆਂ ਅਣ-ਅਧਿਕਾਰਤ ਕਾਲੋਨੀਆਂ ਬਾਰੇ ਜਦੋਂ ਗਲਾਡਾ ਜ਼ਿਲਾ ਅਧਿਕਾਰੀ ਸੁਮਨ ਚੌਧਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਗਲਾਡਾ ਵਿਭਾਗ ਦੀਆਂ ਟੀਮਾਂ ਅਣ-ਅਧਿਕਾਰਤ ਕਾਲੋਨੀਆਂ ਖਿਲਾਫ਼ ਸਖ਼ਤ ਕਾਰਵਾਈ ਕਰ ਰਹੀ ਹੈ ਜਿਸ ਤਹਿਤ ਕਈ ਨਾਜਾਇਜ਼ ਕਾਲੋਨੀਆਂ ਦੀਆਂ ਸਡ਼ਕਾਂ ਵੀ ਪੁੱਟ ਦਿੱਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਹੋਰ ਨਵੀਆਂ ਅਣ-ਅਧਿਕਾਰਤ ਕਾਲੋਨੀਆਂ ਕੱਟਣ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਅੱਜ ਹੀ ਆਇਆ ਹੈ ਅਤੇ ਉਹ ਟੀਮ ਨੂੰ ਭੇਜ ਕੇ ਜੋ ਵੀ ਨਵੀਂ ਅਣ-ਅਧਿਕਾਰਤ ਕਾਲੋਨੀ ਕੱਟੀ ਹੋਵੇਗੀ, ਉਸ ਖਿਲਾਫ਼ ਕਾਰਵਾਈ ਕਰਨਗੇ।