ਟਰੈਫਿਕ ਪੁਲਸ ਦੇ ਸਹਿਯੋਗ ਨਾਲ ਸਮਾਜ ਸੇਵੀਆਂ ਨੇ ਲੋਕਾਂ ਨੂੰ ਵੰਡੇ ਮਾਸਕ

05/12/2021 2:51:04 PM

ਭਗਤਾ ਭਾਈ (ਪਰਮਜੀਤ ਢਿੱਲੋਂ)-ਅੱਜ ਭਗਤਾ ਭਾਈ ਦੇ ਬੱਸ ਸਟੈਂਡ ਕੋਲ ਮੁੱਖ ਬਾਜ਼ਾਰ ’ਚ ਸਮਾਜ ਸੇਵੀਆਂ ਵਲੋਂ ਟਰੈਫਿਕ ਪੁਲਸ ਦੇ ਸਹਿਯੋਗ ਨਾਲ ਆਮ ਲੋਕਾਂ ’ਚ ਕਰੀਬ ਇਕ ਹਜ਼ਾਰ ਮਾਸਕ ਵੰਡੇ ਗਏ। ਇਸ ਮੌਕੇ ਨਾਇਬ ਤਹਿਸੀਲਦਾਰ ਭਗਤਾ ਭਾਈ ਅਤੇ ਐੱਸ. ਐੱਚ. ਓ. ਥਾਣਾ ਭਗਤਾ ਵੀ ਹਾਜ਼ਰ ਸਨ। ਸਿਹਤ ਬਲਾਕ ਭਗਤਾ ਭਾਈ ਦੇ ਬਲਾਕ ਐਜੂਕੇਟਰ ਸੰਜੀਵ ਸ਼ਰਮਾ ਨੇ ਦੱਸਿਆ ਕਿ ਅੱਜ ਭਗਤਾ ਭਾਈ ਦੇ ਮੇਨ ਬਾਜ਼ਾਰ ’ਚ ਸੰਤ ਬਾਬਾ ਬਲਬੀਰ ਸਿੰਘ ਆਈਲੈੱਟਸ ਸੈਂਟਰ ਦੇ ਜੱਸ ਅਮਨਦੀਪ ਸਿੰਘ ਬਰਾੜ ਅਤੇ ਰਿਟਾਇਰਡ ਟੀਚਰ ਬੇਅੰਤ ਸਿੰਘ ਦੇ ਸਾਂਝੇ ਉੱਦਮ ਸਦਕਾ ਆਮ ਲੋਕਾਂ ਨੂੰ ਮਾਸਕ ਵੰਡੇ ਗਏ। ਮਾਸਕ ਵੰਡਣ ਦੀ ਰਸਮ ਨਾਇਬ ਤਹਿਸੀਲਦਾਰ ਗੁਰਦੀਪ ਸਿੰਘ ਅਤੇ ਥਾਣਾ ਮੁਖੀ ਹਰਬੰਸ ਸਿੰਘ ਵਲੋਂ ਕੀਤੀ ਗਈ।

ਇਸ ਮੌਕੇ ਨਾਇਬ ਤਹਿਸੀਲਦਾਰ ਗੁਰਦੀਪ ਸਿੰਘ ਨੇ ਸਮਾਜ ਸੇਵੀਆਂ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੋਰੋਨਾ ਮਹਾਮਾਰੀ ’ਤੇ ਕਾਬੂ ਪਾਉਣ ਲਈ ਸਿਹਤ ਵਿਭਾਗ ਦਿਨ ਰਾਤ ਮਿਹਨਤ ਕਰ ਰਿਹਾ ਹੈ ਪਰ ਜੇਕਰ ਇਸ ਬਿਮਾਰੀ ’ਤੇ ਜਿੱਤ ਪ੍ਰਾਪਤ ਕਰਨੀ ਹੈ ਤਾਂ ਸਮਾਜ ਦੇ ਸਾਰੇ ਵਰਗਾਂ ਨੂੰ ਬਣਦਾ ਸਹਿਯੋਗ ਜ਼ਰੂਰ ਪਾਉਣਾ ਚਾਹੀਦਾ ਹੈ। ਸਾਨੂੰ ਸਾਰਿਆਂ ਨੂੰ ਸਰਕਾਰ ਵੱਲੋਂ ਸਮੇਂ ਸਮੇਂ ’ਤੇ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਭਗਤਾ ਭਾਈ ਦੇ ਥਾਣਾ ਮੁਖੀ ਹਰਬੰਸ ਸਿੰਘ ਨੇ ਆਮ ਲੋਕਾਂ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਇਸ ਮਹਾਮਾਰੀ ਤੋਂ ਬਚਣ ਲਈ ਜਨਤਕ ਥਾਵਾਂ ’ਤੇ ਮਾਸਕ ਪਾ ਕੇ ਰੱਖੋ, ਵਾਰ ਵਾਰ ਹੱਥ ਸਾਫ਼ ਕਰਦੇ ਰਹਿਣਾ ਚਾਹੀਦਾ ਹੈ। ਦੋਪਹੀਆ ਵਾਹਨ ਜਾਂ ਕਾਰ ਆਦਿ ਚਲਾਉਣ ਸਮੇਂ ਮਾਸਕ ਜ਼ਰੂਰ ਪਾਓ, ਮਾਸਕ ਨਾ ਪਾਉਣ ਦੀ ਸੂਰਤ ’ਚ ਜੁਰਮਾਨਾ ਭਰਨਾ ਪਵੇਗਾ। ਸਮਾਜ ਸੇਵੀ ਜੱਸ ਅਮਨਦੀਪ ਸਿੰਘ ਅਤੇ ਬੇਅੰਤ ਸਿੰਘ ਵੱਲੋਂ ਇਸ ਕੋਰੋਨਾ ਮਹਾਮਾਰੀ ਦੌਰਾਨ ਆਮ ਲੋਕਾਂ ਦੇ ਹਿੱਤ ਲਈ ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਹਮੇਸ਼ਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ।

Manoj

This news is Content Editor Manoj