ਮੰਡੀ ’ਚ ਇਕ ਹੋਰ ਝੋਨੇ ਦੀਅਾਂ ਬੋਰੀਅਾਂ ਨਾਲ ਲੱਦਿਆ ਟਰਾਲਾ ਪਲਟਿਆ

10/18/2018 6:14:46 AM

ਸਾਦਿਕ, (ਪਰਮਜੀਤ)- ਦਾਣਾ ਮੰਡੀ ਸਾਦਿਕ ’ਚ ਅੱਜ ਫਿਰ ਇਕ ਹੋਰ ਝੋਨੇ ਦੀਅਾਂ ਬੋਰੀਅਾਂ ਨਾਲ ਲੱਦਿਆ ਟਰਾਲਾ ਪਲਟ ਗਿਆ, ਜਦਕਿ ਡਰਾਈਵਰ, ਮੰਡੀ ’ਚ ਕੰਮ ਕਰਦੇ ਮਜ਼ਦੂਰ ਅਤੇ ਕਿਸਾਨ ਵਾਲ-ਵਾਲ ਬਚ ਗਏ। ਇਸ ਸਮੇਂ ਟਰਾਲੇ ’ਤੇ ਲੱਦੀਅਾਂ ਬੋਰੀਅਾਂ ਟਰੈਕਟਰ-ਟਰਾਲੀ ਤੋਂ ਝੋਨਾ ਉਤਾਰਨ ਵਾਲੇ ਟਰੈਕਟਰ ਅਤੇ ਮੰਡੀ ’ਚ ਝੋਨੇ ਦੀ ਪਈ ਇਕ ਢੇਰੀ ’ਤੇ ਡਿੱਗ ਪਈਆਂ। 
ਮਿਲੀ ਜਾਣਕਾਰੀ ਅਨੁਸਾਰ ਉਕਤ ਟਰਾਲਾ ਸਾਦਿਕ ਮੰਡੀ ’ਚੋਂ ਝੋਨੇ ਦੀਆਂ ਬੋਰੀਆਂ ਲੈ ਕੇ ਫਰੀਦਕੋਟ ਸ਼ੈਲਰ ਜਾ ਰਿਹਾ ਸੀ ਕਿ ਜਦ ਮੰਡੀ ਵਿਚ ਪਈਆਂ ਕਿਸਾਨਾਂ ਦੀਅਾਂ ਢੇਰੀਆਂ ਨੂੰ ਬਚਾਉਂਦਾ ਹੋਇਆ ਮੰਡੀ ਵਿਚ ਬਣੀ ਢਲਾਣ ਤੋਂ ਹੇਠਾਂ ਉਤਰਨ ਲੱਗਾ ਤਾਂ ਟਰਾਲਾ ਪਲਟ ਗਿਆ। ਟਰੱਕ ਅਾਪ੍ਰੇਟਰਾਂ ਨੇ ਕਿਹਾ ਕਿ ਇਹ ਨਿਤ ਦਿਨ ਹਾਦਸੇ ਮੰਡੀ ’ਚ ਬਣੀ ਸੜਕ ’ਤੇ ਲੱਗੀਅਾਂ ਹੋਈਅਾਂ ਢੇਰੀਆਂ ਕਾਰਨ ਵਾਪਰ ਰਹੇ ਹਨ। ਸਡ਼ਕ ਢੇਰੀਆਂ ਉਤਾਰਨ ਲਈ ਨਹੀਂ, ਬਲਕਿ ਟਰੈਕਟਰ ਅਤੇ ਟਰੱਕਾਂ ਦੀ ਆਵਾਜਾਈ ਲਈ ਬਣਾਈ ਗਈ ਹੈ ਅਤੇ ਜੇਕਰ ਪ੍ਰਸ਼ਾਸਨ ਨੇ ਇਸ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਮੰਡੀ ਦੇ ਪ੍ਰਬੰਧਕਾਂ ਨੂੰ ਟਰੱਕ ਨਹੀਂ ਦਿੱਤੇ ਜਾਣਗੇ।