ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ

12/22/2018 12:35:52 AM

ਮੋਗਾ, (ਅਾਜ਼ਾਦ)- ਪਿੰਡ ਲੋਹਗਡ਼੍ਹ ਨਿਵਾਸੀ ਸਤਨਾਮ ਸਿੰਘ ਨੂੰ ਕੁਝ ਟਰੈਵਲ ਏਜੰਟਾਂ ਵੱਲੋਂ ਕਥਿਤ ਮਿਲੀਭੁਗਤ ਕਰ ਕੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 15 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਜਾਂਚ ਦੇ ਬਾਅਦ ਚਾਰ ਟਰੈਵਲ ੲੇਜੰਟਾਂ ਖਿਲਾਫ ਮਾਮਲਾ ਦਰਜ ਕਰ ਕੇ  ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। 
 ਕੀ ਹੈ ਸਾਰਾ ਮਾਮਲਾ
 ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ’ਚ ਸਤਨਾਮ ਸਿੰਘ ਪੁੱਤਰ ਸੁਰਜੀਤ ਨੇ ਕਿਹਾ ਕਿ ਉਹ ਵਿਦੇਸ਼ ਜਾਣਾ ਚਾਹੁੰਦਾ ਸੀ। ਉਸ ਨੇ ਸ਼ਰਮਾ ਟਰੈਵਲ ਜਲੰਧਰ ਨਾਲ ਸੰਪਰਕ ਕੀਤਾ ਤਾਂ ਉਸ ਨੇ ਕਿਹਾ ਕਿ ਉਹ ਤੈਨੂੰ ਕੈਨੇਡਾ ਭੇਜ ਦੇਵੇਗਾ, ਜਿਸ ’ਤੇ 18 ਲੱਖ ਰੁਪਏ ਖਰਚਾ ਆਵੇਗਾ। ਉਕਤ ਟਰੈਵਲ ਏਜੰਟ ਨੇ 21 ਫਰਵਰੀ, 2017 ਨੂੰ ਬੱਸ ਅੱਡਾ ਧਰਮਕੋਟ ਕੋਲੋਂ ਉਸ ਕੋਲੋਂ 20 ਹਜ਼ਾਰ ਰੁਪਏ ਨਕਦ ਅਤੇ ਪਾਸਪੋਰਟ ਲੈ ਲਿਆ। ਉਸ ਨੇ ਮੈਨੂੰ 25 ਫਰਵਰੀ, 2017 ਨੂੰ ਦਿੱਲੀ ਬੁਲਾਇਆ ਕਿ ਤੁਹਾਡੀ ਫਾਈਲ ਅੰਬੈਸੀ ’ਚ ਜਮ੍ਹਾ ਕਰਵਾਉਣੀ ਹੈ। ਦਿੱਲੀ ਵਿਖੇ ਸ਼ਰਮਾ ਟਰੈਵਲ ਏਜੰਟ ਨੇ ਮੈਨੂੰ ਪ੍ਰਤਾਪ ਸਿੰਘ ਅਤੇ ਨਿਰਮਲ ਸਿੰਘ, ਜੋ ਦਿੱਲੀ ਦੇ ਟਰੈਵਲ ਏਜੰਟ ਹਨ, ਨਾਲ ਮਿਲਾਇਆ, ਜਿਨ੍ਹਾਂ ਨੂੰ ਮੈਂ 30 ,000 ਰੁਪਏ ਨਕਦ ਦਿੱਤੇ ਤੇ ਉਨ੍ਹਾਂ ਮੈਨੂੰ ਮੇਰੀ ਤਿਆਰ ਕੀਤੀ ਫਾਈਲ ਕੈਨੇਡਾ ਅੰਬੈਸੀ ਵਿਚ ਲਾਉਣ ਲਈ ਦੇ ਦਿੱਤੀ, ਜੋ ਮੈਂ ਉਥੇ ਜਮ੍ਹਾ ਕਰਵਾ ਦਿੱਤੀ। 27 ਮਾਰਚ, 2017 ਨੂੰ ਪ੍ਰਤਾਪ ਸਿੰਘ ਟਰੈਵਲ ਏਜੰਟ ਨੇ ਮੈਨੂੰ ਫੋਨ ਕਰ ਕੇ ਦੱਸਿਆ ਕਿ ਉਸ ਦਾ ਕੈਨੇਡਾ ਦਾ ਵੀਜ਼ਾ ਲੱਗ ਗਿਆ ਹੈ, ਜਿਸ ’ਤੇ ਮੈਂ ਆਪਣੇ ਇਕ ਰਿਸ਼ਤੇਦਾਰ ਨਾਲ ਦਿੱਲੀ ਪੁੱਜ ਗਿਆ ਅਤੇ 4,75000 ਰੁਪਏ ਨਕਦ ਦਿੱਤੇ ਅਤੇ ਇਸ ਉਪਰੰਤ ਉਨ੍ਹਾਂ ਮੇਰੇ ਕੋਲੋਂ 5,35000 ਰੁਪਏ ਹੋਰ ਹਾਸਲ ਕਰ ਲਏ ਤੇ ਕਿਹਾ ਕਿ 22 ਮਈ, 2017 ਨੂੰ ਤੁਹਾਡੀ ਮੁੰਬਈ ਤੋਂ ਕੈਨੇਡਾ ਦੀ ਫਲਾਈਟ ਹੈ। ਮੈਂ ਆਪਣੀ ਮਾਸੀ ਦੇ ਲਡ਼ਕੇ ਗੁਰਪ੍ਰੀਤ ਸਿੰਘ ਨਾਲ ਮੁੰਬਈ ਛੱਤਰਪਤੀ ਸ਼ਿਵਾ ਜੀ ਏਅਰਪੋਰਟ ’ਤੇ ਪੁੱਜ ਗਿਆ ਅਤੇ ਬਾਕੀ ਰਹਿੰਦੀ ਰਕਮ ਵੀ ਉਥੇ ਮੈਨੂੰ ਮਿਲੇ ਟਰੈਵਲ ੲੇਜੰਟਾਂ ਦੀਪਕ ਸ਼ਰਮਾ ਅਤੇ ਨਿਰਮਲ ਸਿੰਘ ਨੂੰ ਦੇ ਦਿੱਤੀ। ਇਸ ਤਰ੍ਹਾਂ ਉਨ੍ਹਾਂ ਮੇਰੇ ਕੋਲੋਂ ਵੱਖ-ਵੱਖ ਤਰੀਕਾਂ ਵਿਚ 15 ਲੱਖ ਰੁਪਏ ਲੈ ਲਏ। ਏਅਰਪੋਰਟ ’ਤੇ ਦੀਪਕ ਸ਼ਰਮਾ ਅੰਦਰ ਜਾ ਕੇ ਵਾਪਸ ਆ ਗਿਆ ਤੇ ਕਿਹਾ ਕਿ ਤੇਰੇ ਵੀਜ਼ੇ ਲੱਗੇ ਨੂੰ ਦੋ ਮਹੀਨੇ ਤੋਂ ਉਪਰ ਸਮਾਂ ਹੋ ਗਿਆ ਹੈ, ਇਸ ਲਈ ਐਂਟਰੀ ਨਹੀਂ ਮਿਲ ਸਕਦੀ ਤੇ ਤੈਨੂੰ ਦੁਬਾਰਾ ਬੁਲਾਵਾਂਗੇ। ਉਪਰੰਤ ਮੈਂ ਟਰੈਵਲ ਏਜੰਟ ਦੀਪਕ ਸ਼ਰਮਾ ਦੇ ਬੁਲਾਉਣ ’ਤੇ 22 ਜੂਨ 2017 ਨੂੰ ਆਪਣੇ ਦੋਸਤ ਮਨਦੀਪ ਸਿੰਘ ਨਿਵਾਸੀ ਲੋਹਗਡ਼੍ਹ ਅਤੇ ਆਪਣੀ ਮਾਸੀ ਦੇ ਲਡ਼ਕੇ ਗੁਰਪ੍ਰੀਤ ਸਿੰਘ ਨਾਲ ਅੰਮ੍ਰਿਤਸਰ ਏਅਰਪੋਰਟ ਤੋਂ ਜਹਾਜ਼ ਰਾਹੀਂ ਮੁੰਬਈ ਪੁੱਜ ਗਿਆ, ਜਿੱਥੇ ਸਾਨੂੰ ਜਸਵਿੰਦਰ ਸਿੰਘ, ਅੰਗਰੇਜ਼ ਸਿੰਘ ਅਤੇ ਬਲਵੀਰ ਸਿੰਘ ਨਿਵਾਸੀ ਸੇਖਾ ਕਲਾਂ ਮੋਗਾ ਮਿਲੇ, ਜਿਨ੍ਹਾਂ ਇਨ੍ਹਾਂ ਟਰੈਵਲ ਏਜੰਟਾਂ ਰਾਹੀਂ ਹੀ ਕੈਨੇਡਾ ਜਾਣਾ ਸੀ ਪਰ ਕਥਿਤ ਦੋਸ਼ੀ ਟਰੈਵਲ ੲੇਜੰਟ ਮੁੰਬਈ ਨਹੀਂ ਪੁੱਜੇ ਤੇ ਅਸੀਂ ਕਈ ਵਾਰ ਇਨ੍ਹਾਂ ਨਾਲ ਫੋਨ ’ਤੇ ਸੰਪਰਕ ਕਰਨ ਦਾ ਯਤਨ ਕੀਤਾ, ਜੋ ਨਹੀਂ ਹੋ ਸਕਿਆ, ਜਿਸ ’ਤੇ ਸਾਨੂੰ ਸ਼ੱਕ ਹੋਇਆ ਕਿ ਸਾਡੇ ਨਾਲ ਉਕਤ ਟਰੈਵਲ ੲੇਜੰਟਾਂ ਨੇ ਕਥਿਤ ਮਿਲੀਭੁਗਤ ਕਰ ਕੇ ਧੋਖਾ ਕੀਤਾ ਹੈ ਅਤੇ 15 ਲੱਖ ਰੁਪਏ ਦੀ ਠੱਗੀ ਮਾਰੀ ਹੈ।
ਕੀ ਹੋਈ ਪੁਲਸ ਕਾਰਵਾਈ
 ਇਸ ਮਾਮਲੇ ਦੀ ਜਾਂਚ ਐਂਟੀ ਹਿਊਮਨ ਟਰੈਫਕਿੰਗ ਯੂਨਿਟ ਦੇ ਇੰਚਾਰਜ ਵੇਦ ਪ੍ਰਕਾਸ਼ ਵੱਲੋਂ ਕੀਤੀ ਗਈ। ਜਾਂਚ ਸਮੇਂ ਉਨ੍ਹਾਂ ਦੋਵਾਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ ਪਰ ਕਥਿਤ ਦੋਸ਼ੀ ਟਰੈਵਲ ੲੇਜੰਟ ਜਾਂਚ ਵਿਚ ਸ਼ਾਮਲ ਨਹੀਂ ਹੋਏ ਤੇ ਨਾ ਹੀ ਉਨ੍ਹਾਂ ਵੱਲੋਂ ਕੋਈ ਗੁਆਹ ਪੇਸ਼ ਹੋਇਆ। ਜਾਂਚ ਦੇ ਬਾਅਦ ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਸ਼ਰਮਾ ਟਰੈਵਲ ਏਜੰਟ ਜਲੰਧਰ, ਪ੍ਰਤਾਪ ਸਿੰਘ, ਨਿਰਮਲ ਸਿੰਘ ਨਿਵਾਸੀ ਦਿੱਲੀ, ਦੀਪਕ ਸ਼ਰਮਾ ਪੁੱਤਰ ਨਗਿੰਦਰ ਨਾਥ ਨਿਵਾਸੀ ਯਮਨਾ ਨਗਰ ਹਰਿਆਣਾ ਖਿਲਾਫ ਥਾਣਾ ਧਰਮਕੋਟ ’ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ। 
 

KamalJeet Singh

This news is Content Editor KamalJeet Singh