ਜ਼ਿਲ੍ਹਾ ਸੰਗਰੂਰ ''ਚੋਂ ਕਰੀਬ 75 ਫੀਸਦੀ ਪ੍ਰਵਾਸੀ ਆਪੋ-ਆਪਣੇ ਸੂਬਿਆਂ ਨੂੰ ਪਰਤੇ : ਡਿਪਟੀ ਕਮਿਸ਼ਨਰ

05/27/2020 7:12:50 PM

ਸੰਗਰੂਰ,(ਸਿੰਗਲਾ)- ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕਰਦਿਆਂ ਕਿਹਾ ਕਿ ਜ਼ਿਲ੍ਹਾ ਸੰਗਰੂਰ ਵਿੱਚ ਰਹਿੰਦੇ ਵੱਖ ਵੱਖ ਰਾਜਾਂ ਨਾਲ ਸਬੰਧਤ ਕਰੀਬ 75 ਫੀਸਦੀ ਪ੍ਰਵਾਸੀ, ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਆਪੋ-ਆਪਣੇ ਸੂਬਿਆਂ ਵਿੱਚ ਪਰਤ ਚੁੱਕੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਾਫ਼ੀ ਵੱਡੀ ਪੱਧਰ ਉੱਤੇ ਵੱਖ-ਵੱਖ ਰਾਜਾਂ ਨਾਲ ਸਬੰਧਤ ਇਨ੍ਹਾਂ ਵਿਅਕਤੀਆਂ ਨੇ ਉਪ ਮੰਡਲ ਮੈਜਿਸਟਰੇਟਾਂ ਰਾਹੀਂ ਆਪਣੀ ਰਜਿਸਟ੍ਰੇਸ਼ਨ ਕਰਵਾਈ ਸੀ ਪਰ ਅੰਤਿਮ ਪੜਾਅ 'ਤੇ ਕਰੀਬ 66% ਲੋਕ ਆਪਣੀ ਰਜਿਸਟ੍ਰੇਸ਼ਨ ਰੱਦ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਹੁਣ ਵੀ ਜ਼ਿਲ੍ਹਾ ਸੰਗਰੂਰ ਵਿੱਚ ਰਹਿੰਦੇ ਪ੍ਰਵਾਸੀ ਲੋਕਾਂ 'ਚੋਂ ਕੋਈ ਆਪਣੇ ਸੂਬੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹ 30 ਮਈ ਤੋਂ ਪਹਿਲਾਂ ਪਹਿਲਾਂ ਆਪਣੇ ਨੇੜਲੇ ਐਸ ਡੀ ਐਮ ਦਫ਼ਤਰ ਵਿੱਚ ਸੰਪਰਕ ਕਰਕੇ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਇਨ੍ਹਾਂ ਪ੍ਰਵਾਸੀਆਂ ਨੂੰ ਰੇਲਗੱਡੀਆਂ ਰਾਹੀਂ ਭਿਜਵਾਉਣ ਦੀ ਪ੍ਰਕਿਰਿਆ ਜਾਰੀ ਹੈ ਅਤੇ ਪਿਛਲੇ ਦਿਨਾਂ ਦੌਰਾਨ ਪਟਿਆਲਾ, ਲੁਧਿਆਣਾ, ਬਠਿੰਡਾ ਅਤੇ ਫਿਰੋਜਪੁਰ ਵਿਖੇ ਬੱਸਾਂ ਰਾਹੀਂ ਇਨ੍ਹਾ ਨੂੰ ਭਿਜਵਾ ਕੇ ਰੇਲਗੱਡੀਆਂ ਰਾਹੀਂ ਆਪੋ ਆਪਣੇ ਸੂਬਿਆਂ ਵਿੱਚ ਭੇਜਿਆ ਗਿਆ ਹੈ। ਮੀਟਿੰਗ ਦੌਰਾਨ ਕੋਵਿਡ-19 ਤਹਿਤ ਵੱਖ-ਵੱਖ ਕਾਰਜਾਂ, ਹੋਮ ਕੁਆਰੰਟੀਨ ਦੀ ਸਥਿਤੀ, ਕੋਵਿਡ ਕੇਅਰ ਸੈਂਟਰ, ਫਲੂ ਸੈਂਟਰ ਆਦਿ ਸਬੰਧੀ ਵੀ ਜਾਇਜ਼ਾ ਲਿਆ ਗਿਆ। ਇਸ ਦੌਰਾਨ ਡੀ.ਐਫ਼.ਓ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੀਆਂ ਵੱਖ ਵੱਖ ਸਬ ਡਵੀਜ਼ਨਾਂ ਤੋਂ ਨੋਡਲ ਅਧਿਕਾਰੀਆਂ ਦੀ ਨਿਗਰਾਨੀ ਹੇਠ ਅੱਜ ਬਿਹਾਰ ਦੇ ਵੱਡੀ ਗਿਣਤੀ ਵਸਨੀਕ ਲੁਧਿਆਣਾ ਅਤੇ ਫਿਰੋਜ਼ਪੁਰ ਤੋਂ ਰੇਲ ਗੱਡੀਆਂ ਰਾਹੀਂ ਰਵਾਨਾ ਹੋਏ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਦੋ ਦਰਜਨ ਦੇ ਕਰੀਬ ਸੂਬਿਆਂ ਦੇ ਵਸਨੀਕ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਰੌਸ਼ਨੀ ਵਿੱਚ ਜ਼ਿਲ੍ਹੇ ਤੋਂ ਵਾਪਸ ਆਪਣੇ ਆਪਣੇ ਸੂਬਿਆਂ ਵਿੱਚ ਭੇਜੇ ਗਏ ਹਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਾਜੇਸ਼ ਤ੍ਰਿਪਾਠੀ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਰਜਿੰਦਰ ਬੱਤਰਾ, ਸਹਾਇਕ ਕਮਿਸ਼ਨਰ ਲਤੀਫ਼ ਅਹਿਮਦ, ਜ਼ਿਲ੍ਹਾ ਮਾਲ ਅਫ਼ਸਰ ਗਗਨਦੀਪ ਸਿੰਘ, ਡੀ.ਐਫ਼.ਓ ਵਿਦਿਆ ਸਾਗਰੀ, ਐਸ.ਡੀ.ਐਮ ਬਬਨਦੀਪ ਸਿੰਘ, ਸਿਵਲ ਸਰਜਨ ਡਾ. ਰਾਜ ਕੁਮਾਰ, ਜ਼ਿਲ੍ਹਾ ਐਪੀਡੋਮੋਲਿਜਸਟ ਡਾ. ਉਪਾਸਨਾ ਤੇ ਡਾ. ਸਨਵੀਰ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।


Bharat Thapa

Content Editor

Related News