IG ਯਾਦਵ ਨੇ ਫ਼ਰੀਦਕੋਟ ਜੇਲ੍ਹ ਦਾ ਜਾਇਜ਼ਾ ਲੈਣ ਲਈ ਅਚਨਚੇਤ ਮਾਰਿਆ ਛਾਪਾ

04/23/2022 3:13:00 PM

ਫ਼ਰੀਦਕੋਟ (ਰਾਜਨ) : ਸਥਾਨਕ ਮਾਰਡਨ ਜੇਲ੍ਹ ਦੇ ਪ੍ਰਬੰਧਾਂ ’ਚ ਹੋਰ ਸੁਧਾਰ ਲਿਆਉਣ ਲਈ ਅੱਜ ਤੜਕਸਾਰ ਆਈ.ਜੀ ਪੰਜਾਬ ਪ੍ਰਦੀਪ ਯਾਦਵ ਦੀ ਅਗਵਾਈ ਹੇਠਲੀ ਪੁਲਸ ਪਾਰਟੀ ਨੇ ਅਚਾਨਕ ਜੇਲ੍ਹ ’ਚ ਪੁੱਜ ਕੇ ਛਾਪੇਮਾਰੀ ਕੀਤੀ। ਇਸ ਮੌਕੇ ਜ਼ਿਲ੍ਹੇ ਦੇ ਸੀਨੀਅਰ ਪੁਲਸ ਕਪਤਾਨ ਅਵਨੀਤ ਕੌਰ ਸਿੱਧੂ ਅਤੇ ਬਾਲ ਕ੍ਰਿਸ਼ਨ ਸਿੰਗਲਾ ਐੱਸ.ਪੀ ਤੋਂ ਇਲਾਵਾ ਹੋਰ ਵੀ ਪੁਲਸ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ। ਆਈ .ਜੀ. ਵੱਲੋਂ ਕਰੀਬ 150 ਤੋਂ ਵਧੇਰੇ ਪੁਲਸ ਕਰਮੀਆਂ ਸਮੇਤ ਕਰੀਬ 3 ਘੰਟੇ ਜੇਲ੍ਹ ਅਧਿਕਾਰੀਆਂ ਨੂੰ ਨਾਲ ਲੈ ਕੇ ਵੱਖ-ਵੱਖ ਬੈਰਕਾਂ ਵਿੱਚ ਬੰਦ ਕੈਦੀਆਂ ਦੀ ਤਲਾਸ਼ੀ ਕੀਤੀ ਗਈ। ਇਸ ਦੌਰਾਨ 6 ਦੇ ਕਰੀਬ ਮੋਬਾਇਲ ਫੋਨ ਬਰਾਮਦ ਹੋਏ। 

ਇਹ ਵੀ ਪੜ੍ਹੋ : ਦਾਜ ਦੀ ਬਲੀ ਚੜ੍ਹੀ ਇਕ ਹੋਰ ਧੀ : ਸਹੁਰਾ ਪਰਿਵਾਰ ਤੋਂ ਤੰਗ ਆਕੇ ਫਾਹਾ ਲਗਾ ਕੀਤੀ ਖ਼ੁਦਕੁਸ਼ੀ

ਇੱਥੇ ਇਹ ਦੱਸਣਯੋਗ ਹੈ ਕਿ ਫ਼ਰੀਦਕੋਟ ਜੇਲ੍ਹ ਜੋ ਮੋਬਾਇਲ ਬਰਾਮਦਗੀ ਵਿੱਚ ਸੁਰਖੀਆਂ ਵਿੱਚ ਅਕਸਰ ਰਹਿੰਦੀ ਹੈ ਉੱਥੇ ਹੋਰ ਇਤਰਾਜਯੋਗ ਸਮਗਰੀ ਜੋ ਜੇਲ ਨਿਯਮਾਂ ਦੇ ਉਲਟ ਹੈ ਅਕਸਰ ਬਰਾਮਦ ਹੁੰਦੀ ਰਹਿੰਦੀ ਹੈ। ਬੇਸ਼ੱਕ ਇਸ ਸਰਚ ਅਭਿਆਨ ਤੋਂ ਤੁਰੰਤ ਬਾਅਦ ਆਈ.ਜੀ ਯਾਦਵ ਇਸੇ ਮੰਤਵ ਲਈ ਲਾਗਲੇ ਜ਼ਿਲ੍ਹੇ ਲਈ ਰਵਾਨਾ ਹੋ ਗਏ ਪਰ ਮੌਕੇ ’ਤੇ ਮੌਜੂਦ ਜ਼ਿਲ੍ਹੇ ਦੇ ਸੀਨੀਅਰ ਪੁਲਸ ਕਪਤਾਨ ਅਵਨੀਤ ਕੌਰ ਸਿੱਧੂ ਨੇ ਕਿਹਾ ਕਿ ਜੇਲ੍ਹ ਦੇ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਅਜਿਹੇ ਸਰਚ ਅਭਿਆਨ ਚਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬੇਸ਼ੱਕ ਜੇਲ੍ਹ ਅਧਿਕਾਰੀਆਂ ਵੱਲੋਂ ਰੁਟੀਨ ਵਿੱਚ ਸਰਚ ਅਭਿਆਨ ਚਲਾਏ ਜਾਂਦੇ ਹਨ ਪਰ ਉਨ੍ਹਾਂ ਨੂੰ ਇਹ ਸਖਤ ਹਦਾਇਤ ਕੀਤੀ ਗਈ ਹੈ ਕਿ ਉਹ ਜੇਲ੍ਹ ਦੀਆ ਬੈਰਕਾਂ ਦੀ ਤਲਾਸ਼ੀ ਹੋਰ ਵਧੀਆ ਢੰਗ ਨਾਲ ਕਰਨ।

ਇਹ ਵੀ ਪੜ੍ਹੋ : ਜ਼ਮੀਨੀ ਵਿਵਾਦ ਨੂੰ ਲੈ ਕੇ 2 ਧਿਰਾਂ ’ਚ ਹੋਈ ਖੂਨੀ ਝੜਪ, 1 ਦੀ ਮੌਤ, 9 ਜ਼ਖਮੀ

ਉਨ੍ਹਾਂ ਕਿਹਾ ਕਿ ਜੇਲ੍ਹ ਦੇ ਪ੍ਰਬੰਧ ਠੀਕ ਹਨ ਪਰ ਇਸਦੇ ਬਾਵਜੂਦ ਜੇਲ੍ਹ ਅੰਦਰ ਮੋਬਾਇਲ ਵਗੈਰਾ ਪੁੱਜ ਰਹੇ ਹਨ। ਇਸ ਲਈ ਜੇਲ੍ਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਜੇਲ੍ਹ ਵਿੱਚ ਆਉਣ ਜਾਣ ਵਾਲਿਆਂ ਦੀ ਸਖਤੀ ਨਾਲ ਜਾਂਚ ਕਰਨ ਤੋਂ ਇਲਾਵਾ ਪੈਟਰੋਲਿੰਗ ਵੀ ਵਧਾਉਣ ਤਾਂ ਜੋ ਅਜਿਹੀਆਂ ਸ਼ਿਕਾਇਤਾਂ ਦਾ ਸਿਲਸਿਲਾ ਬੰਦ ਹੋ ਸਕੇ। ਉਨ੍ਹਾਂ ਕਿਹਾ ਕਿ ਜੇਲ੍ਹ ਪ੍ਰਬੰਧਾਂ ਦੀਆਂ ਕਮੀਆਂ ਨੂੰ ਦੂਰ ਕਰਨ ਲਈ ਹੀ ਇਹ ਸਰਚ ਅਭਿਆਨ ਚਲਾਇਆ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
 

Anuradha

This news is Content Editor Anuradha