ਜਿੱਤਣ ਦੇ ਇਰਾਦੇ ਨਾਲ ਗਏ ਚਾਰ ਮਹੀਨਿਆਂ ਤੋਂ ਦਿੱਲੀਓਂ ਨਹੀਂ ਮੁੜੇ ਸੈਂਕੜੇ ਕਿਸਾਨ

04/07/2021 1:05:50 PM

ਮਾਨਸਾ (ਸੰਦੀਪ ਮਿੱਤਲ)-26 ਨਵੰਬਰ 2020 ਤੋਂ ਦਿੱਲੀ ਦੇ ਟਿਕਰੀ ਅਤੇ ਸਿੰਘੂ ਬਾਰਡਰਾਂ ’ਤੇ ਡੇਰੇ ਲਾਈ ਬੈਠੇ ਪੰਜਾਬ ਦੇ ਲੱਖਾਂ ਕਿਸਾਨਾਂ ’ਚੋਂ ਸੈਂਕੜੇ ਕਿਸਾਨ ਅਜਿਹੇ ਵੀ ਹਨ, ਜਿਨ੍ਹਾਂ ਨੇ ਜਿੱਤ ਕੇ ਮੁੜਨ ਦੇ ਐਲਾਨ ਤੋਂ ਬਾਅਦ ਆਪਣੇ ਪਿੰਡ ਤੇ ਪੰਜਾਬ ’ਚ ਮੁੜ ਪੈਰ ਨਹੀਂ ਧਰਿਆ। ਇਹ ਕਿਸਾਨ ਪਿਛਲੇ ਚਾਰ ਮਹੀਨਿਆਂ ਤੋਂ ਮੋਰਚੇ ’ਤੇ ਹੀ ਡਟੇ ਹੋਏ ਹਨ। ਇਨ੍ਹਾਂ ਲਈ ਦਿੱਲੀ ਦੇ ਬਾਰਡਰਾਂ ਦੇ ਬਲ਼ਦੇ ਚੁੱਲ੍ਹੇ ਹੀ ਘਰ ਬਣ ਗਏ ਹਨ। ਖੇਤ ਬਚਾਉਣ ਲਈ ਇਨ੍ਹਾਂ ਯੋਧਿਆਂ ਨੇ ਘਰ ਦੇ ਮੰਜੇ ਬਿਸਤਰੇ ਅਤੇ ਪਸ਼ੂ-ਡੰਗਰ ਸਮੇਤ ਬੱਚਿਆਂ ਦਾ ਮੋਹ ਵੀ ਤਿਆਗਿਆ ਹੋਇਆ ਹੈ।
ਪਿੰਡ ਭੈਣੀਬਾਘਾ (ਮਾਨਸਾ) ਦਾ ਕਿਸਾਨ ਸਿਕੰਦਰ ਸਿੰਘ ਸੇਵਾ-ਮੁਕਤ ਹੋਏ ਆਪਣੇ ਫੌਜੀ ਪੁੱਤ ਹਰਜੀਤ ਸਿੰਘ ਨੂੰ ਘਰ ਦਾ ਮੋਰਚਾ ਸੰਭਾਲ ਕੇ 26 ਨਵੰਬਰ ਤੋਂ ਦਿੱਲੀ ਬੈਠਾ ਹੈ। ਉਸ ਦਾ ਕਹਿਣਾ ਹੈ ਕਿ ਪੰਜਾਬ ਦੇ ਖੇਤਾਂ ਦੀ ਰਾਖੀ ਲਈ ਜੇਕਰ ਕਈ ਸਾਲ ਵੀ ਲੰਘ ਗਏ ਤਾਂ ਵੀ ਮੈਂ ਪਿੱਛੇ ਮੁੜਨ ਵਾਲਾ ਨਹੀਂ। ਖਾਰਾ ਪਿੰਡ, (ਮਾਨਸਾ) ਦਾ ਤਰਸੇਮ ਸਿੰਘ ਭਾਵੇਂ ਬਾਲ ਬੱਚੇਦਾਰ ਨਹੀਂ ਪਰ ਖੋਹੇ ਜਾ ਰਹੇ ਖੇਤਾਂ ਦਾ ਦੁੱਖ ਉਸ ਨੂੰ ਵੀ ਪੰਜਾਬ ਵੱਲ ਨਹੀਂ ਮੁੜਨ ਦਿੰਦਾ। ਉਹ ਦੱਸਦਾ ਹੈ ਕਿ ਮੈਂ ਆਪਣੇ ਸੱਥ ਦੇ ਯਾਰਾਂ-ਮਿੱਤਰਾਂ ਨਾਲ ਫੋਨ ’ਤੇ ਹੀ ਗੱਲਬਾਤ ਕਰ ਲੈਂਦਾ ਹਾਂ।

ਉੱਭਾ (ਮਾਨਸਾ) ਪਿੰਡ ਦਾ ਜਰਨੈਲ ਸਿੰਘ ਵੀ ਟਿਕਰੀ ਬਾਰਡਰ ਦਾ ਅਜਿਹਾ ਜਰਨੈਲ ਹੈ, ਜਿਸ ਨੇ 26 ਨਵੰਬਰ ਤੋਂ ਬਾਅਦ ਦਿੱਲੀ ਦੀ ਹਰ ਮਾੜੀ-ਚੰਗੀ ਘਟਨਾ ਅੱਖੀਂ ਵੇਖੀ ਹੈ। ਮਾਖਾ (ਮਾਨਸਾ) ਪਿੰਡ ਦੇ ਹਰਬੰਸ ਸਿੰਘ ਨੇ ਕਿਹਾ ਕਿ ਕਾਲੇ ਕਾਨੂੰਨ ਰੱਦ ਹੋਣ ਤੋਂ ਬਾਅਦ ਹੀ ਘਰ ਵਾਪਸੀ ਦਾ ਫੈਸਲਾ ਕੀਤਾ ਜਾਵੇਗਾ। ਬਠਿੰਡਾ ਦੇ ਗਹਿਰੀ ਭਾਗੀ ਤੋਂ ਨੱਥਾ ਸਿੰਘ ਅਤੇ ਮਹਿਮਾ ਸਰਜਾ ਦੇ ਲਛਮਣ ਸਿੰਘ ਨੇ ਵੀ ਜਿੱਤ ਹੋਣ ਤਕ ਪੰਜਾਬ ਵਾਲੇ ਪਾਸੇ ਲਕਸ਼ਮਣ ਰੇਖਾ ਖਿੱਚ ਦਿੱਤੀ ਹੈ। ਇਨ੍ਹਾਂ ਯੋਧਿਆਂ ਦੇ ਸਿਰੜ ਦੀ ਗੱਲ ਕਰਦਿਆਂ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਅਤੇ ਰਾਮ ਸਿੰਘ ਭੈਣੀ ਨੇ ਕਿਹਾ ਹਰ ਕਿਸਾਨ ’ਚ ਜਿੱਤ ਲਈ ਵੱਡਾ ਉਤਸ਼ਾਹ ਹੈ।


Anuradha

Content Editor

Related News