ਮਨੁੱਖੀ ਅਧਿਕਾਰਾਂ ਦੇ ਹਿੱਤ ’ਚ ਦਲ ਖਾਲਸਾ ਨੇ ਕੱਢਿਆ ਰੋਸ ਮਾਰਚ

12/11/2018 2:21:27 AM

ਬਠਿੰਡਾ, (ਜ.ਬ.)- ਦਲ ਖਾਲਸਾ ਵਲੋਂ ਮਨੁੱਖੀ ਅਧਿਕਾਰਾਂ ਦੇ ਹਿੱਤ ’ਚ ਮਹਾਨਗਰ ਵਿਚ ਇਕ ਰੋਸ ਮਾਰਚ ਕੱਢਿਆ ਗਿਆ ਜਿਸ ਦੀ ਅਗਵਾਈ ਬਾਬਾ ਹਰਦੀਪ ਸਿੰਘ ਮਹਿਰਾਜ ਤੇ ਹੋਰ ਆਗੂਆਂ ਨੇ ਕੀਤੀ। ਇਸ ਮਾਰਚ ’ਚ ਕਈ ਹੋਰ ਸੰਗਠਨਾਂ ਦੇ ਵਰਕਰਾਂ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਬਾਬਾ ਹਰਦੀਪ ਸਿੰਘ ਤੇ ਹੋਰ ਬੁਲਾਰਿਆਂ ਨੇ ਕਿਹਾ ਕਿ ਦੇਸ਼ ਵਿਚ ਕਸ਼ਮੀਰ ਤੋਂ ਲੈ ਕੇ ਪੰਜਾਬ ਤੱਕ ਸਰਕਾਰਾਂ ਵਲੋਂ ਮਨੁੱਖ ਅਧਿਕਾਰਾਂ ਦਾ ਹਨਨ ਕੀਤਾ ਜਾ ਰਿਹਾ ਹੈ ਜਿਸ ਕਾਰਨ ਆਮ ਲੋਕਾਂ ਵਿਚ ਸਰਕਾਰਾਂ ਪ੍ਰਤੀ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਐਮਨੈਸਟੀ ਇੰਟਰਨੈਸ਼ਨਲ ਦੀ ਰਿਪੋਰਟ ਅਨੁਸਾਰ ਭਾਰਤ ਵਿਚ ਸਭ ਤੋਂ ਵੱਧ ਖਤਰਾ ਪੱਤਰਕਾਰਾਂ, ਮਨੁੱਖੀ ਅਧਿਕਾਰਾਂ ਲਈ ਆਵਾਜ਼ ਬੁਲੰਦ ਕਰਨ ਵਾਲਿਆਂ ਤੋਂ ਇਲਾਵਾ ਅਲਪ ਸੰਖਿਅਕ, ਦਲਿੱਤਾਂ ਤੇ ਆਦੀਵਾਸੀ ਲੋਕਾਂ ਦੇ ਹਿੱਤਾਂ ਲਈ ਲਡ਼ਣ ਵਾਲਿਆਂ ਨੂੰ ਹੈ। ਇਨ੍ਹਾਂ ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ ਇਨ੍ਹਾਂ ਦੇ ਕਤਲ ਕੀਤੇ ਜਾ ਰਹੇ ਹਨ ਜਾਂ ਇਨ੍ਹਾਂ ਨੂੰ ਜੇਲਾਂ ਵਿਚ ਬੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਆਪਣੇ ਹਿੱਤਾਂ ਲਈ ਇਕਜੁਟ ਹੋ ਕੇ ਅਵਾਜ ਬੁਲੰਦ ਕਰਨੀ ਹੋਵੇਗੀ ਤਾਂਕਿ ਸਰਕਾਰਾਂ ਨੂੰ ਮਨੁੱਖੀ ਅਧਿਕਾਰਾਂ ਦੇ ਉਲੰਘਣ ਤੋਂ ਰੋਕਿਆ ਜਾ ਸਕੇ।

KamalJeet Singh

This news is Content Editor KamalJeet Singh