ਹੋਟਲ ਬਿਜ਼ਨੈੱਸ ਦੇ ਨਾਂ ''ਤੇ 45 ਲੱਖ ਦੀ ਠੱਗੀ, 2 ਦਿਨਾ ਪੁਲਸ ਰਿਮਾਂਡ ''ਤੇ

03/11/2020 3:59:37 PM

ਮੋਹਾਲੀ (ਰਾਣਾ) : ਹੋਟਲ ਬਿਜ਼ਨੈੱਸ ਦੇ ਨਾਮ 'ਤੇ 45 ਲੱਖ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਨੇ ਐੱਸ. ਐੱਸ. ਪੀ. ਨੂੰ ਇਸ ਸਬੰਧ ਵਿਚ ਸ਼ਿਕਾਇਤ ਦਿੱਤੀ ਸੀ, ਜਿਸ ਤੋਂ ਬਾਅਦ ਫੇਜ਼-1 ਪੁਲਸ ਨੇ ਤਿੰਨ ਮੁਲਜ਼ਮਾਂ ਦੇ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ। ਇਨ੍ਹਾਂ ਦੀ ਪਛਾਣ ਨੇਹਾ ਸ਼ਰਮਾ, ਅੰਕਿਤ ਚਹਿਲ ਅਤੇ ਅਕਸਨਾ ਸੋਤਾ ਦੇ ਰੂਪ ਵਿਚ ਹੋਈ ਹੈ, ਜਿਸ ਵਿਚ ਪੁਲਸ ਨੇ ਅੰਕਿਤ ਚਹਿਲ ਨੂੰ ਗ੍ਰਿਫਤਾਰ ਕਰ ਲਿਆ ਹੈ। ਫੜੇ ਗਏ ਮੁਲਜ਼ਮ ਨੂੰ ਪੁਲਸ ਨੇ ਕੋਰਟ 'ਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਦੋ ਦਿਨਾ ਪੁਲਸ ਰਿਮਾਂਡ ਉੱਤੇ ਭੇਜ ਦਿੱਤਾ ਗਿਆ।

ਪੀੜਤਾਂ ਨੇ ਸ਼ਿਕਾਇਤ ਵਿਚ ਕਿਹਾ ਹੈ ਕਿ ਉਨ੍ਹਾਂ ਦੀ ਇਕ ਪੁਰਾਣੀ ਦੋਸਤ ਸਮੇਤ ਚੰਡੀਗੜ੍ਹ ਨਿਵਾਸੀ ਤਿੰਨ ਲੋਕਾਂ ਨੇ ਹੋਟਲ ਬਿਜ਼ਨੈੱਸ ਸ਼ੁਰੂ ਕਰਨ ਦੇ ਨਾਂ 'ਤੇ 45 ਲੱਖ ਰੁਪਏ ਠੱਗ ਲਏ। ਸੰਨੀ ਇਨਕਲੇਵ ਖਰੜ 'ਚ ਰਹਿਣ ਵਾਲੇ ਗੋਵਿੰਦਰ ਸਿੰਘ, ਮੋਹਾਲੀ ਸੈਕਟਰ-91 ਨਿਵਾਸੀ ਅਤਰਪ੍ਰੀਤ ਸਿੰਘ, ਫੇਜ਼-8 ਨਿਵਾਸੀ ਜੈਕਾਰ ਸਿੰਘ ਨੇ ਐੱਸ. ਐੱਸ. ਪੀ. ਨੂੰ ਮਿਲ ਕੇ ਪੂਰਾ ਮਾਮਲਾ ਦੱਸਿਆ ਅਤੇ ਕਾਰਵਾਈ ਦੀ ਗੁਹਾਰ ਲਗਾਈ। ਪੁਲਸ ਦੀ ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਨੇ ਨਾ ਤਾਂ ਬਿਜ਼ਨੈੱਸ ਲਈ ਕੋਈ ਸਾਂਝੀ ਡੀਲ ਤਿਆਰ ਕਰਵਾਈ ਅਤੇ ਨਾ ਹੀ ਜ਼ਮੀਨ ਦੀ ਰੈਂਟ ਡੀਲ ਕੀਤੀ, ਇਸ ਦੇ ਨਾਲ ਹੀ ਮੁਲਜ਼ਮਾਂ ਨੇ ਬਿਜ਼ਨੈੱਸ ਲਈ ਕੋਈ ਪੈਸਾ ਖਰਚ ਹੀ ਨਹੀਂ ਕੀਤਾ, ਜਿਸ ਤੋਂ ਬਾਅਦ ਤਿੰਨਾਂ ਮੁਲਜ਼ਮਾਂ ਦੇ ਵਿਰੁੱਧ ਪੁਲਸ ਨੇ ਮੁਕੱਦਮਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਚੰਡੀਗੜ੍ਹ ਨਿਵਾਸੀ ਅੰਕਿਤ ਚਹਿਲ, ਨੇਹਾ ਵਰਮਾ ਅਤੇ ਜ਼ੀਰਕਪੁਰ ਨਿਵਾਸੀ ਅਕਸਨਾ ਦੇ ਵਿਰੁੱਧ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਹੈ।

ਸ਼ਿਕਾਇਤਕਰਤਾਵਾਂ ਨੇ ਦੱਸਿਆ ਕਿ ਉਹ ਬਚਪਨ ਦੇ ਦੋਸਤ ਹਨ। ਅਕਸਨਾ ਸਕੂਲ ਵਿਚ ਉਨ੍ਹਾਂ ਦੀ ਜੂਨੀਅਰ ਸੀ। ਅਕਸਨਾ ਨੇ 2018 ਵਿਚ ਮੈਸੇਜ ਰਾਹੀਂ ਹੋਟਲ ਬਿਜ਼ਨੈੱਸ ਸ਼ੁਰੂ ਕਰਨ ਦੀ ਗੱਲ ਦੱਸੀ, ਇਸ ਦੇ ਨਾਲ ਹੀ ਇਨਵੈਸਟਰ ਲੱਭਣ ਦੀ ਗੱਲ ਵੀ ਕਹੀ। ਅਕਸਨਾ ਨੇ ਉਨ੍ਹਾਂ ਨੂੰ ਮੀਟਿੰਗ 'ਤੇ ਬੁਲਾਇਆ ਅਤੇ ਹੋਟਲ ਬਿਜ਼ਨੈੱਸ ਵਿਚ ਇਨਵੈਸਟ ਕਰਨ ਲਈ ਕਿਹਾ। ਕਈ ਮੀਟਿੰਗਾਂ ਤੋਂ ਬਾਅਦ ਉਹ ਲੋਕ ਫਰਮ ਬਣਾ ਕੇ 50-50 ਦੀ ਪਾਰਟਨਰਸ਼ਿਪ ਉੱਤੇ ਇਨਵੈਸਟ ਕਰਨ ਲਈ ਤਿਆਰ ਹੋ ਗਏ, ਜਿਸ ਤੋਂ ਬਾਅਦ ਅਕਸਨਾ ਗਰੁੱਪ ਨੂੰ ਪਹਿਲਾਂ 30 ਲੱਖ ਅਤੇ ਫਿਰ 15 ਲੱਖ ਰੁਪਏ ਦਿੱਤੇ। ਬਾਅਦ ਵਿਚ ਪਤਾ ਲੱਗਾ ਕਿ ਉਨ੍ਹਾਂ ਦੇ ਨਾਲ ਠੱਗੀ ਹੋਈ ਹੈ। ਇਸ ਦੀ ਸ਼ਿਕਾਇਤ ਐੱਸ. ਐੱਸ. ਪੀ. ਨੂੰ ਦਿੱਤੀ ਗਈ। ਪੁਲਸ ਨੇ ਸ਼ੁਰੂਆਤੀ ਜਾਂਚ ਵਿਚ ਵੀ ਸ਼ਿਕਾਇਤਕਰਤਾਵਾਂ ਦੇ ਦੋਸ਼ਾਂ ਨੂੰ ਸਹੀ ਪਾਇਆ, ਜਿਸ ਤੋਂ ਬਾਅਦ ਸਾਰੇ ਤੱਥਾਂ ਨੂੰ ਡੀ. ਏ. ਲੀਗਲ ਦੇ ਕੋਲ ਭੇਜਿਆ ਗਿਆ। ਡੀ. ਏ. ਲੀਗਲ ਤੋਂ ਕਲੀਅਰੈਂਸ ਮਿਲਣ ਤੋਂ ਬਾਅਦ ਫੇਜ਼-1 ਥਾਣੇ ਵਿਚ ਤਿੰਨਾਂ ਮੁਲਜ਼ਮਾਂ ਵਿਰੁੱਧ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।

Anuradha

This news is Content Editor Anuradha