ਸੂਚਨਾ ਐਕਟ ’ਚ ਹੋਇਆ ਖੁਲਾਸਾ, ‘ਬਾਗਬਾਨੀ ਵਿਭਾਗ ਨੇ 5 ਸਾਲਾਂ ’ਚ 158 ਮੱਖੀ ਪਾਲਕਾਂ ਨੂੰ 1 ਕਰੋੜ 23 ਲੱਖ ਰੁਪਏ ਦੀ ਦਿੱਤੀ ਮਦਦ’

09/21/2021 4:00:24 PM

ਦਿੜ੍ਹਬਾ ਮੰਡੀ ( ਅਜੈ ): ਜ਼ਿਲ੍ਹਾ ਸੰਗਰੂਰ ਦੇ ਬਾਗਬਾਨੀ ਵਿਭਾਗ ਵੱਲੋਂ ਪਿਛਲੇ 5 ਸਾਲਾਂ ਦੌਰਾਨ ਸ਼ਹਿਦ ਦੀਆਂ ਮੱਖੀਆਂ ਪਾਲਣ ਵਾਲੇ ਕਿਸਾਨਾਂ ਨੂੰ ਸਬਸਿਡੀ ਦੇ ਤੌਰ ’ਤੇ 1 ਕਰੋੜ 23 ਲੱਖ ਰੁਪਏ ਤੋਂ ਵੱਧ ਦੀ ਆਰਥਿਕ ਮਦਦ ਦਿੱਤੀ ਹੈ ਪਰ ਇਸ ਦੇ ਬਾਵਜੂਦ ਵੀ ਬਹੁਤ ਗਿਣਤੀ ਮੱਖੀ ਪਾਲਕਾਂ ਨੇ ਇਸ ਧੰਦੇ ਤੋਂ ਮੁੱਖ ਮੋੜ ਕੇ ਆਪਣਾ ਕਾਰੋਬਾਰ ਬੰਦ ਕਰ ਦਿੱਤਾ ਹੈ। ਕੁਝ ਮੱਖੀ ਪਾਲਕਾਂ ਨੇ 80 ਹਜ਼ਾਰ ਰੁਪਏ ਦੀ ਸਬਸਿਡੀ ਲੈਣ ਦੇ ਚੱਕਰ ’ਚ ਹੀ ਕੁਝ ਬਕਸੇ ਖਰੀਦ ਕੇ ਵੇਚ ਦਿੱਤੇ। ਜਿਸ ਕਰਕੇ ਸ਼ਹਿਦ ਦੀ ਪੈਦਾਵਾਰ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੈ। ਪਰ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਮੱਖੀ ਪਾਲਣ ਦੇ ਧੰਦੇ ਨੂੰ ਲੱਗਣ ਵਾਲੇ ਖੋਰੇ ਵੱਲ ਧਿਆਨ ਨਹੀਂ ਦਿੱਤਾ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਆਰ.ਟੀ.ਆਈ.ਮਾਹਿਰ ਅਤੇ ਸਮਾਜ ਸੇਵੀ ਬ੍ਰਿਸ ਭਾਨ ਬੁਜਰਕ ਨੇ ਦੱਸਿਆ ਕਿ ਜਿਲ੍ਹਾ ਬਾਗਬਾਨੀ ਅਫਸਰ ਸੰਗਰੂਰ ਕੋਲੋਂ ਸੂਚਨਾ ਦੇ ਅਧਿਕਾਰ ਐਕਟ ਤਹਿਤ ਜਿਲ੍ਹੇ ਅੰਦਰ ਸ਼ਹਿਦ ਦੀਆਂ ਮੱਖੀਆਂ ’ਤੇ ਸਬਸਿਡੀ ਲੈਣ ਵਾਲੇ ਕਿਸਾਨਾਂ ਦੀ ਜਾਣਕਾਰੀ ਮੰਗੀ ਗਈ ਸੀ। ਵਿਭਾਗ ਵੱਲੋਂ ਭੇਜੀ ਗਈ ਜਾਣਕਾਰੀ ਵਿੱਚ ਦਰਸਾਇਆ ਗਿਆ ਹੈ। ਕਿ ਸਾਲ 2015-16 ਦੌਰਾਨ 75 ਦੇ ਕਰੀਬ ਮੱਖੀ ਪਾਲਕਾਂ ਨੂੰ ਪ੍ਰਤੀ ਪੰਜਾਹ ਸ਼ਹਿਦ ਦੀਆਂ ਮੱਖੀਆਂ ਦੇ ਬਕਸਿਆਂ ’ਤੇ 80 ਹਜਾਰ ਰੁਪਏ ਦੀ ਸਬਸਿਡੀ ਦੇ ਹਿਸਾਬ ਨਾਲ 57 ਲੱਖ 68 ਹਜ਼ਾਰ ਰੁਪਏ ਦਿੱਤੇ ਗਏ। ਸਾਲ 2016-17 ’ਚ ਸਿਰਫ ਇੱਕ ਕਿਸਾਨ ਨੂੰ 80 ਹਜ਼ਾਰ ਰੁਪਏ ਦਿੱਤੇ ਗਏ। ਸਾਲ 2017-18 ਵਿੱਚ 27 ਮੱਖੀ ਪਾਲਕਾਂ ਨੂੰ 21ਲੱਖ 20 ਹਜਾਰ ਰੁਪਏ ਅਤੇ ਸਾਲ 2018-19 ’ਚ 24 ਕਿਸਾਨਾਂ ਨੂੰ 19 ਲੱਖ 20 ਹਜਾਰ ਰੁਪਏ,ਸਾਲ 2019-20 ਵਿੱਚ 15 ਮੱਖੀ ਪਾਲਕਾਂ ਨੂੰ 11 ਲੱਖ 68 ਹਜ਼ਾਰ ਰੁਪਏ ਅਤੇ ਸਾਲ 2020-21 ’ਚ 16 ਕਿਸਾਨਾਂ ਨੂੰ 12 ਲੱਖ 48 ਹਜ਼ਾਰ ਰੁਪਏ ਦੀ ਸਬਸਿਡੀ ਮੁਹੱਈਆ ਕਰਵਾਈ ਗਈ। ਇਨ੍ਹਾਂ 5 ਸਾਲਾਂ ਦੌਰਾਨ 1 ਕਰੋੜ 23 ਲੱਖ 40 ਹਜਾਰ ਰੁਪਏ ਸ਼ਹਿਦ ਦੀਆਂ ਮੱਖੀਆਂ ਪਾਲਣ ਵਾਲੇ ਕਿਸਾਨਾਂ ਨੂੰ ਦਿੱਤੇ ਗਏ। ਬ੍ਰਿਸ ਭਾਨ ਬੁਜਰਕ ਨੇ ਕਿਹਾ ਕਿ 50 ਬਕਸਿਆਂ ’ਤੇ 80 ਹਜ਼ਾਰ ਰੁਪਏ ਦੀ ਸਬਸਿਡੀ ਮਿਲਣ ਦੇ ਬਾਵਜੂਦ ਵੀ ਬਹੁਤ ਗਿਣਤੀ ਕਿਸਾਨਾਂ ਕੋਲ ਸ਼ਹਿਦ ਦੀਆਂ ਮੱਖੀਆਂ ਦੇ ਬਕਸੇ ਨਹੀਂ ਹਨ। ਕੁਝ ਕਿਸਾਨਾਂ ਵੱਲੋਂ ਕੋਵਿਡ-19 ਦੌਰਾਨ ਬਕਸੇ ਵੇਚ ਦਿੱਤੇ ਅਤੇ ਕਈ ਕਿਸਾਨਾਂ ਨੇ ਸਿਰਫ਼ ਸਬਸਿਡੀ ਲੈਣ ਦੇ ਚੱਕਰ ’ਚ ਹੀ ਇਸ ਧੰਦੇ ਨੂੰ ਅਪਣਾਇਆ ਸੀ। ਜਿਸ ਕਰਕੇ ਜ਼ਿਲ੍ਹਾ ਸੰਗਰੂਰ ਦੇ ਬਹੁਤ ਗਿਣਤੀ ਪਿੰਡਾਂ ਵਿੱਚ ਸ਼ਹਿਦ ਦੀਆਂ ਮੱਖੀਆਂ ਦੇ ਬਕਸੇ ਕਿਸਾਨਾਂ ਕੋਲ ਨਹੀ ਹਨ। ਜਿਸ ਦੇ ਸਭ ਤੋਂ ਵੱਡਾ ਕਾਰਨ ਬਾਗਬਾਨੀ ਵਿਭਾਗ ਵੱਲੋਂ ਮੱਖੀ ਪਾਲਣ ਦੇ ਧੰਦੇ ਨੂੰ ਲੱਗਣ ਵਾਲੇ ਖੋਰੇ ਵੱਲ ਧਿਆਨ ਨਾ ਦੇਣਾ ਹੈ। ਇਸ ਤਰ੍ਹਾਂ ਹੋਣ ਨਾਲ ਜਿਲ੍ਹੇ ਅੰਦਰ ਸ਼ਹਿਦ ਦੀ ਪੈਦਾਵਾਰ ’ਤੇ ਮਾੜਾ ਪ੍ਰਭਾਵ ਪੈ ਰਿਹਾ ਹੈ।


Shyna

Content Editor

Related News