ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਕਿਸਾਨਾਂ ਦਾ ਸਨਮਾਨ ਕਰੇਗਾ ਜ਼ਿਲਾ ਪ੍ਰਸ਼ਾਸਨ

09/21/2019 1:16:45 PM

ਸ੍ਰੀ ਮੁਕਤਸਰ ਸਾਹਿਬ/ਮੰਡੀ ਲੱਖੇਵਾਲੀ (ਪਵਨ, ਖੁਰਾਣਾ, ਸੁਖਪਾਲ)—ਝੋਨੇ ਦੇ ਸੀਜ਼ਨ ਦੇ ਮੱਦੇਨਜ਼ਰ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਲਈ ਜਾਗਰੂਕ ਕਰਨ ਤੋਂ ਇਲਾਵਾ ਪਿਛਲੇ ਸਾਲ ਪਰਾਲੀ ਦਾ ਵਾਤਾਵਰਣ ਪੱਖੀ ਪ੍ਰਬੰਧਨ ਕਰਨ ਵਾਲੇ ਕਿਸਾਨਾਂ ਨੂੰ ਉਤਸ਼ਾਹਤ ਕਰਨ ਲਈ ਅਜਿਹੇ ਕਿਸਾਨਾਂ ਦਾ ਸਨਮਾਨ ਕੀਤਾ ਜਾਵੇਗਾ। ਇਹ ਗੱਲ ਡਿਪਟੀ ਕਮਿਸ਼ਨਰ ਐੱਮ. ਕੇ. ਅਰਾਵਿੰਦ ਕੁਮਾਰ ਨੇ ਇੱਥੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਚ ਸਬੰਧਤ ਵਿਭਾਗਾਂ ਨਾਲ ਮੀਟਿੰਗ ਦੌਰਾਨ ਕਹੀ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਖੇਤੀਬਾੜੀ ਵਿਭਾਗ ਵੱਲੋਂ ਝੋਨੇ ਦੀ ਪਰਾਲੀ ਦੇ ਢੁੱਕਵੇਂ ਪ੍ਰਬੰਧਨ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਜਾਇਜ਼ਾ ਲਿਆ। ਮੁੱਖ ਖੇਤੀਬਾੜੀ ਅਫਸਰ ਬਲਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕਰਨ ਲਈ ਪਿੰਡ ਪੱਧਰ 'ਤੇ ਰੋਜ਼ਾਨਾ ਕੈਂਪ ਲਾਏ ਜਾ ਰਹੇ ਹਨ ਤੇ ਉਨ੍ਹਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਦੇ ਲਾਭ ਦੱਸੇ ਜਾ ਰਹੇ ਹਨ। ਹੁਣ ਤਕ 56 ਕੈਂਪ ਲੱਗ ਚੁੱਕੇ ਹਨ ਤੇ ਕੁੱਲ 460 ਕੈਂਪ ਲਾਏ ਜਾਣੇ ਹਨ। ਇਸ ਤੋਂ ਇਲਾਵਾ ਸਰਕਾਰ ਪਰਾਲੀ ਪ੍ਰਬੰਧਨ ਲਈ ਸਬਸਿਡੀ 'ਤੇ ਮਸ਼ੀਨਾਂ ਉਪਲੱਬਧ ਕਰਵਾ ਰਹੀ ਹੈ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਪਰਾਲੀ ਸਾੜਨ ਦੇ ਕੇਸਾਂ 'ਤੇ ਤਿੱਖੀ ਨਜ਼ਰ ਰੱਖਣ ਲਈ ਕਮੇਟੀ ਬਣਾਈ ਜਾਵੇਗੀ ਤੇ ਇਸ ਕੰਮ ਵਾਸਤੇ ਨੋਡਲ ਅਫਸਰ ਲਾਏ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੀ ਰਿਮੋਟ ਸੈਂਸਿੰਗ ਸਿਸਟਮ ਰਾਹੀਂ ਪਰਾਲੀ ਸਾੜਨ ਦੇ ਕੇਸਾਂ ਦੀ ਨਿਗਰਾਨੀ ਕਰੇਗਾ ਤੇ ਅਜਿਹੇ ਕੇਸ ਮਿਲਣ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਰਿਚਾ ਤੋਂ ਇਲਾਵਾ ਐੱਸ.ਡੀ.ਐੱਮ. ਸ੍ਰੀ ਮੁਕਤਸਰ ਸਾਹਿਬ ਰਣਦੀਪ ਸਿੰਘ ਹੀਰ, ਐੱਸ.ਡੀ.ਐੱਮ. ਗਿੱਦੜਬਾਹਾ ਓਮ ਪ੍ਰਕਾਸ਼, ਐੱਸ.ਡੀ.ਓ. ਪ੍ਰਦੂਸ਼ਣ ਕੰਟਰੋਡ ਬੋਰਡ ਰਵੀ ਪਾਲ ਤੋਂ ਇਲਾਵਾ ਪਾਵਰਕਾਮ ਸਣੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Shyna

This news is Content Editor Shyna