ਹਨੀ ਟ੍ਰੇਪ ਮਾਮਲੇ ''ਚ ਪਤੀ-ਪਤਨੀ ਸਮੇਤ ਤਿੰਨ ਗ੍ਰਿਫਤਾਰ

03/11/2020 3:20:35 PM

ਜਲਾਲਾਬਾਦ (ਸੇਤੀਆ,ਸੁਮਿਤ): ਬੀਤੇ ਦਿਨੀਂ ਹਨੀ ਟ੍ਰੇਪ ਦਾ ਜਾਲ ਵਛਾਉਣ ਵਾਲੇ ਕਥਿਤ ਦੋਸ਼ੀ ਹਰਪ੍ਰੀਤ ਸਿੰਘ ਪਰੂਥੀ ਨਾਲ ਸਬੰਧਤ ਇਕ ਹੋਰ ਮਾਮਲੇ 'ਚ ਥਾਣਾ ਵੈਰੋਕਾ ਪੁਲਸ ਨੇ 2 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਪਤੀ-ਪਤਨੀ ਅਤੇ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਨਾਮਜ਼ਦ ਦੋਸ਼ੀਆਂ 'ਚ ਹਰਪ੍ਰੀਤ ਸਿੰਘ ਪਰੂਥੀ, ਚਰਨਦਾਸ ਉਰਫ ਲਾਲੀ ਪੁੱਤਰ ਬਖਸ਼ੀ ਰਾਮਾ ਵਾਸੀ ਜੀਵਾਂ ਅਰਾਈ, ਬਚਨੋ ਬਾਈ ਪਤਨੀ ਪਾਲਾ ਸਿੰਘ ਵਾਸੀ ਕਟੈਹੜਾ ਅਤੇ ਪਾਲਾ ਸਿੰਘ ਪੁੱਤਰ ਬੱਗਾ ਸਿੰਘ ਵਾਸੀ ਕਟੈਹੜਾ ਵਿਰੁੱਧ ਧਾਰਾ 384,389,420,120ਬੀ ਅਤੇ 506 ਅਧੀਨ ਦਰਜ ਕੀਤਾ ਗਿਆ ਹੈ। ਬੁੱਧਵਾਰ ਨੂੰ ਡੀ.ਐਸ.ਪੀ. ਜਸਪਾਲ ਸਿੰਘ ਢਿੱਲੋ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 3 ਮਾਰਚ 2020 ਨੂੰ ਕੁਲਵੰਤ ਸਿੰਘ ਪੁੱਤਰ ਰਤਨ ਸਿੰਘ ਵਾਸੀ ਤਾਰੇ ਵਾਲਾ ਉਰਫ ਰੋੜਾਂਵਾਲਾ ਥਾਣਾ ਵੈਰੋਕਾ ਨੇ ਉਕਤਾਨ ਦੋਸ਼ੀਆਂ ਖਿਲਾਫ ਠੱਗੀ ਦੀ ਸ਼ਿਕਾਇਤ ਦਿੱਤੀ ਸੀ।

ਕੁਲਵੰਤ ਸਿੰਘ ਮੁਤਾਬਕ ਮਿਤੀ 08-02-2020 ਨੂੰ ਚਰਨਦਾਸ ਉਰਫ ਲਾਲੀ ਨੇ ਕੁਲਵੰਤ ਸਿੰਘ ਨੂੰ ਫੋਨ ਕੀਤਾ ਬਚਨੋ ਬਾਈ ਪਤਨੀ ਪਾਲਾ ਸਿੰਘ ਵਾਸੀ ਕਟੈਹੜਾ ਵਲੋਂ ਬਲਾਤਕਾਰ ਦੀ ਸ਼ਿਕਾਇਤ ਥਾਣਾ ਵੈਰੋਕਾ 'ਚ ਦੇਣ ਸਬੰਧੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਰਾਜੀਨਾਮੇ ਲਈ ਹਰਪ੍ਰੀਤ ਸਿੰਘ ਪਰੂਥੀ ਵਕੀਲ ਨਾਲ ਗੱਲਬਾਤ ਕਰਨ ਲਈ ਕਿਹਾ ਅਤੇ ਇਸ ਤੋਂ ਬਾਅਦ ਉਹ ਰਿਸ਼ਤੇਦਾਰ ਨੂੰ ਨਾਲ ਲੈ ਕੇ ਹਰਪ੍ਰੀਤ ਪਰੂਥੀ ਦੇ ਦਫਤਰ ਪਹੁੰਚਿਆ ਜਿੱਥੇ ਹਰਪ੍ਰੀਤ ਸਿੰਘ ਅਤੇ ਉਕਤਾਨ ਦੋਸ਼ੀ ਬੈਠੇ ਸਨ ਨੇ ਜਾਣਕਾਰੀ ਦਿੱਤੀ ਕਿ ਬਚਨੋ ਬਾਈ ਦਾ ਮੁਲਾਜਹਾ ਕਰਵਾ ਲਿਆ ਹੈ ਅਤੇ ਜੇ ਰਾਜੀਨਾਮਾ ਕਰਨਾ ਹੈ ਤਾਂ 25 ਲੱਖ ਰੁਪਏ ਦੇਣ ਪੈਣਗੇ। ਰਾਜੀਨਾਮੇ ਲਈ 10 ਲੱਖ ਰੁਪਏ 'ਚ ਗੱਲਬਾਤ ਤੈਅ ਹੋ ਗਈ ਅਤੇ 50 ਹਜ਼ਾਰ ਰੁਪਏ ਪਰੂਥੀ ਵਕੀਲ ਨੂੰ ਦੇ ਦਿੱਤੇ ਅਤੇ ਡੇਢ ਲੱਖ ਰੁਪਏ 9 ਫਰਵਰੀ 2020 ਨੂੰ ਚਰਨ ਦਾ ਅਤੇ ਪਾਲਾ ਸਿੰਘ ਨੂੰ ਪਰੂਥੀ ਵਕੀਲ ਦੇ ਸਾਮ੍ਹਣੇ ਦਿੱਤੇ ਅਤੇ ਬਾਕੀ ਰਕਮ ਦਾ ਪ੍ਰਬੰਧ ਕਰਨ ਲਈ ਕਿਹਾ।

ਡੀਐਸਪੀ ਨੇ ਦੱਸਿਆ ਕਿ 29 ਫਰਵਰੀ ਨੂੰ ਜਦ ਸ਼ਿਕਾਇਤ ਰਾਜੀਨਾਮੇ ਲਈ ਬਾਕੀ ਰਕਮ ਲੈ ਕੇ ਕਚਿਹਰੀ ਪਹੁੰਚਿਆ ਤਾਂ ਉਥੋਂ ਪਤਾ ਲੱਗਿਆ ਕਿ ਹਰਪ੍ਰੀਤ ਸਿੰਘ ਅਤੇ ਕੁੱਝ ਹੋਰਾਂ ਨੂੰ ਪੁਲਿਸ ਚੁੱਕ ਕੇ ਲੈ ਗਈ ਹੈ। ਜਿਸ ਤੋਂ ਬਾਅਦ ਉਸਨੂੰ ਸਾਫ ਹੋ ਗਿਆ ਕਿ ਹਰਪ੍ਰੀਤ ਸਿੰਘ, ਚਰਨਦਾਸ, ਪਾਲਾ ਸਿੰਘ ਅਤੇ ਬਚਨੋ ਬਾਈ ਨੇ ਉਸਨਾਲ ਠੱਗੀ ਕੀਤੀ ਹੈ ਅਤੇ ਇਸ ਤੋ ਬਾਅਦ ਠੱਗੀ ਦੀ ਸ਼ਿਕਾਇਤ ਪੁਲਿਸ ਕੋਲ ਪਹੁੰਚੀ ਅਤੇ ਪੁਲਿਸ ਨੇ ਉਕਤਾਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਡੀਐਸਪੀ ਨੇ ਦੱਸਿਆ ਕਿ ਚਰਨਦਾਸ ਉਰਫ ਲਾਲੀ ਤੇ ਪਹਿਲਾਂ ਵੀ ਥਾਣਾ ਗੁਰੂਹਰਸਹਾਏ 'ਚ ਦੋ ਮੁਕੱਦਮੇ ਦਰਜ ਕਰਵਾਏ ਹਨ ਜਿਸ 'ਚ 3 ਲੱਖ ਰੁਪਇਆ ਉਕਤ ਦੋਸ਼ੀ ਵਲੋਂ ਰਾਜੀਨਾਮੇ ਦੇ ਨਾਅ ਤੇ ਵਸੂਲਿਆ ਗਿਆ ਹੈ। ਡੀ.ਐਸ.ਪੀ. ਨੇ ਦੱਸਿਆ ਉਕਤ ਦੋਸ਼ੀਆਂ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਅਤੇ ਰਿਮਾਂਡ ਲੈਣ ਤੋਂ ਬਾਅਦ ਹੋਰ ਪੜਤਾਲ ਕੀਤੀ ਜਾਵੇਗੀ।

ਆਖਿਰਕਾਰ ਥਾਣੇ ਦੇ ਸਾਮ੍ਹਣੇ ਕਿਵੇਂ ਹੋ ਸਕਦਾ ਹੈ ਬਲਾਤਕਾਰ
ਡੀਐਸਪੀ ਨੇ ਦੱਸਿਆ ਕਿ ਉਕਤ ਮਾਮਲੇ 'ਚ ਕਈ ਪਹਿਲੂ ਸ਼ੱਕੀ ਸਨ ਕਿਉਂਕਿ ਔਰਤ ਕਰੀਬ 50 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਆਖਿਰਕਾਰ ਇੱਕ ਪਿੰਡ ਦੇ ਡਾਕਟਰ ਕੋਲ ਬਵਾਸੀਰ ਦੀ ਦਵਾਈ ਲੈਣ ਕਿਵੇਂ ਪਹੁੰਚੀ ਅਤੇ ਦੂਜਾ ਪੜਤਾਲ 'ਚ ਪਤਾ ਲੱਗਿਆ ਕਿ ਡਾਕਟਰ ਦੇ ਕਲੀਨਿਕ 'ਚ ਉਸਦੀਆਂ ਬੇਟੀਆਂ ਵੀ ਮੌਜੂਦ ਹੁੰਦੀਆਂ ਹਨ ਅਤੇ ਸਾਮ੍ਹਣੇ ਹੀ ਥਾਣਾ ਵੈਰੋਕਾ ਹੈ ਅਤੇ ਰੋਜਾਨਾ ਵੱਡੀ ਗਿਣਤੀ 'ਚ ਉਥੋਂ ਲੋਕ ਲੰਘਦੇ ਹਨ ਅਜਿਹੀ ਸਥਿੱਤੀ 'ਚ ਬਲਾਤਕਾਰ ਕਿਸ ਤਰ੍ਹਾਂ ਹੋ ਸਕਦਾ ਹੈ। ਡੀਐਸਪੀ ਨੇ ਦੱਸਿਆ ਕਿ ਅਜਿਹੇ ਝੂਠੇ ਮਾਮਲੇ ਦਰਜ ਕਰਵਾਉਣ ਵਾਲਿਆਂ ਖਿਲਾਫ ਕਾਰਵਾਈ ਜਾਰੀ ਰਹੇਗੀ।

ਕੀ ਕਹਿਣਾ ਸੀ ਦੋਸ਼ੀ ਚਰਨਦਾਸ ਉਰਫ ਲਾਲੀ ਦਾ
ਉਧਰ ਦੋਸ਼ੀ ਚਰਨਦਾਸ ਉਰਫ ਲਾਲੀ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਉਕਤ ਵਿਅਕਤੀ ਜਥੇਬੰਦੀ ਨਾਲ ਸਬੰਧਤ ਸੀ ਅਤੇ ਉਸਤੇ ਰਾਜੀਨਾਮੇ ਲਈ ਦਬਾਅ ਬਣਾਇਆ ਗਿਆ ਸੀ, ਉਸਨੇ ਦੱਸਿਆ ਕਿ ਇਸ ਗਿਰੋਹ 'ਚ ਕੁੱਝ ਪੁਲਿਸ ਮੁਲਾਜਿਮ, ਦੋ ਡਾਕਟਰ ਤੇ ਕੁੱਝ ਰਾਜਨੀਤਿਕ ਲੋਕ ਹਨ ਜਿੰਨ੍ਹਾਂ ਉਸਨੇ ਪੂਰੀ ਤਰ੍ਹਾਂ ਖੁਲਾਸਾ ਨਹੀਂ ਕੀਤਾ। ਉਸਨੇ ਦੱਸਿਆ ਕਿ ਇਸ ਸੰਬੰਧੀ ਉਸਨੇ ਡੀਐਸਪੀ ਨੂੰ ਜਾਣਕਾਰੀ ਦਿੱਤੀ ਹੈ। ਇਲਾਕੇ ਅੰਦਰ ਧਾਰਾ 376 ਦੇ ਹੋ ਰਹੀ ਦੁਰਵਰਤੋ ਇਸ ਗੱਲ ਦੀ ਗਵਾਹੀ ਦਿੰਦੀ ਹੈ ਕਿ ਉਹ ਪਰਤ ਦਰ ਪਰਤ ਮਾਮਲੇ ਸਾਮ੍ਹਣੇ ਆ ਰਹੇ ਹਨ ਜਿੰਨ੍ਹਾਂ 'ਚ ਲੋਕਾਂ ਨੂੰ ਸੈਕਸ ਜਾਲ ਵਿੱਚ ਫਸਾ ਕੇ ਲੱਖਾਂ ਰੁਪਏ ਇਸ ਗਿਰੋਹ ਵਲੋਂ  ਵਸੂਲ ਕੀਤੇ ਗਏ ਹਨ ਪਰ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਜਦੋ ਕੋਈ ਔਰਤ ਪੈਸਿਆਂ ਦੀ ਖਾਰਿਤ ਬਲੈਕਮੇਲ ਕਰਨ ਲਈ ਥਾਣੇ ਸ਼ਿਕਾਇਤ ਦਿੰਦੀ ਹੈ ਤਾਂ ਰਾਜੀਨਾਮੇ ਤੋਂ ਬਾਅਦ ਪੁਲਿਸ ਉਸ ਮਾਮਲੇ ਦੀ ਤੈਅ ਤੱਕ ਕਿਉਂ ਨਹੀਂ ਜਾਂਦੀ ਕਿਉਂਕਿ ਰਾਜੀਨਾਮੇ ਤੋਂ ਬਾਅਦ 376 ਦਾ ਮਾਮਲਾ ਰਫਾ ਦਫਾ ਹੋ ਜਾਂਦਾ ਹੈ ਕਿ ਸਿਰਫ ਪੈਸੇ ਲੈ ਕੇ ਇਨਸਾਫ ਪੂਰਾ ਹੋ ਜਾਂਦਾ ਹੈ ਅਤੇ  ਫਿਰ ਇਹੀ ਗਿਰੋਹ ਅੱਗੇ ਕਿਸੇ ਵਿਅਕਤੀ ਨੂੰ ਸ਼ਿਕਾਰ ਬਣਾਉਂਦਾ ਹੈ।

Shyna

This news is Content Editor Shyna