ਪਤਨੀ ਤੋਂ ਦੁਖੀ ਹੋਮਗਾਰਡ ਮੁਲਾਜ਼ਮ ਨੇ ਕੀਤੀ ਖੁਦਕੁਸ਼ੀ

11/09/2019 7:15:59 PM

ਮੋਗਾ, (ਆਜ਼ਾਦ)— ਬਾਘਾ ਪੁਰਾਣਾ ਪੁਲਸ ਸਟੇਸ਼ਨ ਵਿਖੇ ਤਾਇਨਾਤ ਹੋਮਗਾਰਡ ਬਲਵਿੰਦਰ ਸਿੰਘ (55) ਵਾਸੀ ਪਿੰਡ ਹਰੀਏਵਾਲਾ ਹਾਲ ਆਬਾਦ ਬਾਘਾ ਪੁਰਾਣਾ ਵਲੋਂ ਆਪਣੀ ਪਤਨੀ ਤੋਂ ਤੰਗ ਆ ਕੇ ਆਪਣੇ ਘਰ 'ਚ ਕੋਈ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਬਾਘਾ ਪੁਰਾਣਾ ਪੁਲਸ ਵਲੋਂ ਮ੍ਰਿਤਕ ਦੇ ਭਰਾ ਜੋ ਪੁਲਸ ਮੁਲਾਜ਼ਮ ਮਹਿੰਦਰ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਪਿੰਡ ਹਰੀਏਵਾਲਾ ਹਾਲ ਆਬਾਦ ਜੀਰਕਪੁਰ (ਮੋਹਾਲੀ) ਦੀ ਸ਼ਿਕਾਇਤ 'ਤੇ ਮ੍ਰਿਤਕ ਦੀ ਪਤਨੀ ਖਿਲਾਫ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਜਾਣਕਾਰੀ ਅਨੁਸਾਰ ਮਹਿੰਦਰ ਸਿੰਘ ਨੇ ਕਿਹਾ ਕਿ ਉਸਦਾ ਭਰਾ ਬਲਵਿੰਦਰ ਸਿੰਘ ਜੋ ਹੋਮਗਾਰਡ ਮੁਲਾਜ਼ਮ ਸੀ ਤੇ ਥਾਣਾ ਬਾਘਾ ਪੁਰਾਣਾ 'ਚ ਡਿਉਟੀ ਕਰਦਾ ਸੀ। ਉਸਨੇ ਕਿਹਾ ਕਿ ਉਸ ਨੂੰ ਉਸ ਦੇ ਭਰਾ ਬਲਵਿੰਦਰ ਸਿੰਘ ਦਾ ਪਿਛਲੇ ਦਿਨੀਂ 8 ਨਵੰਬਰ ਨੂੰ 2 ਵਜੇ ਦੇ ਕਰੀਬ ਫੋਨ ਆਇਆ ਕਿ ਉਹ ਆਪਣੀ ਪਤਨੀ ਤੋਂ ਤੰਗ ਹੈ ਤੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਨ ਕਰਨ ਦੇ ਇਲਾਵਾ ਘਰ ਦਾ ਕੰਮ ਵੀ ਖੁਦ ਕਰਦਾ ਹੈ। ਉਸਨੇ ਕਿਹਾ ਕਿ ਉਸ ਦੀ ਪਤਨੀ ਕਮਲਜੀਤ ਕੌਰ ਦੇ ਕਈ ਗਲਤ ਔਰਤਾਂ ਨਾਲ ਸੰਬੰਧ ਹਨ ਤੇ ਉਹ ਔਰਤਾਂ ਉਨਾਂ ਦੇ ਘਰ ਆ ਕੇ ਉਸ ਨੂੰ ਡਰਾ ਧਮਕਾ ਰਹੀਆਂ ਹਨ। ਉਹ ਕੋਈ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਵੇਗਾ। ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਤਾਂ ਸ਼ਾਮ ਨੂੰ 5 ਵਜੇ ਉਸ ਦੇ ਭਤੀਜੇ ਆਕਾਸ਼ਦੀਪ ਸਿੰਘ ਦਾ ਫੋਨ ਆਇਆ ਤੇ ਉਸਨੇ ਕਿਹਾ ਕਿ ਉਸ ਦੇ ਡੈਡੀ ਨੇ ਕੋਈ ਜ਼ਹਿਰੀਲੀ ਦਵਾਈ ਪੀ ਲਈ ਹੈ ਤੇ ਉਸਦੀ ਹਾਲਤ ਖਰਾਬ ਹੋ ਗਈ ਹੈ। ਜਿਸਨੂੰ ਤੁਰੰਤ ਹਸਪਤਾਲ ਪਹੁੰਚਾਇਆ ਜਿੱਥੇ ਉਸਨੇ ਦਮ ਤੋੜ ਦਿੱਤਾ। ਉਸਨੇ ਕਿਹਾ ਕਿ ਉਸ ਦੇ ਭਰਾ ਬਲਵਿੰਦਰ ਸਿੰਘ ਨੇ ਆਪਣੀ ਪਤਨੀ ਕਮਲਜੀਤ ਕੌਰ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਖਤਮ ਕੀਤੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗੁਰਤੇਜ ਸਿੰਘ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ 'ਤੇ ਉੱਥੇ ਪਹੁੰਚੇ ਤੇ ਆਸਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ। ਉਨ੍ਹਾਂ ਨੇ ਕਿਹਾ ਕਿ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਕਰਵਾਉਣ ਦੇ ਬਾਅਦ ਪਰਿਵਾਰ ਵਾਲਿਆਂ ਨੂੰ ਸੋਂਪ ਦਿੱਤਾ ਗਿਆ ਹੈ। ਉਕਤ ਦੋਸ਼ੀ ਔਰਤ ਨੂੰ ਕਾਬੂ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
 

KamalJeet Singh

This news is Content Editor KamalJeet Singh